ਹੁਸ਼ਿਆਰਪੁਰ 4 ਜੂਨ (ਤਰਸੇਮ ਦੀਵਾਨਾ ) ਕਹਿੰਦੇ ਨੇ ਕਿ ਪਰਮਾਤਮਾ ਲਿਖਣ ਦੀ ਕਲਾ ਹਰੇਕ ਨੂੰ ਨਹੀਂ ਬਖਸ਼ਦਾ ਤੇ ਜੇਕਰ ਕਲਮ ਦੀ ਕਲਾ ਰੱਬ ਕਿਸੇ ਨੂੰ ਸੌਂਪਦਾ ਹੈ ਤਾਂ ਉਹ ਉਸਦਾ ਕੋਈ ਖ਼ਾਸ ਅਜ਼ੀਜ਼ ਹੀ ਹੁੰਦਾ ਹੈ। ਇਸ ਕਲਮ ਦੀ ਤਾਕਤ ਨਾਲ ਹੀ ਰੂਹ ਦਾ ਦਰਪਣ ਬਣ ਜਾਂਦਾ ਹੈ ਇੱਕ ਸ਼ਾਇਰ। ਜਜ਼ਬਾਤਾਂ ਨੂੰ ਉਕੇਰਦਾ ਪਾਰਦਰਸ਼ਤਾ ਵਾਲਾ ਦਰਪਣ। ਸੋ ਅਜਿਹੇ ਹੀ ਇੱਕ ਸ਼ਾਇਰ ਲੇਖਕ ਨੂੰ ਆਪ ਜੀ ਦੇ ਰੂਬਰੂ ਕਰਵਾ ਰਹੇ ਹਾਂ। ਜੋ ਜਜ਼ਬਾਤਾਂ ਦੇ ਗਹਿਰੇ ਸਮੁੰਦਰ ਵਿੱਚ ਚੁੱਭੀ ਮਾਰ ਕੇ ਸੋਹਣੇ ਅੱਖਰਾਂ ਨੂੰ ਚੁਣ ਕੇ ਆਪਣੀ ਕਲਮ ਨਾਲ ਨਜ਼ਮਾਂ ਵਿੱਚ ਪਰੋਂਦਾ ਹੈ। ਉਸ ਨਾਮਵਰ ਸ਼ਾਇਰ ਲੇਖਕ ਦਾ ਨਾਮ ਹੈ ਮਹਿੰਦਰ ਸੂਦ ਵਿਰਕ। ਮਹਿੰਦਰ ਸੂਦ ਵਿਰਕ ਇਕ ਉੱਭਰਦਾ ਨਾਮਵਰ ਨੌਜਵਾਨ ਸ਼ਾਇਰ ਹੈ। ਜੋ ਬਹੁਤ ਹੀ ਘੱਟ ਸਮੇਂ ਵਿੱਚ ਚੰਗੇ ਨਾਮਵਰ ਸ਼ਾਇਰ ਲੇਖਕਾਂ ਦੀ ਕਤਾਰ ਵਿੱਚ ਜਾ ਖੜੋਤਾ ਹੈ। ਜਿਸ ਨੇ ਥੋੜ੍ਹੇ ਸਮੇਂ ਵਿੱਚ ਹੀ ਆਪਣੀ ਰੂਹ ਦਾ ਸ਼ੀਸ਼ਾ ਬਣ ਆਪਣੇ ਜਜ਼ਬਾਤਾਂ ਨੂੰ ਟਟੋਲ ਦੀਆਂ ਅਨੇਕਾਂ ਕਾਵਿ ਰਚਨਾਂਵਾਂ ਨੂੰ ਜਨਮ ਦਿੱਤਾ ਅਤੇ ਡਿਜ਼ੀਟਲ ਕ੍ਰਾਂਤੀ ਦਾ ਸਹਾਰਾ ਲੈਂਦੇ ਹੋਏ ਉਨ੍ਹਾਂ ਨੂੰ ਪੰਜਾਬੀ ਪਾਠਕਾਂ ਦੀਆਂ ਬਰੂਹਾਂ ਤੱਕ ਪਹੁੰਚਾਇਆ ਹੈ।
ਮਹਿੰਦਰ ਸੂਦ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਵੀ ਲੇਖਣ ਲੜੀ ਦੇ ਵਹਾਅ ਵਿੱਚ ਤੇਜ਼ੀ ਨੂੰ ਬਰਕਰਾਰ ਰੱਖਿਆ ਹੈ
ਮਹਿੰਦਰ ਸੂਦ ਨੇ ਆਪਣੀਆਂ ਕਾਵਿ ਰਚਨਾਂਵਾਂ ਵਿੱਚ ਆਪਣੀ ਰੂਹ ਤੋਂ ਉਕੀਰੇ ਆਪਣੇ ਜਜ਼ਬਾਤਾਂ ਨੂੰ ਕਿਸੇ ਵੀ ਬੰਦਿਸ਼ ਤੋਂ ਰਹਿਤ ਬਣਾਉਣ ਦਾ ਗੁਰ ਸਿੱਖਿਆ ਹੈ। ਵਿਰਕਾਂ ਪਿੰਡ ਦਾ ਇਹ ਨੌਜਵਾਨ ਸ਼ਾਇਰ ਜਿਸ ਨੇ ਬਹੁਤ ਹੀ ਘੱਟ ਸਮੇਂ ਵਿੱਚ ਹੀ ਆਪਣੇ ਕਾਵਿ ਸੰਗ੍ਰਹਿ “ਸੱਚ ਦਾ ਹੋਕਾ” , “ਸੱਚ ਕੌੜਾ ਆ” ਅਤੇ “ਸੱਚ ਵਾਂਗ ਕੱਚ” ਨੂੰ ਈ-ਬੁੱਕ ਰਾਹੀਂ ਪਾਠਕਾਂ ਦੀ ਝੋਲੀ ਵਿੱਚ ਪਾ ਕੇ ਆਪਣਾ ਨਾਮ ਸਥਾਪਤ ਕਵੀਆਂ ਦੀ ਕਤਾਰ ਵਿੱਚ ਲੈ ਕੇ ਆਂਦਾ ਹੈ। ਮਹਿੰਦਰ ਸੂਦ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਵੀ ਲੇਖਣ ਲੜੀ ਦੇ ਵਹਾਅ ਵਿੱਚ ਤੇਜ਼ੀ ਨੂੰ ਬਰਕਰਾਰ ਰੱਖਿਆ ਹੈ। ਆਪਣੀ ਲਿਖਣ ਦੀ ਚੇਟਕ ਨੂੰ ਕਦੇ ਵੀ ਢਿੱਲਾ ਨਹੀਂ ਪੈਣ ਦਿੱਤਾ ਅਤੇ ਬਿਨਾਂ ਕਿਸੇ ਪ੍ਰਵਾਹ ਦੇ ਆਪਣੀ ਲੇਖਣੀ ਨੂੰ ਮਿਆਰੀ ਰੂਪ ਵਿੱਚ ਪਹੁੰਚਾਇਆ ਹੈ ਅਤੇ ਮਹਿੰਦਰ ਸੂਦ ਦੀਆਂ ਈ ਪੁਸਤਕਾਂ ਨੂੰ ਵੀ ਪਾਠਕਾਂ ਨੇ ਮਣਾਂ ਮੂੰਹੀਂ ਪਿਆਰ ਬਖਸ਼ਿਆ ਹੈ। ਬਸ ਫਿਰ ਇਹ ਸਿਲਸਿਲਾ ਪਰਮਾਤਮਾ ਦੀ ਮਿਹਰ ਅਤੇ ਆਪਣੀ ਮਿਹਨਤ ਸਦਕਾ ਅੱਗੇ ਤੋਰਦਿਆਂ ਹੋਇਆਂ ਇੱਕ ਤੋਂ ਬਾਅਦ ਇੱਕ ਕਾਵਿ ਸੰਗ੍ਰਹਿ ਮਹਿੰਦਰ ਸੂਦ ਪੰਜਾਬੀ ਮਾਂ ਬੋਲੀ ਅਤੇ ਪਾਠਕਾਂ ਦੀ ਝੋਲੀ ਪਾ ਰਿਹਾ ਹੈ।
ਮਹਿੰਦਰ ਸੂਦ ਵਿਰਕ ਬਹੁਤ ਹੀ ਮਿਲਾਪੜਾ, ਮਿਹਨਤੀ ਤੇ ਮਿਲਣਸਾਰ ਹਸਮੁੱਖ ਸ਼ਾਇਰ ਹੈ ਅਤੇ ਆਪਣੀ ਮਿੱਟੀ, ਰੂਹ ਨਾਲ ਜੁੜਿਆ ਰਹਿਣ ਵਾਲਾ ਹੈ
