Breaking
Mon. Jun 29th, 2026

ਸੀਨੀਅਰ ਕਾਟੋਚ ਸ਼ੀਲਡ ਅੰਤਰ-ਜ਼ਿਲ੍ਹਾ ਕ੍ਰਿਕਟ ਵਿੱਚ ਹੁਸ਼ਿਆਰਪੁਰ ਨੇ ਰੋਪੜ ਨੂੰ ਹਰਾ ਕੇ 4 ਅੰਕ ਪ੍ਰਾਪਤ ਕੀਤੇ : ਡਾ. ਰਮਨ ਘਈ

ਸੀਨੀਅਰ ਕਾਟੋਚ ਸ਼ੀਲਡ

ਹੁਸ਼ਿਆਰਪੁਰ 29 ਜੂਨ ( ਤਰਸੇਮ ਦੀਵਾਨਾ ) – ਸੀਨੀਅਰ ਕਾਟੋਚ ਸ਼ੀਲਡ ਅੰਤਰ-ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਵਿੱਚ ਹੁਸ਼ਿਆਰਪੁਰ ਨੇ ਰੋਪੜ ਨੂੰ ਪਹਿਲੀ ਪਾਰੀ ਵਿੱਚ ਹਰਾ ਕੇ 4 ਅੰਕ ਪ੍ਰਾਪਤ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਚ.ਡੀ.ਸੀ.ਏ. ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਦੋ ਰੋਜ਼ਾ ਖੇਡੇ ਗਏ ਇਸ ਮੈਚ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 88.1 ਓਵਰਾਂ ਵਿੱਚ 370 ਦੌੜਾਂ ਬਣਾਈਆਂ। ਹੁਸ਼ਿਆਰਪੁਰ ਵੱਲੋਂ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਰਜਤ ਸੋਨੀ ਨੇ 171 ਦੌੜਾਂ, ਪੁਲਕਿਤ ਸ਼ਰਮਾ ਨੇ 39, ਹਰਦਿਤ ਸਿੰਘ ਸੈਣੀ ਨੇ 34, ਵਿਪਨ ਚੌਹਾਨ, ਐਸ਼ਵੀਰ ਅਤੇ ਧਰੁਵ ਬਘਾਨੀਆ ਨੇ ਕ੍ਰਮਵਾਰ 22, 20 ਅਤੇ 13 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਇਲਾਵਾ ਹੁਸ਼ਿਆਰਪੁਰ ਟੀਮ ਦੇ ਉਪ-ਕਪਤਾਨ ਕੁਲਵੀਰ ਸਿੰਘ ਨੇ 16 ਅਤੇ ਗੁਰਸ਼ਰਨ ਸਿੰਘ ਸਿਹਰਾ ਨੇ ਨਾਬਾਦ 11 ਦੌੜਾਂ ਦੀ ਪਾਰੀ ਖੇਡੀ। ਰੋਪੜ ਵੱਲੋਂ ਗੇਂਦਬਾਜ਼ੀ ਕਰਦਿਆਂ ਅਰਸ਼ਨੂਰ ਨੇ 4, ਜਸਪ੍ਰੀਤ, ਰਾਹੁਲ ਅਤੇ ਨਿਪੁਨ ਨੇ 2-2 ਖਿਡਾਰੀਆਂ ਨੂੰ ਆਊਟ ਕੀਤਾ।

ਰੋਪੜ ਦੀ ਟੀਮ ਨੇ ਹੁਸ਼ਿਆਰਪੁਰ ਦੇ 370 ਦੌੜਾਂ ਦੇ ਜਵਾਬ ਵਿੱਚ 68 ਓਵਰਾਂ ਵਿੱਚ ਕੇਵਲ 241 ਦੌੜਾਂ ਹੀ ਬਣਾਈਆਂ

