ਹੁਸ਼ਿਆਰਪੁਰ 8 ਜੂਨ ( ਤਰਸੇਮ ਦੀਵਾਨਾ ) – ਬੀਤੇ ਦਿਨੀ ਪਟਿਆਲਾ ਵਿਖ਼ੇ ਚੱਲ ਰਹੇ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਉਸ ਵੇਲੇ ਮਾਹੌਲ ਬੇਹੱਦ ਤਣਾਅਪੂਰਨ ਹੋ ਗਿਆ, ਜਦੋਂ ਪੁਲਿਸ ਪ੍ਰਸ਼ਾਸਨ ਵੱਲੋਂ ਹੱਕ ਮੰਗ ਰਹੇ ਨੌਜਵਾਨਾਂ ‘ਤੇ ਕਥਿਤ ਤੌਰ ‘ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਗਿਆ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਉੱਘੇ ਆਗੂ ਅਤੇ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈਕੋਰਟ ਰੋਹਿਤ ਜੋਸ਼ੀ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ। ਉਹਨਾਂ ਕਿਹਾ ਕਿ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਦਾ ਉੱਥੇ ਇੱਕ ਪੁਲਿਸ ਮੁਲਾਜ਼ਮ ਨੇ ਜ਼ਬਰਦਸਤੀ ਮੋਬਾਈਲ ਫੋਨ ਖੋਹ ਲਿਆ।
ਜਦੋਂ ਉਕਤ ਪੀੜਤ ਨੌਜਵਾਨ ਨੇ ਮੁਲਾਜ਼ਮ ਕੋਲੋਂ ਆਪਣਾ ਫੋਨ ਵਾਪਸ ਮੰਗਿਆ ਤਾਂ ਮੌਕੇ ‘ਤੇ ਮੌਜੂਦ ਡੀ.ਐਸ.ਪੀ. ਸਿੰਗਲਾ ਨੇ ਆਪਾ ਖੋਹ ਲਿਆ । ਉਹਨਾਂ ਕਿਹਾ ਕਿ ਡੀ.ਐਸ.ਪੀ. ਸਿੰਗਲਾ ਨੇ ਕਾਨੂੰਨ ਨੂੰ ਛਿੱਕੇ ਟੰਗ ਕੇ ਖੁਦ ਅੱਗੇ ਹੋ ਕੇ ਨਿਹੱਥੇ ਨੌਜਵਾਨਾ ‘ਤੇ ਤਾਬੜਤੋੜ ਡਾਂਗਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਅਧਿਕਾਰੀ ਵੱਲੋਂ ਕੀਤੀ ਗਈ ਇਸ ਬੇਰਹਿਮ ਕੁੱਟਮਾਰ ਕਾਰਨ ਕਈ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋ ਗਏ ।
ਲੋਕਾਂ ਵਿੱਚ ਭਾਰੀ ਰੋਸ, ਕਾਰਵਾਈ ਦੀ ਮੰਗ : ਉਹਨਾਂ ਕਿਹਾ ਕਿ ਇਸ ਘਟਨਾ ਦੀ ਵੀਡੀਓ ਅਤੇ ਖ਼ਬਰ ਜਿਵੇਂ ਹੀ ਅੱਗ ਵਾਂਗ ਫੈਲੀ, ਪ੍ਰਦਰਸ਼ਨਕਾਰੀਆਂ ਅਤੇ ਸਥਾਨਕ ਲੋਕਾਂ ਵਿੱਚ ਪੁਲਿਸ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਭਾਰੀ ਰੋਸ ਪੈਦਾ ਹੋ ਗਿਆ ਹੈ। ਇਕੱਠੇ ਹੋਏ ਨੌਜਵਾਨਾਂ ਅਤੇ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨਕਾਰੀ ਆਗੂਆਂ ਦਾ ਬਿਆਨ: ਉਹਨਾਂ ਕਿਹਾ ਕਿ ਲਾਈਨ ਮੈਨ ਸ਼ਾਂਤਮਈ ਢੰਗ ਨਾਲ ਆਪਣਾ ਪ੍ਰਦਰਸ਼ਨ ਕਰ ਰਹੇ ਸਨ । ਪੁਲਿਸ ਵੱਲੋਂ ਹੱਕ ਮੰਗਣ ‘ਤੇ ਡੀ.ਐਸ.ਪੀ. ਵਰਗੇ ਜ਼ਿੰਮੇਵਾਰ ਅਹੁਦੇ ‘ਤੇ ਬੈਠੇ ਅਧਿਕਾਰੀ ਵੱਲੋਂ ਖੁਦ ਡਾਂਗਾਂ ਮਾਰਨਾ ਸਰਾਸਰ ਗੁੰਡਾਗਰਦੀ ਹੈ। ਉਹਨਾਂ ਮੰਗ ਕੀਤੀ ਕਿ ਉਕਤ ਡੀ.ਐਸ.ਪੀ. ਸਿੰਗਲਾ ਅਤੇ ਦੋਸ਼ੀ ਮੁਲਾਜ਼ਮਾਂ ਖਿਲਾਫ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ।

