Breaking
Sat. Apr 26th, 2025

ਗੈਰ-ਸੰਚਾਰੀ ਬਿਮਾਰੀਆਂ ਦੀ ਪਛਾਣ ਅਤੇ ਰੋਕਥਾਮ ਲਈ ਚੱਲ ਰਹੀ ਵਿਸ਼ੇਸ਼ ਸਕਰੀਨਿੰਗ ਮੁਹਿੰਮ ਸੰਬੰਧੀ ਮੀਟਿੰਗ

ਗੈਰ-ਸੰਚਾਰੀ ਬਿਮਾਰੀਆਂ

ਮੁਹਿੰਮ ਦਾ ਉਦੇਸ਼ ਲੋਕਾਂ ਵਿੱਚ ਗੈਰ-ਸੰਚਾਰੀ ਬਿਮਾਰੀਆਂ ਦੀ ਸਕਰੀਨਿੰਗ ਕਰਕੇ ਉਨ੍ਹਾਂ ਦੀ ਸਮੇਂ ਸਿਰ ਪਛਾਣ ਕਰਨਾ ਅਤੇ ਇਲਾਜ ਦੀ ਸ਼ੁਰੂਆਤ ਕਰਨਾ ਹੈ: ਸਿਵਲ ਸਰਜਨ ਡਾ. ਪਵਨ ਕੁਮਾਰ

ਹੁਸ਼ਿਆਰਪੁਰ 28 ਮਾਰਚ (ਤਰਸੇਮ ਦੀਵਾਨਾ)- ਸਿਹਤ ਵਿਭਾਗ ਵੱਲੋਂ ਗੈਰ-ਸੰਚਾਰੀ ਬਿਮਾਰੀਆਂ ਦੀ ਪਛਾਣ ਅਤੇ ਰੋਕਥਾਮ ਲਈ ਚੱਲ ਰਹੀ ਵਿਸ਼ੇਸ਼ ਸਕਰੀਨਿੰਗ ਮੁਹਿੰਮ ਸਬੰਧੀ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਵੱਲੋਂ ਕਮਿਊਨਿਟੀ ਹੈਲਥ ਅਫਸਰਾਂ (ਸੀ.ਐਚ.ਓ.) ਨਾਲ ਇੱਕ ਮੀਟਿੰਗ ਕੀਤੀ ਗਈ। ਇਸ ਦੌਰਾਨ ਸਿਵਲ ਸਰਜਨ ਵੱਲੋਂ 20 ਫਰਵਰੀ ਤੋਂ ਸ਼ੁਰੂ ਹੋਈ ਇਸ ਵਿਸ਼ੇਸ਼ ਮੁਹਿੰਮ ਜੋ ਕਿ 31 ਮਾਰਚ ਤੱਕ ਚੱਲੇਗੀ ਬਾਰੇ ਸਮੀਖਿਆ ਕੀਤੀ ਗਈ। ਇਸ ਦੌਰਾਨ ਸੀਨੀਅਰ ਮੈਡੀਕਲ ਅਫਸਰ ਡਾ. ਦਵਿੰਦਰਪਾਲ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਮਨਪ੍ਰੀਤ ਕੌਰ, ਜਿਲਾ ਪ੍ਰੋਗਰਾਮ ਮੈਨੇਜਰ ਮੁਹੰਮਦ ਆਸਿਫ ਅਤੇ ਅਨੁਰਾਧਾ ਠਾਕੁਰ ਵੀ ਮੌਜੂਦ ਸਨ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਵਿੱਚ ਗੈਰ-ਸੰਚਾਰੀ ਬਿਮਾਰੀਆਂ ਦੀ ਸਕਰੀਨਿੰਗ ਕਰਕੇ ਉਨ੍ਹਾਂ ਦੀ ਸਮੇਂ ਸਿਰ ਪਛਾਣ ਕਰਨਾ ਅਤੇ ਇਲਾਜ ਦੀ ਸ਼ੁਰੂਆਤ ਕਰਨਾ ਹੈ, ਜਿਸ ਨਾਲ ਰੋਗਾਂ ਦੀ ਵਧਦੀ ਦਰ ਅਤੇ ਮੌਤਾਂ ਦੀ ਗਿਣਤੀ ਵਿੱਚ ਕਮੀ ਆ ਸਕੇ। ਉਹਨਾਂ ਸਮੂਹ ਸੀਐਚਓ ਨੂੰ ਕਿਹਾ ਕਿ ਆਯੂਸ਼ਮਾਨ ਅਰੋਗਿਆ ਕੇਂਦਰਾਂ ਵਿੱਚ 30 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਦੀ ਗ਼ੈਰ-ਸੰਚਾਰੀ ਬੀਮਾਰੀਆਂ ਜਿਵੇਂ ਸ਼ੂਗਰ, ਹਾਈਪਰਟੈਨਸ਼ਨ ਤੇ ਤਿੰਨ ਤਰ੍ਹਾਂ ਦੇ ਕੈਂਸਰ- ਮੂੰਹ, ਛਾਤੀ ਤੇ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਸ਼ਾਮਲ ਹਨ, ਦੀ ਸਕ੍ਰੀਨਿੰਗ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਇਨ੍ਹਾਂ ਬਿਮਾਰੀਆਂ ਦੀ ਸ਼ੁਰੂਆਤੀ ਦੌਰ ‘ਚ ਹੀ ਪਛਾਣ ਕਰਕੇ ਉਨ੍ਹਾਂ ਦਾ ਬਣਦਾ ਇਲਾਜ ਸ਼ੁਰੂ ਕੀਤਾ ਜਾ ਸਕੇ।