ਡਾ. ਘਈ ਨੇ ਦੱਸਿਆ ਕਿ ਰੋਪੜ ਦੀ ਟੀਮ ਨੇ ਹੁਸ਼ਿਆਰਪੁਰ ਦੇ 370 ਦੌੜਾਂ ਦੇ ਜਵਾਬ ਵਿੱਚ 68 ਓਵਰਾਂ ਵਿੱਚ ਕੇਵਲ 241 ਦੌੜਾਂ ਹੀ ਬਣਾਈਆਂ। ਜਿਸ ਵਿੱਚ ਜੀਵਨਜੋਤ ਸਿੰਘ ਬਾਜਵਾ ਨੇ 78 ਅਤੇ ਕਰਮਨਪ੍ਰੀਤ ਸਿੰਘ ਨੇ 53 ਦੌੜਾਂ ਦਾ ਯੋਗਦਾਨ ਦਿੱਤਾ। ਹੁਸ਼ਿਆਰਪੁਰ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਕਪਤਾਨ ਕਰਮਵੀਰ ਸਿੰਘ ਨੇ 5 ਵਿਕਟਾਂ, ਧਰੁਵ ਬਘਾਨੀਆ ਨੇ 2, ਗੁਰਸ਼ਰਨ ਸਿੰਘ ਸਿਹਰਾ ਅਤੇ ਆਰੀਅਨ ਅਰੋੜਾ ਨੇ 1-1 ਖਿਡਾਰੀ ਨੂੰ ਆਊਟ ਕੀਤਾ। ਪਹਿਲੀ ਪਾਰੀ ਵਿੱਚ ਪੱਛੜਨ ਤੋਂ ਬਾਅਦ ਰੋਪੜ ਦੀ ਟੀਮ ਨੇ ਫਾਲੋ-ਆਨ ‘ਤੇ ਖੇਡਦਿਆਂ ਦੂਜੀ ਪਾਰੀ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 96 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਹੁਸ਼ਿਆਰਪੁਰ ਨੇ ਇਸ ਮੈਚ ਵਿੱਚ ਪਹਿਲੀ ਪਾਰੀ ਵਿੱਚ ਬੜ੍ਹਤ ਦੇ ਆਧਾਰ ‘ਤੇ 4 ਅੰਕ ਪ੍ਰਾਪਤ ਕਰਦਿਆਂ ਇਹ ਮੈਚ ਜਿੱਤ ਲਿਆ।

ਹੁਸ਼ਿਆਰਪੁਰ ਦੀ ਇਸ ਜਿੱਤ ‘ਤੇ ਐੱਚ.ਡੀ.ਸੀ.ਏ. ਦੇ ਡਾ. ਦਲਜੀਤ ਖੇਲਾ ਨੇ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਐੱਚ.ਡੀ.ਸੀ.ਏ. ਦੇ ਵਿਵੇਕ ਸਾਹਨੀ, ਠਾਕੁਰ ਜੋਗਰਾਜ, ਡਾ. ਪੰਕਜ ਸ਼ਿਵ, ਸੁਭਾਸ਼ ਸ਼ਰਮਾ ਅਤੇ ਸਮੂਹ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵਧਾਈ ਦਿੱਤੀ। ਹੁਸ਼ਿਆਰਪੁਰ ਦੀ ਇਸ ਜਿੱਤ ‘ਤੇ ਟੀਮ ਕੋਚ ਦਲਜੀਤ ਸਿੰਘ, ਸਹਾਇਕ ਕੋਚ ਪਰਵੀਨ ਸ਼ਿੰਟੂ, ਅਸ਼ੋਕ ਸ਼ਰਮਾ, ਦਿਨੇਸ਼ ਸ਼ਰਮਾ, ਪੰਕਜ ਪਿੰਕਾ ਅਤੇ ਮਹਿਲਾ ਕੋਚ ਦਵਿੰਦਰ ਕੌਰ ਕਲਿਆਣ ਨੇ ਟੀਮ ਦੀ ਜਿੱਤ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਮਿਹਨਤ ਅਤੇ ਲਗਨ ਨਾਲ ਖਿਡਾਰੀਆਂ ਨੇ ਇਹ ਮੈਚ ਜਿੱਤਿਆ ਹੈ, ਉਹ ਅੱਗੇ ਵੀ ਫਤਹਿਗੜ੍ਹ ਸਾਹਿਬ ਨਾਲ 1 ਅਤੇ 2 ਜੁਲਾਈ ਨੂੰ ਹੋਣ ਵਾਲੇ ਮੈਚ ਵਿੱਚ ਵਧੀਆ ਪ੍ਰਦਰਸ਼ਨ ਕਰਨਗੇ।

By admin

Related Post