Breaking
Wed. Jul 1st, 2026

ਧਰਮਿੰਦਰ ਪ੍ਰਧਾਨ ਅਸਤੀਫਾ ਦੇਣ, ਨੀਟ-ਯੂਜੀ ਅਤੇ ਯੂਜੀਸੀ-ਨੈੱਟ ਵਰਗੀਆਂ ਪ੍ਰੀਖਿਆਵਾਂ ਦੀ ਤਾਰੀਖ ਤੈਅ ਹੋਵੇ : ਪਰਗਟ ਸਿੰਘ

ਧਰਮਿੰਦਰ ਪ੍ਰਧਾਨ

ਦੇਸ਼ ਦੇ ਸਿੱਖਿਆ ਬਜਟ ਦੇ ਬਰਾਬਰ ਨੀਟ ਦੀ ਤਿਆਰੀ ‘ਤੇ 1.32 ਲੱਖ ਕਰੋੜ ਰੁਪਏ ਖਰਚ ਕਰਦੇ ਹਨ ਵਿਦਿਆਰਥੀ

ਹੁਸ਼ਿਆਰਪੁਰ, 30 ਜੂਨ (ਤਰਸੇਮ ਦੀਵਾਨਾ) – ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਵਿਧਾਇਕ ਪਰਗਟ ਸਿੰਘ ਨੇ ਅੱਜ ਹੁਸ਼ਿਆਰਪੁਰ ਵਿੱਚ ਨੀਟ ਸਕੈਮ ਅਤੇ ਪੇਪਰ ਲੀਕ ਨੂੰ ਲੈ ਕੇ ਰਾਸ਼ਟਰੀ ਪ੍ਰੀਖਿਆ ਪ੍ਰਣਾਲੀ ਦੇ ਪੂਰੀ ਤਰ੍ਹਾਂ ਢਹਿ ਢੇਰੀ ਹੋਣ ‘ਤੇ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪ੍ਰੀਖਿਆ ਏਜੰਸੀ (ਐਨਟੀਏ) ਆਪਣੇ ਮੂਲ ਜ਼ਿੰਮੇਵਾਰੀ ਨੂੰ ਨਿਭਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ, ਜਿਸ ਕਾਰਨ ਨੀਟ-ਯੂਜੀ ਅਤੇ ਯੂਜੀਸੀ-ਨੈੱਟ ਵਰਗੀਆਂ ਕਈ ਰਾਸ਼ਟਰੀ ਪ੍ਰੀਖਿਆਵਾਂ ਲੀਕ ਅਤੇ ਰੱਦ ਹੋਈਆਂ ਹਨ। ਸਥਾਨਕ ਬਤਰਾ ਹੋਟਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਤੁਰੰਤ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਸਤੀਫਾ ਦੇਣ। ਪੇਪਰ ਲੀਕ ਮਾਫੀਆ ਦੇ ਉਨ੍ਹਾਂ ਨਾਲ ਸੰਭਾਵੀ ਸਬੰਧਾਂ ਦੀ ਜਾਂਚ ਹੋਣੀ ਚਾਹੀਦੀ ਹੈ।

ਸਿੱਖਿਆ ਪ੍ਰਣਾਲੀ ਵਿੱਚ ਵਿਆਪਕ ਸੁਧਾਰ ਕੀਤੇ ਜਾਣੇ ਚਾਹੀਦੇ ਹਨ। ਹੁਣ ਕੋਈ ਹੋਰ ਪੇਪਰ ਲੀਕ ਨਹੀਂ ਹੋਣਾ ਚਾਹੀਦਾ। ਹਰ ਸਾਲ ਨੀਟ-ਯੂਜੀ ਅਤੇ ਯੂਜੀਸੀ-ਨੈੱਟ ਵਰਗੀਆਂ ਪ੍ਰੀਖਿਆਵਾਂ ਅਤੇ ਭਰਤੀ ਲਈ ਨਿਰਧਾਰਤ ਸਾਲਾਨਾ ਕੈਲੰਡਰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਜਿਸ ਵਿੱਚ ਪ੍ਰੀਖਿਆ ਦੀਆਂ ਤਾਰੀਖਾਂ, ਨਤੀਜੇ ਦੀਆਂ ਤਾਰੀਖਾਂ ਅਤੇ ਨਿਯੁਕਤੀ ਦੀ ਸਮਾਂ ਸੀਮਾ ਪਹਿਲਾਂ ਹੀ ਘੋਸ਼ਿਤ ਕੀਤੀ ਜਾਣ। ਪਰਗਟ ਸਿੰਘ ਨੇ ਕਿਹਾ ਕਿ ਸਿਰਫ ਨੀਟ ਪ੍ਰੀਖਿਆ ਲਈ ਹੀ 22 ਲੱਖ ਤੋਂ ਵੱਧ ਪਰਿਵਾਰ ਮਿਲ ਕੇ ਹਰ ਸਾਲ ਲਗਭਗ 1.32 ਲੱਖ ਕਰੋੜ ਰੁਪਏ ਖਰਚ ਕਰ ਰਹੇ ਹਨ। ਜਦੋਂ ਕਿ ਸਾਡੇ ਦੇਸ਼ ਦੀ ਐਜੂਕੇਸ਼ਨ ਦਾ ਸਾਲ ਦਾ ਬਜਟ 1.40 ਲੱਖ ਕਰੋੜ ਹੈ। ਯਾਨੀ ਕਿ ਹਰ ਸਾਲ ਜਿੰਨਾ ਸਿੱਖਿਆ ‘ਤੇ ਬਜਟ ਖਰਚ ਕੀਤਾ ਜਾਂਦਾ ਹੈ, ਉਨਾ ਪੈਸਾ ਨੀਟ ਦੀ ਤਿਆਰੀ ਵਿੱਚ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦਾ ਲੱਗ ਰਿਹਾ ਹੈ।

