Fri. Apr 24th, 2026

ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਐਨ.ਸੀ.ਡੀ ਕਲਿਨਿਕ ਅਤੇ ਈ-ਪੀ.ਐਮ.ਐਸ.ਐਮ.ਏ ਸੇਵਾਵਾਂ ਦੀ ਜਾਂਚ

ਸਿਵਲ ਹਸਪਤਾਲ ਹੁਸ਼ਿਆਰਪੁਰ

ਹੁਸ਼ਿਆਰਪੁਰ, 23 ਅਪ੍ਰੈਲ ( ਤਰਸੇਮ ਦੀਵਾਨਾ ) – ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਚੱਲ ਰਹੀਆਂ ਸਿਹਤ ਸੇਵਾਵਾਂ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ ਗਿਆ। ਇਸ ਦੌਰਾਨ ਖ਼ਾਸ ਤੌਰ ‘ਤੇ ਐਨ.ਸੀ.ਡੀ (Non-Communicable Diseases) ਕਲਿਨਿਕ ਅਤੇ ਈ-ਪੀ.ਐਮ.ਐਸ.ਐਮ.ਏ (Pradhan Mantri Surakshit Matritva Abhiyan) ਅਧੀਨ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਜਾਂਚ ਕੀਤੀ ਗਈ।

ਜਾਂਚ ਦੌਰਾਨ ਡਾ. ਰਣਜੀਤ ਸਿੰਘ ਵੱਲੋਂ ਐਨ.ਸੀ.ਡੀ ਕਲਿਨਿਕ ਵਿੱਚ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ, ਸਕ੍ਰੀਨਿੰਗ, ਲੈਬ ਟੈਸਟਾਂ ਅਤੇ ਇਲਾਜ ਸਹੂਲਤਾਂ ਦਾ ਵਿਸਥਾਰ ਨਾਲ ਅਧਿਐਨ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ, ਕੈਂਸਰ ਆਦਿ ਜਿਹੀਆਂ ਗੈਰ-ਸੰਚਾਰੀ ਬਿਮਾਰੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਇਸ ਲਈ ਇਨ੍ਹਾਂ ਦੀ ਸ਼ੁਰੂਆਤੀ ਪਛਾਣ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਮੈਡੀਕਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 30 ਸਾਲ ਤੋਂ ਉੱਪਰ ਉਮਰ ਦੇ ਹਰ ਵਿਅਕਤੀ ਦੀ ਨਿਯਮਿਤ ਸਕ੍ਰੀਨਿੰਗ ਯਕੀਨੀ ਬਣਾਈ ਜਾਵੇ ਅਤੇ ਰਿਸਕ ਵਾਲੇ ਮਰੀਜ਼ਾਂ ਦੀ ਫਾਲੋਅਪ ਰਜਿਸਟਰੀ ਠੀਕ ਤਰੀਕੇ ਨਾਲ ਸੰਭਾਲੀ ਜਾਵੇ।

ਇਸ ਤੋਂ ਇਲਾਵਾ ਉਨ੍ਹਾਂ ਨੇ ਦਵਾਈਆਂ ਦੀ ਉਪਲਬਧਤਾ, ਲੈਬ ਸਹੂਲਤਾਂ, ਮਰੀਜ਼ਾਂ ਲਈ ਕੌਂਸਲਿੰਗ ਸੇਵਾਵਾਂ ਅਤੇ ਰਿਕਾਰਡ ਮੈਨੇਜਮੈਂਟ ਦੀ ਵੀ ਜਾਂਚ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਰੀਜ਼ਾਂ ਨੂੰ ਦਵਾਈ ਦੇ ਨਾਲ-ਨਾਲ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ ਜਾਵੇ, ਜਿਸ ਵਿੱਚ ਸੰਤੁਲਿਤ ਖੁਰਾਕ, ਨਿਯਮਿਤ ਕਸਰਤ ਅਤੇ ਤਣਾਅ ਪ੍ਰਬੰਧਨ ਸ਼ਾਮਲ ਹਨ।

