ਚੌਥਾ ਸੈਮੀਨਾਰ ਸ੍ਰੀ ਫ਼ਤਿਹਗੜ੍ਹ ਸਾਹਿਬ ਤੇ ਪੰਜਵਾਂ ਹੋਵੇਗਾ ਚੰਡੀਗੜ੍ਹ ਵਿਚ
ਹੁਸ਼ਿਆਰਪੁਰ 8 ਜੂਨ ( ਤਰਸੇਮ ਦੀਵਾਨਾ ) – ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਵੱਲੋਂ ਕੌਮੀ ਤੇ ਕੌਮਾਂਤਰੀ ਪੱਧਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਾਏ ਜਾ ਰਹੇ ਸੈਮੀਨਾਰਾਂ ਦੀ ਲੜੀ ਤਹਿਤ ਪੰਜਵਾਂ ਸੈਮੀਨਾਰ ਚੰਡੀਗੜ੍ਹ ਦੇ ਸੈਕਟਰ 30 ਦੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂਦੁਆਰਾ ਸਾਹਿਬ ਵਿਖ਼ੇ ਹੋਵੇਗਾ।ਇਸ ਸਬੰਧੀ ਅੱਜ ਗੁਰਦੁਆਰਾ ਸਾਹਿਬ ਚੰਡੀਗੜ੍ਹ ਵਿਖੇ ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਰਜਿ. ਦੇ ਪ੍ਰਧਾਨ ਤੇ ਸੈਮੀਨਾਰ ਮੁੱਖ ਕੋਆਰਡੀਨੇਟਰ ਗੁਰਨਾਮ ਸਿੰਘ ਅਕੀਦਾ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਦੇ ਮੀਤ ਪ੍ਰਧਾਨ ਓ ਪੀ ਚੋਪੜਾ, ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਦੇ ਸੀ. ਮੀਤ ਪ੍ਰਧਾਨ ਫਤਿਹਜੰਗ ਸਿੰਘ, ਗੁਰਦੁਆਰਾ ਸਾਹਿਬ ਦੇ ਆਗੂ ਆਤਮਾ ਰਾਮ ਅਤੇ ਮੈਂਬਰ ਵਿਵੇਕ ਵੀਰ ਸਿੰਘ ਨਾਲ ਮੀਟਿੰਗ ਕੀਤੀ ਗਈ।
ਇਸ ਸਮੇਂ ਆਗੂਆਂ ਨੇ ਫ਼ੈਸਲਾ ਕੀਤਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਬਾਰੇ ਹੋ ਰਹੇ ਅਕਾਦਮਿਕ ਤੇ ਅਧਿਆਤਮਿਕ ਸੈਮੀਨਾਰਾਂ ਦੀ ਲੜੀ ਤਹਿਤ ਪੰਜਵਾਂ ਸੈਮੀਨਾਰ ਚੰਡੀਗੜ੍ਹ ਦੇ 30 ਸੈਕਟਰ ਦੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਵਿਚ 28 ਜੂਨ ਨੂੰ ਕਰਾਇਆ ਜਾਵੇਗਾ । ਚੌਥਾ ਸੈਮੀਨਾਰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਪੰਜੌਲੀ ਵਿਖੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਭਵਨ ਵਿਖੇ 21 ਜੂਨ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਹੋ ਰਿਹਾ ਹੈ। ਫ਼ਤਿਹਗੜ੍ਹ ਸਾਹਿਬ ਵਿਖੇ ਮੁੱਖ ਪੇਪਰ ਪ੍ਰਬੁਧ ਵਿਦਵਾਨ ਨਵਤੇਜ ਗੜ੍ਹਦੀਵਾਲ ਪੇਸ਼ ਕਰਨਗੇ। ਜਦ ਕਿ ਮੁੱਖ ਮਹਿਮਾਨ ਦੇ ਤੌਰ ਤੇ ਮਹਾਰਾਜਾ ਭੁਪਿੰਦਰਾ ਸਪੋਰਟਸ ਯੂਨੀਵਰਸਿਟੀ ਪੰਜਾਬ ਦੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਪੁੱਜਣਗੇ ਜੋ ਕੁੰਜੀਵਤ ਭਾਸ਼ਣ ਵੀ ਦੇਣਗੇ।
ਇਸ ਵੇਲੇ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੌਲੀ ਧੰਨਵਾਦੀ ਭਾਸ਼ਣ ਦੇਣਗੇ, ਇਸ ਸੈਮੀਨਾਰ ਦੀ ਪ੍ਰਧਾਨਗੀ ਮੁੱਖ ਸਰਪ੍ਰਸਤ ਬਲਵਿੰਦਰ ਸਿੰਘ ਜਾਤੀਵਾਲ ਕਰਨਗੇ। ਗੁਰਨਾਮ ਸਿੰਘ ਅਕੀਦਾ ਨੇ ਦੱਸਿਆ ਕਿ ਚੰਡੀਗੜ੍ਹ ਵਿਚ ਹੋਣ ਵਾਲੇ ਸੈਮੀਨਾਰ ਵਿਚ ਡਾ. ਮਨਮੋਹਨ ਮੁੱਖ ਪੇਪਰ ਪੜ੍ਹਨਗੇ ਤੇ ਦੂਜਾ ਪੇਪਰ ਕਰਨਲ ਰਿਟਾ. ਪ੍ਰਿਥਵੀ ਰਾਜ ਕੁਮਾਰ ਪੜ੍ਹਨਗੇ, ਵਿਸ਼ੇਸ਼ ਮਹਿਮਾਨ ਡਾ. ਸਰਬਜੀਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਹੋਣਗੇ।

