ਹੁਸ਼ਿਆਰਪੁਰ ਮਈ (ਤਰਸੇਮ ਦੀਵਾਨਾ)- ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ, ਲੜਕੀਆਂ ਨੂੰ ਸਿੱਖਿਆ ਦਿਵਾਉਣੀ ਬਹੁਤ ਜਰੂਰੀ ਹੈ ਕਿਉਂਕਿ ਸਿੱਖਿਆ ਸਿਰਫ਼ ਵਿਅਕਤੀ ਦੀ ਜ਼ਿੰਦਗੀ ਨੂੰ ਬਦਲਣ ਦਾ ਸਾਧਨ ਹੀ ਨਹੀਂ, ਸਗੋਂ ਇਹ ਸਮਾਜ ਦੇ ਵਿਕਾਸ ਦਾ ਵੀ ਇੱਕ ਅਹਿਮ ਹਿੱਸਾ ਹੈ। ਜਦੋਂ ਲੜਕੀਆਂ ਪੜ੍ਹਦੀਆਂ ਹਨ, ਤਾਂ ਉਹ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਲਈ ਇੱਕ ਨਵੀਂ ਰਾਹਤ ਲਿਆਉਂਦੀਆਂ ਹਨ। ਇਹਨਾਂ ਗੱਲਾ ਡਾ ਪ੍ਰਗਟਾਵਾ ਬੁੱਧੀਜੀਵੀ ਸ਼ਖਸ਼ੀਅਤ ਉੱਘੇ ਸਮਾਜ ਸੇਵਕ “ਹਿਜ਼ ਐਕਸੀਲੈਟ ਐਂਡ ਇੰਸਟੀਚਿਊਟ” ਅਤੇ ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਚੱਗਰਾ ਦੇ ਐਮਡੀ ਡਾਕਟਰ ਆਸ਼ੀਸ਼ ਸਰੀਨ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ ਉਹਨਾਂ ਕਿਹਾ ਕਿ ਸਿੱਖਿਆ ਦੇ ਨਾਲ ਨਾਲ ਲੜਕੀਆਂ ਨੂੰ ਆਪਣੇ ਹੱਕਾਂ ਅਤੇ ਜ਼ਿੰਮੇਵਾਰੀਆਂ ਦਾ ਵੀ ਪਤਾ ਲੱਗਦਾ ਹੈ ਅਤੇ ਉਹ ਸਮਾਜ ਵਿੱਚ ਆਪਣੀ ਆਵਾਜ਼ ਨੂੰ ਉਠਾਉਣ ਦੇ ਯੋਗ ਵੀ ਬਣਦੀਆਂ ਹਨ।
ਪੜ੍ਹੀਆਂ ਲੜਕੀਆਂ ਆਪਣੇ ਬੱਚਿਆਂ ਨੂੰ ਵੀ ਸਿੱਖਿਆ ਦੇਣ ਵਿੱਚ ਮਦਦ ਕਰਦੀਆਂ ਹਨ
ਉਹਨਾਂ ਕਿਹਾ ਕਿ ਇਸ ਨਾਲ ਉਹ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਸਕਦੀਆਂ ਹਨ। ਉਹਨਾਂ ਕਿਹਾ ਕਿ ਸਿੱਖਿਆ ਨਾਲ ਲੜਕੀਆਂ ਨੂੰ ਨੌਕਰੀਆਂ ਅਤੇ ਵਪਾਰ ਦੇ ਮੌਕੇ ਮਿਲਦੇ ਹਨ, ਜਿਸ ਨਾਲ ਉਹ ਆਪਣੇ ਆਪ ਤੇ ਆਤਮ-ਨਿਰਭਰ ਬਣਦੀਆਂ ਹਨ ।