ਮਹਿੰਦਰ ਸੂਦ ਤੋਂ ਸ਼ਾਇਰ ਲੇਖਕ ਮਹਿੰਦਰ ਸੂਦ ਵਿਰਕ ਦਾ ਸਫ਼ਰ ਤੈਅ ਕਰਦਿਆਂ ਇਸ ਨੌਜਵਾਨ ਸ਼ਾਇਰ ਨੂੰ ਆਪਣਾ ਚੌਥਾ ਕਾਵਿ ਸੰਗ੍ਰਹਿ “ਸੱਚੇ ਸੁੱਚੇ ਹਰਫ਼” ਨੂੰ ਈ ਬੁੱਕ ਦੇ ਰੂਪ ਵਿੱਚ ਪਾਠਕਾਂ ਦੇ ਸਨਮੁੱਖ ਕਰਨ ਦਾ ਮੌਕਾ ਨਸੀਬ ਹੋ ਰਿਹਾ ਹੈ ਅਤੇ ਪੂਰੀ ਉਮੀਦ ਹੈ ਕਿ ਪਾਠਕ ਇਸ ਕਾਵਿ ਸੰਗ੍ਰਹਿ ਨੂੰ ਪਹਿਲਾਂ ਵਰਗਾ ਹੀ ਅਥਾਹ ਪਿਆਰ ਦੇਣਗੇ ਅਤੇ ਇਸ ਦੀ ਕਲਮ ਨੂੰ ਹੋਰ ਸਨੇਹ ਬਖਸ਼ਣਗੇ । ਆਪਣੀ ਪਾਰਦਰਸ਼ਤਾ ਲੇਖਣੀ ਵਾਂਗ ਹੀ ਆਪਣੇ ਕਿਰਦਾਰ ਵਿੱਚ ਵੀ ਪਾਰਦਰਸ਼ੀ ਰਹਿਣ ਵਾਲਾ ਨੌਜਵਾਨ ਸ਼ਾਇਰ, ਲੇਖਕ ਮਹਿੰਦਰ ਸੂਦ ਵਿਰਕ ਬਹੁਤ ਹੀ ਮਿਲਾਪੜਾ, ਮਿਹਨਤੀ ਤੇ ਮਿਲਣਸਾਰ ਹਸਮੁੱਖ ਸ਼ਾਇਰ ਹੈ ਅਤੇ ਆਪਣੀ ਮਿੱਟੀ, ਰੂਹ ਨਾਲ ਜੁੜਿਆ ਰਹਿਣ ਵਾਲਾ ਹੈ।
ਜਿਸ ਨੂੰ ਹਰ ਕੋਈ ਦਿਲੀਂ ਮੁੱਹਬਤ ਕਰਦਾ ਹੈ। ਅਜਿਹੇ ਸ਼ਾਇਰ ਦੀਆਂ ਰਚਨਾਵਾਂ, ਮਿਹਨਤ ਤੇ ਕਿਰਦਾਰ ਨੂੰ ਦਿਲੋਂ ਅਸੀਸਾਂ ਦੇਣੀਆਂ ਤਾਂ ਬਣਦੀਆਂ ਹਨ। ਉਮੀਦ ਹੈ ਕਿ ਇਹ ਆਪਣੇ ਜਜ਼ਬਾਤਾਂ ਦੇ ਸਮੁੰਦਰ ਵਿੱਚੋਂ ਚੁੱਭੀਆਂ ਮਾਰ ਇਸੇ ਤਰ੍ਹਾਂ ਸ਼ਬਦਾਂ ਦੀ ਮਾਲਾ ਪਰੋਂਦਾ ਰਹੇਗਾ ਅਤੇ ਕਾਵਿ ਸੰਗ੍ਰਹਿਆਂ ਦੇ ਮਾਧਿਅਮ ਰਾਹੀਂ ਪਾਠਕਾਂ ਤੱਕ ਪਹੁੰਚਾਉਂਦਾ ਰਹੇਗਾ। ਲੇਖਕ ਮਹਿੰਦਰ ਸੂਦ ਵਿਰਕ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਸਾਰੀਆਂ, ਦੁਆਵਾਂ, ਅਸੀਸਾਂ ਤੇ ਸ਼ੁੱਭਕਾਮਨਾਵਾਂ।