Fri. Apr 24th, 2026

ਜਿਹੜੀ ਸਰਕਾਰ ਔਰਤਾਂ ਦੇ ਸਨਮਾਨ ਅਤੇ ਵਾਅਦਿਆਂ ਦੀ ਰਾਖੀ ਨਹੀਂ ਕਰ ਸਕਦੀ, ਉਸ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਹੱਕ ਨਹੀ : ਨੀਤੀ ਤਲਵਾੜ

ਸਰਕਾਰ

ਹੁਸ਼ਿਆਰਪੁਰ 23 ਅਪ੍ਰੈਲ ( ਤਰਸੇਮ ਦੀਵਾਨਾ ) – ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਮਹਿਲਾ ਨੇਤਰੀ ਨੀਤੀ ਤਲਵਾੜ ਨੇ ਪੰਜਾਬ ਦੀ ਮੌਜੂਦਾ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਜਿਹੜੀ ਸਰਕਾਰ ਔਰਤਾਂ ਦੇ ਸਨਮਾਨ ਅਤੇ ਉਨ੍ਹਾਂ ਨਾਲ ਕੀਤੇ ਵਾਅਦਿਆਂ ਦੀ ਰਾਖੀ ਨਹੀਂ ਕਰ ਸਕਦੀ, ਉਸ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਹੱਕ ਨਹੀਂ। ਉਹ ਹੁਸ਼ਿਆਰਪੁਰ ਦੇ ਵਾਰਡ ਨੰਬਰ 20 ਵਿਖੇ ਉੱਘੀ ਸਮਾਜ ਸੇਵਿਕਾ ਮੀਨਾਕਸ਼ੀ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਨ ਮੌਕੇ ਕਰਵਾਏ ਗਏ ਇੱਕ ਪ੍ਰੋਗਰਾਮ ਦੌਰਾਨ ਗੱਲਬਾਤ ਕਰ ਰਹੇ ਸਨ।

ਸਰਕਾਰ ਦੀਆਂ ਨਾਕਾਮੀਆਂ ‘ਤੇ ਵਰ੍ਹਦਿਆਂ ਨੀਤੀ ਤਲਵਾੜ ਨੇ ਮਹਿਜ਼ ਚੋਣਾਂ ਵੇਲੇ ਹਰ ਮਹਿਲਾ ਨੂੰ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੇ ਪੰਜ ਸਾਲ ਪੂਰੇ ਹੋਣ ਦੇ ਬਾਵਜੂਦ ਇਹ ਵਾਅਦਾ ਵਫ਼ਾ ਨਹੀਂ ਕੀਤਾ। ਹੁਣ ਜਾਂਦੀ ਵਾਰ ਫਿਰ ਔਰਤਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਹਿਲਾ ਦਿਵਸ ਵਰਗੇ ਪਵਿੱਤਰ ਮੌਕੇ ‘ਤੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਅਤੇ ਵਤੀਰਾ ਅਪਣਾਇਆ ਗਿਆ, ਉਹ ਸਮੁੱਚੀ ਮਹਿਲਾ ਸ਼ਕਤੀ ਦਾ ਅਪਮਾਨ ਹੈ। ਉਹਨਾਂ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਮਹਿਲਾਵਾਂ ਇਸ ਅਪਮਾਨ ਅਤੇ ਧੋਖੇ ਦਾ ਬਦਲਾ ਇਸ ਸਰਕਾਰ ਨੂੰ ਚੱਲਦਾ ਕਰਕੇ ਲੈਣਗੀਆਂ।

ਇਸ ਮੌਕੇ ਨੀਤੀ ਤਲਵਾੜ ਨੇ ਮੀਨਾਕਸ਼ੀ ਨੂੰ ਪਾਰਟੀ ਵਿੱਚ ਸ਼ਾਮਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਹੁਸ਼ਿਆਰਪੁਰ ਵਿੱਚ ਪਾਰਟੀ ਹੋਰ ਮਜ਼ਬੂਤ ਹੋਵੇਗੀ। ਮੀਨਾਕਸ਼ੀ ਨੇ ਪਾਰਟੀ ਦੀਆਂ ਨੀਤੀਆਂ ‘ਤੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਉਹ ਮਹਿਲਾਵਾਂ ਦੇ ਹੱਕਾਂ ਲਈ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਮਿਹਨਤ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਹਿਰੀ ਪ੍ਰਧਾਨ ਸੰਜੀਵ ਥਾਪਰ ਲੰਬੜਦਾਰ ਅਤੇ ਇਲਾਕੇ ਦੀਆਂ ਹੋਰ ਵੀ ਕਈ ਮਹਿਲਾਵਾਂ ਅਤੇ ਪਾਰਟੀ ਵਰਕਰ ਹਾਜ਼ਰ ਸਨ, ਜਿਨ੍ਹਾਂ ਨੇ ਇੱਕਜੁੱਟ ਹੋ ਕੇ ਮੌਜੂਦਾ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਅਹਿਦ ਲਿਆ।

By admin

Related Post