ਉਹਨਾਂ ਕਿਹਾ ਕਿ ਇਸ ਦੇ ਨਾਲ-ਨਾਲ ਕੁੜੀਆਂ ਦੀ ਸਿੱਖਿਆ ਨਾਲ ਸਮਾਜ ਵਿੱਚ ਬਦਲਾਅ ਵੀ ਆਉਂਦਾ ਹੈ ਅਤੇ ਜਦੋਂ ਲੜਕੀਆਂ ਸਿੱਖਿਆ ਪ੍ਰਾਪਤ ਕਰਦੀਆਂ ਹਨ, ਤਾਂ ਉਹ ਆਪਣੇ ਪਰਿਵਾਰਾਂ ਨੂੰ ਵੀ ਸਿੱਖਿਆ ਦੇਣ ਵਿੱਚ ਸਹਾਇਤਾ ਕਰਦੀਆਂ ਹਨ। ਇਸ ਤਰ੍ਹਾਂ ਪੜ੍ਹੀਆਂ ਲੜਕੀਆਂ ਆਪਣੇ ਬੱਚਿਆਂ ਨੂੰ ਵੀ ਸਿੱਖਿਆ ਦੇਣ ਵਿੱਚ ਮਦਦ ਕਰਦੀਆਂ ਹਨ ਜਿਸ ਨਾਲ ਪੀੜ੍ਹੀ ਦਰ ਪੀੜ੍ਹੀ ਸਿੱਖਿਆ ਦਾ ਦਰਜਾ ਵੱਧਦਾ ਹੈ । ਉਹਨਾਂ ਕਿਹਾ ਕਿ ਸਰਕਾਰ ਅਤੇ ਸਮਾਜ ਨੂੰ ਚਾਹੀਦਾ ਹੈ ਕਿ ਉਹ ਲੜਕੀਆਂ ਦੀ ਸਿੱਖਿਆ ਨੂੰ ਉਤਸਾਹਿਤ ਕਰਨ ਲਈ ਵੱਖ-ਵੱਖ ਯੋਜਨਾਵਾਂ ਅਤੇ ਸਕੀਮਾਂ ਨੂੰ ਲਾਗੂ ਕਰਨ।
ਉਹਨਾਂ ਕਿਹਾ ਕਿ ਸਕੂਲਾਂ ਵਿੱਚ ਲੜਕੀਆਂ ਲਈ ਵਿਸ਼ੇਸ਼ ਸਕਾਲਰਸ਼ਿਪ ਅਤੇ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ, ਤਾਂ ਜੋ ਉਹ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਸਕਣ । ਉਹਨਾਂ ਕਿਹਾ ਕਿ ਸਿੱਖਿਆ ਦੇ ਮਾਧਿਅਮ ਨਾਲ ਲੜਕੀਆਂ ਆਪਣੇ ਹੱਕਾਂ ਲਈ ਲੜਨ ਅਤੇ ਸਮਾਜ ਵਿੱਚ ਬਦਲਾਅ ਲਿਆਉਣ ਦੇ ਯੋਗ ਬਣਦੀਆਂ ਹਨ।ਉਹਨਾਂ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰ ਲੜਕੀ ਨੂੰ ਪੜ੍ਹਾਈ ਦਾ ਮੌਕਾ ਮਿਲੇ ਤਾਂ ਜੋ ਉਹ ਆਪਣੇ ਭਵਿੱਖ ਨੂੰ ਸੁਨਹਿਰਾ ਬਣਾ ਸਕੇ ।ਸਿੱਖਿਆ ਦੀ ਇਸ ਯਾਤਰਾ ਵਿੱਚ, ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਲੜਕੀਆਂ ਦੀ ਸਿੱਖਿਆ ਸਿਰਫ਼ ਉਨ੍ਹਾਂ ਦੀ ਨਹੀਂ,ਸਗੋਂ ਸਾਰੇ ਭਾਰਤ ਦੀ ਵੀ ਤਰੱਕੀ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਸਿੱਖਿਆ ਦੇ ਮਾਧਿਅਮ ਨਾਲ ਅਸੀਂ ਇੱਕ ਸਮਾਜਿਕ ਬਦਲਾਅ ਲਿਆ ਸਕਦੇ ਹਾਂ, ਜਿੱਥੇ ਹਰ ਲੜਕੀ ਆਪਣੇ ਹੱਕਾਂ ਅਤੇ ਸੁਪਨਿਆਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਸਕੇ।