ਹੁਸ਼ਿਆਰਪੁਰ 28 ਮਾਰਚ ( ਤਰਸੇਮ ਦੀਵਾਨਾ ) ਆਮ ਆਦਮੀ ਪਾਰਟੀ ਨੇ ਚੋਣਾਂ ਦੋਰਾਨ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਦਿਆਂ ਬਹੁਤ ਸਾਰੀਆਂ ਗਰੰਟੀਆਂ ਦੇ ਕੇ ਸੱਤਾ ਤਾਂ ਹਾਸਲ ਕਰ ਲਈ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਔਰਤਾਂ ਨਾਲ ਕੀਤੇ 1000 ਰੁਪਏ ਮਹੀਨਾ ਦੇਣ ਦੇ ਪ੍ਰਮੁੱਖ ਵਾਅਦੇ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੀ ਹੈ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਉੱਘੇ ਆਗੂ ਅਤੇ ਗਊਸ਼ਾਲਾ ਦੇ ਪ੍ਰਧਾਨ ਵਿਸ਼ਵਨਾਥ ਬੰਟੀ ਨੇ ਕੁਝ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ ! ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬੱਜਟ ਕੇਵਲ ਮਹਿਲਾਵਾਂ ਵਿਰੋਧੀ ਹੀ ਨਹੀਂ ਸਗੋਂ ਕਿਸਾਨ ਮਜ਼ਦੂਰ ,ਵਪਾਰ,ਰੁਜ਼ਗਾਰ ਤੇ ਪੰਜਾਬ ਵਿਰੋਧੀ ਵੀ ਹੈ । ਉਹਨਾਂ ਕਿਹਾ ਕਿ ਸੂਬਾ ਸਰਕਾਰ ਦਾ ਇਹ ਬੱਜਟ ਬਾਹਰੋਂ ਭਰਿਆ ਹੋਇਆ ਦਿਖਾਈ ਦਿੰਦਾ ਹੈ ਤੇ ਅੰਦਰੋ ਪੂਰੀ ਤਰ੍ਹਾਂ ਖੋਖਲਾ ਹੈ ਕਿਉਂਕਿ ਇਸ ਵਿੱਚ ਕਿਸੇ ਵੀ ਵਰਗ ਲਈ ਨਵਾਂ ਕੁਝ ਵੀ ਨਹੀਂ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਬੇਰੁਜ਼ਗਾਰ ਨੌਜਵਾਨਾਂ ਲਈ ਇਸ ਬੱਜਟ ਵਿੱਚ ਵਿਖਾਵੇ ਤੋਂ ਬਿਨਾਂ ਹੋਰ ਕੁਝ ਨਜ਼ਰ ਨਹੀਂ ਆ ਰਿਹਾ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ ਤਿੰਨ ਸਾਲ ਵਿੱਚ ਪੰਜਾਬ ਸਿਰ ਇੱਕ ਲੱਖ ਕਰੋੜ ਤੋਂ ਵੱਧ ਕਰਜ਼ੇ ਵਿੱਚ ਤਾਂ ਵਾਧਾ ਕਰ ਦਿੱਤਾ ਹੈ ਪਰ ਮਾਨ ਸਰਕਾਰ ਵੱਲੋਂ ਲੋਕ ਸੁਵਿਧਾਵਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਦੇ ਤੰਜ ਕੱਸਦਿਆਂ ਕਿਹਾ ਕਿ ਜੇਕਰ ਤੁਸੀਂ ਤਿੰਨ ਸਾਲ ਪਹਿਲਾਂ ਲੋਕਾਂ ਨਾਲ ਕੀਤੇ ਚੋਣ ਵਾਅਦੇ ਭੁੱਲ ਗਏ ਹੋ ਤਾਂ ਘੱਟੇ ਘੱਟ ਛੇ ਮਹੀਨੇ ਪਹਿਲਾਂ ਜ਼ਿਮਨੀ ਚੋਣਾਂ ਚ ਕੀਤੇ ਵਾਅਦਿਆਂ ਨੂੰ ਤਾਂ ਯਾਦ ਰੱਖ ਕੇ ਲੈਂਦੇ । ਉਹਨਾਂ ਅੱਗੇ ਕਿਹਾ ਕਿ ਪੰਜਾਬ ਦੀ ਜਨਤਾ ਆਪ ਦੀ ਨਿਕੰਮੀ ਸਰਕਾਰ ਨੂੰ ਬਦਲਣ ਲਈ ਬਿਲਕੁਲ ਤਿਆਰ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਡੇ ਬਹੁਮਤ ਨਾਲ ਚੋਣਾਂ ਜਿੱਤ ਕੇ ਪੰਜਾਬ ਵਿੱਚ ਆਪਣੀ ਸਰਕਾਰ ਬਣਾਵੇਗੀ।