ਸਿਵਲ ਸਰਜਨ ਨੇ ਕਿਹਾ ਕਿ ਗੈਰ-ਸੰਚਾਰੀ ਬਿਮਾਰੀਆਂ ਆਮ ਤੌਰ ‘ਤੇ ਲੰਬੇ ਸਮੇਂ ਦੀਆਂ ਬਿਮਾਰੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਠੀਕ ਹੋਣ ‘ਚ ਸਮਾਂ ਲੱਗਦਾ ਹੈ ਤੇ ਅਜਿਹੀਆਂ ਬਿਮਾਰੀਆਂ ਦੀ ਨਿਰੰਤਰ ਤੇ ਸਮੇਂ ਸਿਰ ਜਾਂਚ ਮਹੱਤਵਪੂਰਨ ਹੁੰਦੀ ਹੈ। ਸਿਹਤਮੰਦ ਜੀਵਨਸ਼ੈਲੀ ਦੇ ਨਾਲ-ਨਾਲ ਸਮੇਂ ਸਿਰ ਹੋਣ ਵਾਲੀ ਸਕਰੀਨਿੰਗ ਗੈਰ-ਸੰਚਾਰੀ ਬਿਮਾਰੀਆਂ ਨੂੰ ਰੋਕਣ ਲਈ ਅਹਿਮ ਭੂਮਿਕਾ ਨਿਭਾਉੰਦੀ ਹੈ। ਉਨਾਂ ਲੋਕਾਂ ਨੂੰ ਇਸ ਪਹਿਲਕਦਮੀ ਦਾ ਵੱਧ ਤੋਂ ਵੱਧ ਲਾਭ ਉਠਾਉਣ ਤੇ ਆਪਣੀ ਜਾਂਚ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ 30 ਸਾਲ ਤੋਂ ਉਪਰਲਾ ਹਰ ਵਿਅਕਤੀ ਸਰਕਾਰੀ ਸਿਹਤ ਸੰਸਥਾਂ ਵਿਚ ਜਾ ਕੇ ਆਪਣੀ ਮੁਫਤ ਜਾਂਚ ਜ਼ਰੂਰ ਕਰਵਾਏ।

By admin

Related Post