ਮੁਹਾਲੀ ਵਿਖੇ ਹੋਏ ਸਨਮਾਨ ਸਮਾਗਮ ਦੌਰਾਨ ਡਿਜ਼ੀਟਲ ਦੀਦੀ ਤੇ ਸੇਵਾ ਟੂ ਸੈਲਫ਼ ਰਿਲਾਇੰਸ ਕੈਟਾਗਰੀ ’ਚ ਕੀਤਾ ਸਨਮਾਨ ਹਾਸਲ
ਜਲੰਧਰ 19 ਮਾਰਚ (ਜਸਵਿੰਦਰ ਸਿੰਘ ਆਜ਼ਾਦ)- ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕਰਨ ਲਈ ਮੁਹਾਲੀ ਵਿਖੇ ਕਰਵਾਏ ਗਏ ਸਨਮਾਨ ਸਮਾਗਮ ਦੌਰਾਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਪਾਸੋਂ ਸਨਮਾਨ ਹਾਸਲ ਕਰਨ ਵਾਲੀਆਂ ਮਹਿਲਾ ਉੱਦਮੀਆਂ ਵਿੱਚ 3 ਜ਼ਿਲ੍ਹਾ ਜਲੰਧਰ ਨਾਲ ਸਬੰਧਤ ਮਹਿਲਾ ਉੱਦਮੀ ਵੀ ਸ਼ਾਮਲ ਹਨ।
ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ. ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਪੱਧਰੀ ਸਮਾਗਮ ਦੌਰਾਨ ਪੂਜਾ ਪੁੱਤਰੀ ਸੰਜੀਵ ਕੁਮਾਰ ਪਿੰਡ ਭੰਗਾਲਾ ਬਲਾਕ ਨੂਰਮਹਿਲ ਨੂੰ ਡਿਜ਼ੀਟਲ ਦੀਦੀ ਕੈਟਾਗਰੀ ਲਈ, ਅੰਜਲੀ ਪੁੱਤਰੀ ਨਛੱਤਰ ਪਿੰਡ ਪੂਨੀਆ ਬਲਾਕ ਸ਼ਾਹਕੋਟ ਨੂੰ ਸੇਵਾ ਟੂ ਸੈਲਫ਼ ਰਿਲਾਇੰਸ ਅਤੇ ਮੋਨਿਕਾ ਪੁੱਤਰੀ ਗੁਰਮੇਲ ਸਿੰਘ ਵਾਸੀ ਪਿੰਡ ਮਾਣਕੋ ਬਲਾਕ ਆਦਮਪੁਰ ਨੂੰ ਸੇਵਾ ਟੂ ਸੈਲਫ਼ ਰਿਲਾਇੰਸ ਕੈਟਾਗਰੀ ਵਿੱਚ ਵਧੀਆ ਅਤੇ ਸ਼ਲਾਘਾਯੋਗ ਕਾਰਗੁਜ਼ਾਰੀ ਲਈ ਸਨਮਾਨ ਪ੍ਰਾਪਤ ਹੋਇਆ ਹੈ।
ਇਨ੍ਹਾਂ ਮਹਿਲਾ ਉੱਦਮੀਆਂ ਨੂੰ ਸਰਕਾਰ ਵੱਲੋਂ ਸਨਮਾਨ ਪੱਤਰ, ਟਰਾਫੀ ਅਤੇ 25000-25000 ਰੁਪਏ ਦਾ ਚੈੱਕ ਸਨਮਾਨ ਵਜੋਂ ਦਿੱਤੇ ਗਏ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹਲਕਾ ਪੱਧਰ ਅਤੇ ਜ਼ਿਲ੍ਹਾ ਪੱਧਰ ’ਤੇ ਵੀ ਅੰਤਰਰਾਸ਼ਟਰੀ ਮਹਿਲਾ ਦਿਵਸ ਸਬੰਧੀ ਸਮਾਗਮ ਕਰਵਾਏ ਗਏ ਹਨ, ਜਿਸ ਦੌਰਾਨ ਵੱਖ-ਵੱਖ ਕੈਟਾਗਰੀਜ਼ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਵਾਲੀਆ 100-100 ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ ਨੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਿਸ਼ਨ ਤਹਿਤ ਪੇਂਡੂ ਖੇਤਰਾਂ ਦੀਆਂ ਗਰੀਬ ਔਰਤਾਂ ਨੂੰ ਸਵੈ ਸਹਾਇਤਾ ਸਮੂਹਾਂ ਨਾਲ ਜੋੜ ਕੇ ਉਨ੍ਹਾਂ ਦੇ ਜੀਵਨ ਪੱਧਰ, ਆਰਥਿਕ ਅਤੇ ਸਮਾਜਿਕ ਪੱਧਰ ਨੂੰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਵਧੀਆ ਕਾਰਗੁਜ਼ਾਰੀ ਵਾਲੇ ਸਵੈ ਸਹਾਇਤਾ ਸਮੂਹਾਂ ਨੂੰ ਰਿਵਾਲਵਿੰਗ ਫੰਡ ਦੇ ਤੌਰ ’ਤੇ 30000 ਰੁਪਏ ਅਤੇ ਕਮਿਊਨਟੀ ਇਨਵੈਸਟਮੈਂਟ ਫੰਡ ਦੇ ਤੌਰ ’ਤੇ 50000 ਰੁਪਏ ਪ੍ਰਤੀ ਗਰੁੱਪ ਦੇ ਹਿਸਾਬ ਨਾਲ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਇਸ ਤੋਂ ਇਲਾਵਾ ਇਨ੍ਹਾਂ ਗਰੁੱਪਾਂ ਨੂੰ ਸੀ.ਸੀ.ਐਲ. ਮੁਹੱਈਆ ਕਰਵਾ ਕੇ ਲਾਇਵਲੀਹੁੱਡ ਨਾਲ ਜੁੜੇ ਕੰਮ ਧੰਦਿਆਂ ਜਿਵੇਂ ਸਕੂਲੀ ਵਰਦੀਆਂ ਦੀ ਸਿਲਾਈ, ਐਗਰੀ ਨਿਯੂਟਰੀ ਗਾਰਡਨ, ਵੇਰਕਾ ਨਾਲ ਕੰਨਵਰਜੈਂਸ ਕਰਕੇ ਡੇਅਰੀ ਦੇ ਕੰਮ ਨਾਲ ਜੋੜਿਆ ਜਾਂਦਾ ਹੈ ਤਾਂ ਜੋ ਸਵੈ ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਦਾ ਜੀਵਨ ਪੱਧਰ ਬਿਹਤਰ ਹੋ ਸਕੇ।
ਇਸ ਮੌਕੇ ਡੀ.ਪੀ.ਐਮ ਸੁਖਵੰਤ ਕੌਰ, ਡੀ.ਐਫ.ਐਮ. ਕੋਮਲ, ਲੇਖਾਕਾਰ ਵਿਕਾਸ ਬਖਸ਼ੀ ਅਤੇ ਆਜੀਵਿਕਾ ਮਿਸ਼ਨ ਦਾ ਬਾਕੀ ਸਟਾਫ਼ ਵੀ ਮੌਜੂਦ ਸੀ।

