ਬੰਗਾ 12 ਏਕੜ ਜ਼ਮੀਨ 90 ਸਾਲਾਂ ਲਈ ਮਾਮੂਲੀ ਠੇਕੇ ’ਤੇ ਦੇਣ ਅਤੇ ਕਰੋੜਾਂ ਦੀ ਸਰਕਾਰੀ ਜਾਇਦਾਦ ਨਿੱਜੀ ਕੰਪਨੀ ਹਵਾਲੇ ਕਰਨ ਦੀ ਪ੍ਰਕਿਰਿਆ ਜਨਤਕ ਕਰੇ ਸਰਕਾਰ : ਤਲਵਾੜ ਦੇ ਬੰਗਾ 12 ਏਕੜ ਜ਼ਮੀਨ 90 ਸਾਲਾਂ ਲਈ ਮਾਮੂਲੀ ਠੇਕੇ ’ਤੇ ਦੇਣ ਅਤੇ ਕਰੋੜਾਂ ਦੀ ਸਰਕਾਰੀ ਜਾਇਦਾਦ ਨਿੱਜੀ ਕੰਪਨੀ ਹਵਾਲੇ ਕਰਨ ਦੀ ਪ੍ਰਕਿਰਿਆ ਜਨਤਕ ਕਰੇ ਸਰਕਾਰ : ਤਲਵਾੜ
ਹੁਸ਼ਿਆਰਪੁਰ, 12 ਨਵੰਬਰ (ਤਰਸੇਮ ਦੀਵਾਨਾ) – ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਅਤੇ ਪੰਜਾਬ ਵਪਾਰ ਤੇ ਸਨਅਤ ਸੈੱਲ ਦੀ ਕੋਰ ਕਮੇਟੀ ਦੇ ਮੈਂਬਰ ਸੰਜੀਵ ਤਲਵਾੜ ਨੇ ਨਵਾਂਸ਼ਹਿਰ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਨਾਮ ’ਤੇ ਬਣਨ ਜਾ ਰਹੇ ਮੈਡੀਕਲ ਕਾਲਜ ਅਤੇ ਇਸ ਨਾਲ ਸਬੰਧਤ ਹਸਪਤਾਲ ਨੂੰ ਠੇਕੇ ’ਤੇ ਦੇਣ ਲਈ ਸਰਕਾਰ ਵੱਲੋਂ ਜਾਰੀ ਕੀਤੇ ਟੈਂਡਰ ਦੀ ਪ੍ਰਕਿਰਿਆ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਉਂਦਿਆਂ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦੀ ਸਰਕਾਰੀ ਜਾਇਦਾਦ ਨੂੰ ਲੰਬੇ ਸਮੇਂ ਲਈ ਮਾਮੂਲੀ ਠੇਕਾ ਰਕਮ ’ਤੇ ਦੇਣ ਦਾ ਫੈਸਲਾ ਸਰਕਾਰੀ ਖਜ਼ਾਨੇ ਦੇ ਹਿੱਤਾਂ ਨਾਲ ਜੁੜਿਆ ਬੇਹੱਦ ਗੰਭੀਰ ਮਾਮਲਾ ਹੈ, ਜਿਸ ਦਾ ਸਰਕਾਰ ਨੂੰ ਪੰਜਾਬ ਦੇ ਲੋਕਾਂ ਸਾਹਮਣੇ ਸਪੱਸ਼ਟ ਜਵਾਬ ਦੇਣਾ ਚਾਹੀਦਾ ਹੈ।
ਸੰਜੀਵ ਤਲਵਾੜ ਨੇ ਕਿਹਾ ਕਿ ਸਰਕਾਰ ਵੱਲੋਂ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਟੈਂਡਰ ਦੀਆਂ ਸ਼ਰਤਾਂ ਅਨੁਸਾਰ ਲਗਭਗ 12 ਏਕੜ ਕੀਮਤੀ ਜ਼ਮੀਨ 90 ਸਾਲਾਂ ਲਈ ਠੇਕੇ ’ਤੇ ਦੇਣ ਦੀ ਵਿਵਸਥਾ ਕੀਤੀ ਗਈ ਹੈ, ਜਦਕਿ ਇਸ ਦੀ ਘੱਟੋ-ਘੱਟ ਸਾਲਾਨਾ ਠੇਕਾ ਰਕਮ ਸਿਰਫ਼ ਇੱਕ ਲੱਖ ਰੁਪਏ ਰੱਖੀ ਗਈ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀਮਤੀ ਸਰਕਾਰੀ ਜ਼ਮੀਨ ਦੀ ਇੰਨੀ ਲੰਬੀ ਮਿਆਦ ਲਈ ਵਰਤੋਂ ਦੇ ਬਦਲੇ ਤੈਅ ਕੀਤੀ ਗਈ ਇਹ ਰਕਮ ਕਿਸ ਆਧਾਰ ’ਤੇ ਨਿਰਧਾਰਤ ਕੀਤੀ ਗਈ ਹੈ?
