-ਲੱਖਯਦੀਪ, ਮਨਕਰਨ, ਯੁਵਰਾਜ, ਅਭਿਨਵ ਤੇ ਮਨਨ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਹੁਸ਼ਿਆਰਪੁਰ 16 ਅਪ੍ਰੈਲ (ਤਰਸੇਮ ਦੀਵਾਨਾ) – ਪੰਜਾਬ ਕ੍ਰਿਕਟ ਐਸੋਸੀਏਸ਼ਨ ਦੁਆਰਾ ਕਰਵਾਈ ਜਾ ਰਹੀ ਅੰਡਰ-16 ਅੰਤਰ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਵਿੱਚ ਖੇਡੇ ਗਏ ਦੋ ਰੋਜ਼ਾ ਮੈਚ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ ਜ਼ਿਲ੍ਹਾ ਨਵਾਂਸ਼ਹਿਰ ਟੀਮ ਨੂੰ 10 ਵਿਕਟਾਂ ਨਾਲ ਹਰਾ ਕੇ ਆਪਣੇ ਪੂਲ ਵਿੱਚ ਲਗਾਤਾਰ ਤੀਜੀ ਜਿੱਤ ਦਰਜ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚ.ਡੀ.ਸੀ.ਏ. ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਖੇਡੇ ਗਏ ਦੋ ਰੋਜ਼ਾ ਮੈਚ ਵਿੱਚ ਨਵਾਂਸ਼ਹਿਰ ਦੀ ਟੀਮ ਨੇ ਟਾਸ ਜਿੱਤ ਕੇ ਹੁਸ਼ਿਆਰਪੁਰ ਦੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ।
ਜਿਸ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ 87.2 ਓਵਰਾਂ ਵਿੱਚ 221 ਦੌੜਾਂ ਬਣਾਈਆਂ। ਜਿਸ ਵਿੱਚ ਲੱਖਯਦੀਪ ਸੰਧੂ ਨੇ 56 ਦੌੜਾਂ, ਮਨਕਰਨ ਸਿੰਘ ਨੇ 46 ਦੌੜਾਂ, ਮਨਨ ਨਾਰਾਇਣ ਨੇ 22 ਦੌੜਾਂ, ਕਪਤਾਨ ਯੁਵਰਾਜ ਠਾਕੁਰ ਨੇ 24 ਦੌੜਾਂ, ਅਮਰਪ੍ਰੀਤ ਸਿੰਘ ਨੇ 18 ਦੌੜਾਂ, ਰਮਨਵੀਰ ਸਿੰਘ ਨੇ ਨਾਬਾਦ 14 ਦੌੜਾਂ ਦਾ ਯੋਗਦਾਨ ਦਿੱਤਾ। ਨਵਾਂਸ਼ਹਿਰ ਵੱਲੋਂ ਗੇਂਦਬਾਜ਼ੀ ਕਰਦਿਆਂ ਖੁਸ਼ਕੁਮਾਰ ਗੁਪਤਾ, ਤਰਨਵੀਰ ਸਿੰਘ, ਮੀਨਾਰ ਵਰਮਾ, ਮੁਹੰਮਦ ਅਲਤਾਫ਼, ਸਖ਼ਮ ਨੇ 2-2 ਵਿਕਟਾਂ ਝਟਕਾਈਆਂ। ਬੱਲੇਬਾਜ਼ੀ ਕਰਨ ਉਤਰੀ ਨਵਾਂਸ਼ਹਿਰ ਦੀ ਟੀਮ ਹੁਸ਼ਿਆਰਪੁਰ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਪੂਰੀ ਤਰ੍ਹਾਂ ਬਿਖਰ ਗਈ ਅਤੇ ਸਾਰੀ ਟੀਮ ਸਿਰਫ਼ 119 ਦੌੜਾਂ ਹੀ ਬਣਾ ਕੇ ਪਹਿਲੀ ਪਾਰੀ ਵਿੱਚ ਆਲ ਆਊਟ ਹੋ ਗਈ।
ਮੈਚ ਵਿੱਚ ਦੂਜੀ ਪਾਰੀ ਵਿੱਚ 27 ਦੌੜਾਂ ਦਾ ਟੀਚਾ ਪਿੱਛਾ ਕਰਦਿਆਂ ਹੁਸ਼ਿਆਰਪੁਰ ਟੀਮ ਨੇ 3 ਓਵਰਾਂ ਵਿੱਚ 10 ਵਿਕਟਾਂ ਨਾਲ ਜਿੱਤ ਦਰਜ ਕੀਤੀ