ਨੀਟ ਵਰਗੀਆਂ ਪ੍ਰੀਖਿਆਵਾਂ ਵਿੱਚ ਰੋਜ਼ਗਾਰ ਦੀ ਗਰੰਟੀ ਦੇਣ ਦੀ ਗੱਲ ਕੀਤੀ ਜਾਂਦੀ ਹੈ

ਉਨ੍ਹਾਂ ਖੁਲਾਸਾ ਕੀਤਾ ਕਿ ਨੀਟ ਵਰਗੀਆਂ ਪ੍ਰੀਖਿਆਵਾਂ ਵਿੱਚ ਰੋਜ਼ਗਾਰ ਦੀ ਗਰੰਟੀ ਦੇਣ ਦੀ ਗੱਲ ਕੀਤੀ ਜਾਂਦੀ ਹੈ, ਪਰ ਸੱਚਾਈ ਇਹ ਹੈ ਕਿ ਹਰ 1,000 ਵਿਦਿਆਰਥੀਆਂ ਵਿੱਚੋਂ ਮੁਸ਼ਕਿਲ ਨਾਲ 12 ਹੀ ਸਥਾਈ ਅਤੇ ਤਨਖਾਹਦਾਰ ਨੌਕਰੀਆਂ ਪਾਉਂਦੇ ਹਨ। ਜਦੋਂ ਕਿ ਆਈਆਈਟੀ ਦੇ 80% ਗ੍ਰੈਜੂਏਟਾਂ ਨੂੰ ਵੀ ਰੋਜ਼ਗਾਰ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਪਰਗਟ ਸਿੰਘ ਨੇ ਦੱਸਿਆ ਕਿ ਮੀਡੀਆ ਰਿਪੋਰਟਾਂ ਮੁਤਾਬਿਕ ਪਿਛਲੇ 10 ਸਾਲਾਂ ਵਿੱਚ ਭਾਰਤ ਵਿੱਚ ਪੇਪਰ ਲੀਕ ਦੇ 89 ਸ਼ੱਕੀ ਮਾਮਲੇ ਸਾਹਮਣੇ ਆਏ। ਜਿਨ੍ਹਾਂ ਵਿੱਚ ਘੱਟੋ-ਘੱਟ 6.2 ਕਰੋੜ ਵਿਦਿਆਰਥੀ ਪ੍ਰਭਾਵਿਤ ਹੋਏ। ਘੱਟੋ-ਘੱਟ 48 ਪ੍ਰੀਖਿਆਵਾਂ ਦੁਬਾਰਾ ਕਰਵਾਉਣੀਆਂ ਪਈਆਂ ਅਤੇ 22 ਪ੍ਰੀਖਿਆਵਾਂ ਤਾਂ ਕਰਵਾਏ ਜਾਣ ਤੋਂ ਪਹਿਲਾਂ ਹੀ ਰੱਦ ਹੋ ਗਈਆਂ।

ਨੀਟ-ਯੂਜੀ 2024 ਤੋਂ ਇਲਾਵਾ 2019 ਤੋਂ ਬਾਅਦ ਦੇਸ਼ ਦੇ 19 ਰਾਜਾਂ ਵਿੱਚ ਘੱਟੋ-ਘੱਟ 64 ਵੱਡੀਆਂ ਪ੍ਰੀਖਿਆਵਾਂ ਪੇਪਰ ਲੀਕ ਦੇ ਦੋਸ਼ਾਂ ਦਾ ਸਾਹਮਣਾ ਕਰ ਚੁੱਕੀਆਂ ਹਨ। ਇਨ੍ਹਾਂ ਵਿੱਚ 45 ਸਰਕਾਰੀ ਭਰਤੀ ਪ੍ਰੀਖਿਆਵਾਂ ਸਨ ਅਤੇ ਘੱਟੋ-ਘੱਟ 27 ਪ੍ਰੀਖਿਆਵਾਂ ਰੱਦ ਜਾਂ ਮੁਲਤਵੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਦਾ ਹਰ ਇੱਕ ਮੈਂਬਰ ਨੌਜਵਾਨਾਂ ਦੀ ਆਵਾਜ਼ ਸੁਣਨ ਅਤੇ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੋਣ ਤੱਕ ਸ਼ਾਂਤ ਨਹੀਂ ਬੈਠੇਗਾ। ਕਾਂਗਰਸ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਲੜਾਈ ਲੜੀ ਜਾਵੇਗੀ।

ਇਸ ਮੌਕੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਦਲਜੀਤ ਸਿੰਘ ਗਿਲਜੀਆਂ, ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ, ਸਾਬਕਾ ਵਿਧਾਇਕ ਇੰਦੂ ਬਾਲਾ, ਸਾਬਕਾ ਯੂਥ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ, ਸੀਨੀਅਰ ਕਾਂਗਰਸ ਆਗੂ ਯਾਮਨੀ ਗੋਮਰ, ਰੋਹਿਤ ਜੋਸ਼ੀ ਵਕੀਲ ਅਤੇ ਕਾਂਗਰਸੀ ਆਗੂ, ਅਮਰਪਾਲ ਕਾਕਾ, ਪ੍ਰਧਾਨ ਸਿਟੀ ਨਵੀ ਰਿਹਲ, ਸਰਵਣ ਸਿੰਘ ਅਤੇ ਨਰਵੀਰ ਨੰਦੀ ਵੀ ਮੌਜੂਦ ਰਹੇ।

By admin

Related Post