ਉਨ੍ਹਾਂ ਕਿਹਾ ਕਿ ਮਾਮਲਾ ਸਿਰਫ਼ ਜ਼ਮੀਨ ਤੱਕ ਹੀ ਸੀਮਤ ਨਹੀਂ, ਸਗੋਂ ਇਸ ਨਾਲ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਹਸਪਤਾਲ ਦੀ ਇਮਾਰਤ ਅਤੇ ਆਧੁਨਿਕ ਸਿਹਤ ਸਹੂਲਤਾਂ ਵੀ ਜੁੜੀਆਂ ਹੋਈਆਂ ਹਨ। ਹਸਪਤਾਲ ਵਿੱਚ ਲਗਭਗ 1 ਲੱਖ 40 ਹਜ਼ਾਰ ਵਰਗ ਫੁੱਟ ਦਾ ਨਿਰਮਾਣ ਮੌਜੂਦ ਹੈ। ਇਸ ਵਿੱਚੋਂ 40 ਹਜ਼ਾਰ ਵਰਗ ਫੁੱਟ ਦੀ ਨਵੀਂ ਇਮਾਰਤ ਲਗਭਗ 12 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ, ਜਦਕਿ ਬਾਕੀ ਇੱਕ ਲੱਖ ਵਰਗ ਫੁੱਟ ਦੇ ਕਰੀਬ ਪੁਰਾਣੇ ਨਿਰਮਾਣ ਦਾ ਕੰਮ ਸਾਲ 2014 ਵਿੱਚ ਹੋਇਆ ਸੀ, ਜਿਸ ਦੀ ਮੌਜੂਦਾ ਅਨੁਮਾਨਿਤ ਕੀਮਤ ਲਗਭਗ 50 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਤਲਵਾੜ ਅਨੁਸਾਰ ਹਸਪਤਾਲ ਵਿੱਚ 100 ਬੈੱਡਾਂ ਦੀ ਮਨਜ਼ੂਰੀ ਹੋਣ ਦੇ ਬਾਵਜੂਦ 170 ਬੈੱਡ ਕਾਰਜਸ਼ੀਲ ਹਨ। ਇਸ ਤੋਂ ਇਲਾਵਾ ਨਵੀਂ ਇਮਾਰਤ ਵਿੱਚ ਕ੍ਰਿਟੀਕਲ ਕੇਅਰ ਵਰਗੀਆਂ ਮਹੱਤਵਪੂਰਨ ਸਿਹਤ ਸਹੂਲਤਾਂ ਵੀ ਤਿਆਰ ਕੀਤੀਆਂ ਗਈਆਂ ਹਨ। ਅਜਿਹੇ ਵਿੱਚ ਇੰਨੀ ਵੱਡੀ ਜਾਇਦਾਦ ਅਤੇ ਸਿਹਤ ਸੇਵਾਵਾਂ ਨਾਲ ਸਬੰਧਤ ਸੰਪਤੀ ਨੂੰ ਨਿੱਜੀ ਕੰਪਨੀ ਦੇ ਹਵਾਲੇ ਕਰਨ ਲਈ ਰੱਖੀ ਗਈ ਘੱਟੋ-ਘੱਟ ਸਾਲਾਨਾ ਠੇਕਾ ਰਕਮ ’ਤੇ ਸਵਾਲ ਉੱਠਣੇ ਸੁਭਾਵਿਕ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਉਪਲਬਧ ਜਾਣਕਾਰੀ ਅਨੁਸਾਰ ਇੰਡੋਜ਼ ਨਾਮ ਦੀ ਕੰਪਨੀ ਨੂੰ ਇਹ ਠੇਕਾ ਦਿੱਤਾ ਜਾ ਚੁੱਕਾ ਹੈ। ਪਰ ਸਰਕਾਰ ਵੱਲੋਂ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਕੰਪਨੀ ਨੇ ਟੈਂਡਰ ਵਿੱਚ ਕਿੰਨੀ ਬੋਲੀ ਲਗਾਈ, ਘੱਟੋ-ਘੱਟ ਨਿਰਧਾਰਤ ਰਕਮ ਤੋਂ ਕਿੰਨੀ ਵੱਧ ਪੇਸ਼ਕਸ਼ ਕੀਤੀ ਅਤੇ ਕੰਪਨੀ ਦੀ ਚੋਣ ਕਿਹੜੇ ਮਾਪਦੰਡਾਂ ਦੇ ਆਧਾਰ ’ਤੇ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਟੈਂਡਰ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੈ ਤਾਂ ਸਰਕਾਰ ਨੂੰ ਇਸ ਨਾਲ ਸਬੰਧਤ ਵੇਰਵੇ ਜਨਤਕ ਕਰਨ ਤੋਂ ਕੋਈ ਝਿਜਕ ਨਹੀਂ ਹੋਣੀ ਚਾਹੀਦੀ।