ਨਵਾਂਸ਼ਹਿਰ ਦੀ ਟੀਮ ਨੇ ਪਹਿਲੀ ਪਾਰੀ ਦੀ ਬੱਲੇਬਾਜ਼ੀ ਵਿੱਚ ਪਛੜਨ ਤੋਂ ਬਾਅਦ ਦੂਜੀ ਪਾਰੀ ਵਿੱਚ ਫਾਲੋ-ਆਨ ‘ਤੇ ਖੇਡਦਿਆਂ ਸਿਰਫ਼ 125 ਦੌੜਾਂ ਬਣਾਈਆਂ। ਜਿਸ ਵਿੱਚ ਸਭ ਤੋਂ ਵੱਧ ਖੁਸ਼ਕੁਮਾਰ ਗੁਪਤਾ 40 ਦੌੜਾਂ, ਕ੍ਰਿਸ਼ ਸਿੱਕਾ 15 ਦੌੜਾਂ ਦਾ ਯੋਗਦਾਨ ਦਿੱਤਾ। ਹੁਸ਼ਿਆਰਪੁਰ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਅਭਿਨਵ ਪ੍ਰਤਾਪ ਸਿੰਘ ਨੇ ਦੂਜੀ ਪਾਰੀ ਵਿੱਚ 5 ਵਿਕਟਾਂ ਨਾਲ ਮੈਚ ਵਿੱਚ ਕੁੱਲ 10 ਵਿਕਟਾਂ ਹਾਸਲ ਕੀਤੀਆਂ। ਹੁਸ਼ਿਆਰਪੁਰ ਦੇ ਆਰੀਆਵੀਰ ਨੇ 3 ਵਿਕਟਾਂ, ਈਸ਼ਾਨ ਅਤਰ ਨੇ 2 ਵਿਕਟਾਂ ਅਤੇ ਰਮਨਵੀਰ ਨੇ ਨਵਾਂਸ਼ਹਿਰ ਦੇ ਇੱਕ ਖਿਡਾਰੀ ਨੂੰ ਆਊਟ ਕੀਤਾ। ਮੈਚ ਵਿੱਚ ਦੂਜੀ ਪਾਰੀ ਵਿੱਚ 27 ਦੌੜਾਂ ਦਾ ਟੀਚਾ ਪਿੱਛਾ ਕਰਦਿਆਂ ਹੁਸ਼ਿਆਰਪੁਰ ਟੀਮ ਨੇ 3 ਓਵਰਾਂ ਵਿੱਚ 10 ਵਿਕਟਾਂ ਨਾਲ ਜਿੱਤ ਦਰਜ ਕੀਤੀ।
ਹੁਸ਼ਿਆਰਪੁਰ ਦੀ ਇਸ ਜਿੱਤ ‘ਤੇ ਐਚ.ਡੀ.ਸੀ.ਏ. ਪ੍ਰਧਾਨ ਡਾ. ਦਲਜੀਤ ਖੇਲਾ ਨੇ ਸਮੂਹ ਐਸੋਸੀਏਸ਼ਨ ਵੱਲੋਂ ਟੀਮ ਨੂੰ ਵਧਾਈ ਦਿੱਤੀ। ਹੁਸ਼ਿਆਰਪੁਰ ਦੀ ਇਸ ਜਿੱਤ ‘ਤੇ ਜ਼ਿਲ੍ਹਾ ਕੋਚ ਦਲਜੀਤ ਸਿੰਘ, ਪਰਵੀਨ ਕੁਮਾਰ, ਅਨਿਲ ਹੰਸ, ਦਲਜੀਤ ਧੀਮਾਨ, ਪੰਕਜ ਪਿੰਕਾ, ਦਿਨੇਸ਼ ਸ਼ਰਮਾ ਅਤੇ ਜ਼ਿਲ੍ਹਾ ਟ੍ਰੇਨਰ ਤੇ ਸਾਬਕਾ ਰਾਸ਼ਟਰੀ ਖਿਡਾਰੀ ਕੁਲਦੀਪ ਧਾਮੀ ਨੇ ਵੀ ਟੀਮ ਨੂੰ ਵਧਾਈ ਦਿੱਤੀ। ਟੀਮ ਦੀ ਇਸ ਜਿੱਤ ‘ਤੇ ਜ਼ਿਲ੍ਹਾ ਮਹਿਲਾ ਕੋਚ ਨਰਿੰਦਰ ਕੌਰ ਅਤੇ ਸਹਾਇਕ ਕੋਚ ਨਿਕਿਤਾ ਕੁਮਾਰੀ, ਕੁਲਵੀਰ ਹੈਪੀ, ਨੇ ਵੀ ਟੀਮ ਨੂੰ ਵਧਾਈ ਦਿੰਦੇ ਹੋਏ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਐਚ.ਡੀ.ਸੀ.ਏ. ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਟੀਮ ਆਪਣਾ ਅਗਲਾ ਮੁਕਾਬਲਾ 18 ਅਤੇ 19 ਅਪ੍ਰੈਲ ਨੂੰ ਮੁਹਾਲੀ ਨਾਲ ਮੁਹਾਲੀ ਵਿੱਚ ਖੇਡੇਗੀ ਅਤੇ 21 ਅਤੇ 22 ਅਪ੍ਰੈਲ ਨੂੰ ਫਤਹਿਗੜ੍ਹ ਸਾਹਿਬ ਨਾਲ ਹੁਸ਼ਿਆਰਪੁਰ ਵਿੱਚ ਖੇਡਿਆ ਜਾਵੇਗਾ।

