Breaking
Tue. Jul 15th, 2025

ਨਡਾਲੋਂ ਪਿੰਡ ਨੂੰ ਮਿਲੀ 1.56 ਕਰੋੜ ਦੀ 18 ਫੁੱਟ ਚੌੜੀ ਸੀਮੈਂਟ ਕਨਕਰੀਟ ਲਿੰਕ ਸੜਕ ਦੀ ਸੌਗਾਤ : ਵਿਧਾਇਕ ਡਾ. ਈਸ਼ਾਂਕ

ਨਡਾਲੋਂ ਪਿੰਡ

ਵਿਧਾਇਕ ਡਾ. ਈਸ਼ਾਂਕ ਨੇ ਮੁੱਖ ਮੰਤਰੀ ਮਾਨ ਅਤੇ ਸਾਂਸਦ ਡਾ. ਚੱਬੇਵਾਲ ਦਾ ਕੀਤਾ ਧੰਨਵਾਦ

ਹੁਸ਼ਿਆਰਪੁਰ, 23 ਜੂਨ (ਤਰਸੇਮ ਦੀਵਾਨਾ)- ਚੱਬੇਵਾਲ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਕਾਰਜਾਂ ਦੀ ਰਫ਼ਤਾਰ ਲਗਾਤਾਰ ਤੇਜ਼ੀ ਨਾਲ ਵੱਧ ਰਹੀ ਹੈ। ਇਸ ਲੜੀ ਵਿੱਚ ਪਿੰਡ ਨਡਾਲੋਂ ਦੀ ਫਿਰਨੀ ਸੜਕ (ਜੋ ਨਡਾਲੋਂ ਪਿੰਡ ਤੋਂ ਨਡਾਲੋਂ ਪੁਲ ਤੱਕ ਜਾਂਦੀ ਹੈ) ਨੂੰ ਹੁਣ 18 ਫੁੱਟ ਚੌੜੀ ਸੀਮੈਂਟ ਕਨਕਰੀਟ ਲਿੰਕ ਸੜਕ ਵਜੋਂ ਤਿਆਰ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਇਸ ਦੀ ਜਾਣਕਾਰੀ ਹਲਕੇ ਦੇ ਵਿਧਾਇਕ ਡਾ. ਈਸ਼ਾਂਕ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਲਈ 1.56 ਕਰੋੜ ਰੁਪਏ ਦੀ ਰਕਮ ਜਾਰੀ ਕਰ ਦਿੱਤੀ ਗਈ ਹੈ ਅਤੇ ਨਿਰਮਾਣ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਸੜਕ ਕਈ ਸਾਲਾਂ ਤੋਂ ਪਿੰਡ ਵਾਸੀਆਂ ਦੀ ਮੁੱਖ ਮੰਗ ਰਹੀ ਸੀ ਕਿਉਂਕਿ ਬਾਰਿਸ਼ ਦੌਰਾਨ ਇਹ ਰਸਤਾ ਪਾਣੀ ਨਾਲ ਭਰ ਜਾਂਦਾ ਸੀ ਅਤੇ ਆਵਾਜਾਈ ਵਿੱਚ ਭਾਰੀ ਮੁਸ਼ਕਿਲ ਆਉਂਦੀ ਸੀ। ਹੁਣ ਜਦੋਂ ਕਿ ਇਹ ਸੜਕ ਸੀਮੈਂਟ ਕਨਕਰੀਟ ਦੀ ਬਣੇਗੀ, ਤਾਂ ਇਹ ਲੰਮੇ ਸਮੇਂ ਲਈ ਮਜਬੂਤ ਰਹੇਗੀ ਅਤੇ ਵਿਦਿਆਰਥੀਆਂ, ਕਿਸਾਨਾਂ, ਵਪਾਰੀਆਂ ਅਤੇ ਆਮ ਲੋਕਾਂ ਨੂੰ ਵਧੀਆ ਸੁਵਿਧਾ ਮਿਲੇਗੀ।

ਡਾ. ਈਸ਼ਾਂਕ ਨੇ ਇਸ ਮਹੱਤਵਪੂਰਨ ਵਿਕਾਸ ਕਾਰਜ ਦੀ ਮਨਜ਼ੂਰੀ ਅਤੇ ਰਕਮ ਜਾਰੀ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਅਤੇ ਹੁਸ਼ਿਆਰਪੁਰ ਤੋਂ ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਿੱਚ ਪਿੰਡ ਪਿੰਡ ਤੱਕ ਪੱਕੀਆਂ ਸੜਕਾਂ, ਸੀਵਰੇਜ, ਸਿਹਤ ਤੇ ਸਿੱਖਿਆ ਵਰਗੀਆਂ ਆਧਾਰਭੂਤ ਸੁਵਿਧਾਵਾਂ ਦਾ ਵਿਸਥਾਰ ਹੋ ਰਿਹਾ ਹੈ। ਵਿਧਾਇਕ ਨੇ ਕਿਹਾ, “ਇਹ ਵਿਕਾਸ ਦਾ ਯੁੱਗ ਹੈ, ਜਿੱਥੇ ਸਰਕਾਰ ਆਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਤਰਜੀਹ ਦੇ ਰਹੀ ਹੈ।” ਉਨ੍ਹਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਚੱਬੇਵਾਲ ਹਲਕੇ ਵਿੱਚ ਹੋਰ ਵੀ ਨਵੇਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਜਾਵੇਗੀ।

By admin

Related Post