ਸੰਜੀਵ ਤਲਵਾੜ ਨੇ ਮੰਗ ਕੀਤੀ ਕਿ ਸਰਕਾਰ ਟੈਂਡਰ ਦੀਆਂ ਸਾਰੀਆਂ ਸ਼ਰਤਾਂ, ਪ੍ਰਾਪਤ ਹੋਈਆਂ ਬੋਲੀਆਂ, ਸਫਲ ਕੰਪਨੀ ਵੱਲੋਂ ਦਿੱਤੀ ਗਈ ਅੰਤਿਮ ਰਕਮ, ਠੇਕੇ ਦੀਆਂ ਸ਼ਰਤਾਂ, ਜ਼ਮੀਨ ਅਤੇ ਇਮਾਰਤ ਦੀ ਮੁਲਾਂਕਣ ਰਿਪੋਰਟ ਸਮੇਤ ਪੂਰਾ ਰਿਕਾਰਡ ਜਨਤਕ ਕਰੇ। ਉਨ੍ਹਾਂ ਕਿਹਾ ਕਿ ਸਰਕਾਰੀ ਜਾਇਦਾਦ ਕਿਸੇ ਦੀ ਨਿੱਜੀ ਮਲਕੀਅਤ ਨਹੀਂ, ਸਗੋਂ ਪੰਜਾਬ ਦੇ ਲੋਕਾਂ ਦੀ ਸਾਂਝੀ ਸੰਪਤੀ ਹੈ। ਇਸ ਲਈ ਇਸ ਨਾਲ ਸਬੰਧਤ ਹਰ ਫੈਸਲਾ ਲੋਕ ਹਿੱਤ ਅਤੇ ਸਰਕਾਰੀ ਖਜ਼ਾਨੇ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣ ਦੇ ਆਧਾਰ ’ਤੇ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਦੇ ਨਾਮ ਅਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਆਪਣੀ ਸਿਆਸਤ ਦਾ ਅਹਿਮ ਹਿੱਸਾ ਬਣਾਇਆ ਸੀ, ਪਰ ਅੱਜ ਉਸੇ ਮਹਾਨ ਸ਼ਹੀਦ ਦੇ ਨਾਮ ’ਤੇ ਬਣਨ ਵਾਲੇ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਜਾਇਦਾਦ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਇਹ ਬੇਹੱਦ ਮੰਦਭਾਗਾ ਹੈ ਕਿ ਸਰਕਾਰ ਦੇ ਫੈਸਲਿਆਂ ਕਾਰਨ ਸਰਕਾਰੀ ਸੰਪਤੀ ਦੀ ਕੀਮਤ ਅਤੇ ਉਸ ਤੋਂ ਹੋਣ ਵਾਲੀ ਆਮਦਨ ਬਾਰੇ ਲੋਕਾਂ ਨੂੰ ਸਪੱਸ਼ਟੀਕਰਨ ਮੰਗਣਾ ਪੈ ਰਿਹਾ ਹੈ।
ਤਲਵਾੜ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਰਕਾਰ ਦੀਆਂ ਨੀਤੀਆਂ ਅਤੇ ਸਰਕਾਰੀ ਸੌਦਿਆਂ ’ਤੇ ਨਜ਼ਰ ਰੱਖਣੀ ਚਾਹੀਦੀ ਹੈ। ਸਰਕਾਰ ਨੂੰ ਜਵਾਬਦੇਹ ਬਣਾਉਣਾ ਲੋਕਤੰਤਰ ਦਾ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਅਤੇ ਸਰਕਾਰੀ ਖਜ਼ਾਨੇ ਦੀ ਸੁਰੱਖਿਆ ਲਈ ਅਜਿਹੇ ਮਾਮਲਿਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਲਿਆਉਣਾ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਕੇ ਸੋਚ-ਸਮਝ ਕੇ ਫੈਸਲਾ ਲੈਣ ਅਤੇ ਮੌਜੂਦਾ ਸਰਕਾਰ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਡਾ. ਸਤਵਿੰਦਰ ਸਿੰਘ ਬਿੱਟੂ ਵੀ ਹਾਜ਼ਰ ਸਨ।