ਹਰ ਮਹੀਨੇ ਦੀ 9 ਅਤੇ 23 ਤਾਰੀਖ ਨੂੰ ਗਰਭਵਤੀ ਮਹਿਲਾਵਾਂ ਲਈ ਵਿਸ਼ੇਸ਼ ਜਾਂਚ ਅਤੇ ਸਲਾਹ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ

ਈ-ਪੀ.ਐਮ.ਐਸ.ਐਮ.ਏ ਸੇਵਾਵਾਂ ਦੀ ਜਾਂਚ ਦੌਰਾਨ ਡਾ. ਰਣਜੀਤ ਸਿੰਘ ਨੇ ਗਰਭਵਤੀ ਮਹਿਲਾਵਾਂ ਦੀ ਰਜਿਸਟ੍ਰੇਸ਼ਨ, ਐਨ.ਟੀ.ਸੀ ਕਾਰਡ, ਲੈਬ ਟੈਸਟਾਂ, ਅਲਟਰਾ ਸਾਊਂਡ ਅਤੇ ਡਾਕਟਰੀ ਸਲਾਹ ਦਾ ਵਿਸਥਾਰ ਨਾਲ ਜਾਇਜ਼ਾ ਲਿਆ। ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਹਰ ਮਹੀਨੇ ਦੀ 9 ਅਤੇ 23 ਤਾਰੀਖ ਨੂੰ ਗਰਭਵਤੀ ਮਹਿਲਾਵਾਂ ਲਈ ਵਿਸ਼ੇਸ਼ ਜਾਂਚ ਅਤੇ ਸਲਾਹ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਤਾਂ ਜੋ ਮਾਤਾ ਅਤੇ ਸ਼ਿਸ਼ੂ ਮੌਤ ਦਰ ਨੂੰ ਘਟਾਇਆ ਜਾ ਸਕੇ।

ਉਨ੍ਹਾਂ ਨੇ ਸਟਾਫ ਨੂੰ ਨਿਰਦੇਸ਼ ਦਿੱਤੇ ਕਿ ਹਰ ਗਰਭਵਤੀ ਮਹਿਲਾ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਹਾਈ ਰਿਸਕ ਕੇਸਾਂ ਦੀ ਸਮੇਂ-ਸਿਰ ਪਛਾਣ ਕਰਕੇ ਉਨ੍ਹਾਂ ਨੂੰ ਉੱਚ ਸਿਹਤ ਸੰਸਥਾਵਾਂ ਵੱਲ ਰੈਫਰ ਕੀਤਾ ਜਾਵੇ। ਇਸ ਦੇ ਨਾਲ ਹੀ ਮਹਿਲਾਵਾਂ ਨੂੰ ਪੋਸ਼ਣ, ਸੁਰੱਖਿਅਤ ਜਚਗੀ ਅਤੇ ਨਵਜਨਮੇ ਬੱਚੇ ਦੀ ਦੇਖਭਾਲ ਬਾਰੇ ਵਧੇਰੇ ਜਾਗਰੂਕ ਕੀਤਾ ਜਾਵੇ।

ਡਾ. ਰਣਜੀਤ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਗੁਣਵੱਤਾ ਨੂੰ ਬਣਾਈ ਰੱਖਣ ਲਈ ਨਿਰੰਤਰ ਮਾਨੀਟਰਿੰਗ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਹਸਪਤਾਲ ਪ੍ਰਬੰਧਨ ਨੂੰ ਸਫਾਈ, ਮਰੀਜ਼ਾਂ ਦੀ ਸਹੂਲਤ ਅਤੇ ਸਮੇਂ-ਸਿਰ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਵੀ ਹਦਾਇਤਾਂ ਜਾਰੀ ਕੀਤੀਆਂ।

ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਨਵਜੋਤ ਸਿੰਘ, ਡਾਕਟਰ ਨੇਹਾ ਪਾਲ, ਹਸਪਤਾਲ ਦੇ ਗਾਇਨਕੋਲੋਜਿਸਟ, ਮੈਡੀਕਲ ਅਫਸਰ, ਨਰਸਿੰਗ ਸਟਾਫ ਅਤੇ ਹੋਰ ਸਿਹਤ ਕਰਮਚਾਰੀ ਮੌਜੂਦ ਸਨ।

By admin

Related Post