Breaking
Sat. Apr 26th, 2025

ਡਿਪਟੀ ਕਮਿਸ਼ਨਰ ਵਲੋਂ ਜਲੰਧਰ ਦੇ ਪਿੰਡਾਂ ‘ਚ 66 ਮਾਡਲ ਖੇਡ ਮੈਦਾਨ ਅਤੇ 39 ਪਾਰਕਾਂ ਹੋਰ ਬਣਾਉਣ ਦੀ ਪ੍ਰਵਾਨਗੀ

ਡਿਪਟੀ ਕਮਿਸ਼ਨਰ

– ਖੇਡ ਸਭਿਆਚਾਰ ਪੈਦਾ ਕਰਨ ਲਈ ਉਸਾਰੇ ਜਾ ਰਹੇ ਨੇ ਖੇਡ ਮੈਦਾਨ : ਡਾ. ਹਿਮਾਂਸ਼ੂ ਅਗਰਵਾਲ

ਜਲੰਧਰ 15 ਅਪ੍ਰੈਲ (ਜਸਵਿੰਦਰ ਸਿੰਘ ਆਜ਼ਾਦ)- ਜ਼ਿਲ੍ਹੇ ਵਿੱਚ ਖੇਡ ਬੁਨਿਆਦੀ ਢਾਂਚੇ ਨੂੰ ਹੇਠਲੇ ਪੱਧਰ ਤੱਕ ਹੋਰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਸਿਹਤਮੰਦ ਜੀਵਨਸ਼ੈਲੀ ਪ੍ਰਤੀ ਉਤਸ਼ਾਹਿਤ ਕਰਨ ਦੇ ਮੰਤਵ ਤਹਿਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਜ਼ਿਲ੍ਹਾ ਜਲੰਧਰ ਦੇ ਪਿੰਡਾਂ ਵਿੱਚ 66 ਮਾਡਲ ਖੇਡ ਮੈਦਾਨ ਅਤੇ 39 ਹੋਰ ਪਾਰਕਾਂ ਦਾ ਨਿਰਮਾਣ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਦਿਹਾਤੀ ਵਿਕਾਸ ਪ੍ਰੋਗਰਾਮ ਦੇ ਦੂਜੇ ਪੜ੍ਹਾਅ ਦੌਰਾਨ 376.18 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਪ੍ਰੋਜੇਕਟਾਂ ਨੂੰ ਨੇਪਰੇ ਚਾੜ੍ਹਿਆ ਜਾਵੇਗਾ।

ਡਾ. ਅਗਰਵਾਲ ਨੇ ਦੱਸਿਆ ਕਿ ਇਹ ਪਹਿਲ ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਰਾਜ ਨੂੰ ਨਸ਼ਾ ਮੁਕਤ ਅਤੇ ਰੰਗਲਾ ਪੰਜਾਬ ਬਣਾਉਣ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸ਼ੁਰੂ ਕੀਤੀ ਗਈ ਇਸ ਨਿਵੇਕਲੀ ਪਹਿਲ ਦਾ ਉਦੇਸ਼ ਪਿੰਡ ਪੱਧਰ ’ਤੇ ਅਤਿ ਆਧੁਨਿਕ ਖੇਡ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣਾ ਅਤੇ ਨੌਜਵਾਨਾਂ ਨੂੰ ਸਕਰਾਤਮਕ ਗਤੀਵਿਧੀਆ ਨਾਲ ਜੋੜਕੇ ਉਨ੍ਹਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਜਾਣ ਤੋਂ ਰੋਕਣਾ ਹੈ।

ਉਨ੍ਹਾਂ ਕਿਹਾ ਕਿ ਪ੍ਰੋਜੈਕਟ ਦੇ ਪਹਿਲੇ ਪੜ੍ਹਾਅ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਹਿਲਾ ਹੀ 3.18 ਕਰੋੜ ਰੁਪਏ ਦੀ ਲਾਗਤ ਨਾਲ 98 ਮਾਡਲ ਖੇਡ ਮੈਦਾਨ ਅਤੇ 2.40 ਕਰੋੜ ਰੁਪਏ ਦੀ ਲਾਗਤ ਨਾਲ 107 ਪਾਰਕਾਂ ਦਾ ਨਿਰਮਾਣ ਕਰਨ ਦੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸੇ ਕੜੀ ਤਹਿਤ ਦੂਜੇ ਪੜ੍ਹਾਅ ਦੌਰਾਨ 277.31 ਲੱਖ ਰੁਪਏ ਦੀ ਲਾਗਤ ਨਾਲ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਜਿਨ੍ਹਾਂ ਭੋਗਪੁਰ ਵਿੱਚ 20, ਨੂਰਮਹਿਲ 12, ਸ਼ਾਹਕੋਟ 11, ਰੁੜਕਾ ਕਲਾਂ 8, ਜਲੰਧਰ ਪੂਰਬੀ 6, ਲੋਹੀਆਂ ਖਾਸ 6 ਅਤੇ ਜਲੰਧਰ ਪੱਛਮੀ ਵਿੱਚ 3 ਮਾਡਲ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ।

ਨੌਜਵਾਨਾਂ ਦਾ ਖੇਡਾਂ ਵੱਲ ਰੁਝਾਨ ਵਧਾਉਣ ਲਈ ਇਨ੍ਹਾਂ ਖੇਡ ਗਰਾਊਂਡਾਂ ਨੂੰ ਅਤਿ ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਕੀਤਾ ਜਾਵੇਗਾ

ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਖੇਡਾਂ ਵੱਲ ਰੁਝਾਨ ਵਧਾਉਣ ਲਈ ਇਨ੍ਹਾਂ ਖੇਡ ਗਰਾਊਂਡਾਂ ਨੂੰ ਅਤਿ ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਮੁੱਖ ਤਵੱਜੋਂ ਨੌਜਵਾਨਾਂ ਨੂੰ ਸੁਖਾਵਾਂ ਮਾਹੌਲ ਪ੍ਰਦਾਨ ਕਰਦਿਆਂ ਉਹਨਾਂ ਨੂੰ ਖਿਡਾਰੀਆਂ ਵਜੋਂ ਤਿਆਰ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਭਾਈਚਾਰਕ ਸਾਂਝ ਵਾਲਾ ਸਮਾਜ ਸਿਰਜਣ ਵਿੱਚ ਵੀ ਮਦਦਗਾਰ ਸਾਬਿਤ ਹੋਵੇਗਾ।

ਡਾ. ਅਗਰਵਾਲ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਜ਼ਿਲ੍ਹੇ ਵਿੱਚ 98.87 ਲੱਖ ਰੁਪਏ ਦੀ ਲਾਗਤ ਨਾਲ 39 ਪਾਰਕਾਂ ਨਕੋਦਰ ਵਿੱਚ 13, ਨੂਰਮਹਿਲ 10, ਸ਼ਾਹਕੋਟ 5, ਜਲੰਧਰ ਪੱਛਮੀ 4, ਲੋਹੀਆਂ ਖਾਸ 4 ਅਤੇ ਭੋਗਪੁਰ ਵਿਖੇ 3 ਪਾਰਕਾਂ ਨੂੰ ਵਿਕਸਿਤ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਉਪਰੋਕਤ ਹੋਣ ਵਾਲੇ ਵਿਕਾਸ ਕਾਰਜਾਂ ਨਾਲ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਸਕੀਮ (ਮਗਨਰੇਗਾ) ਤਹਿਤ ਪੇਂਡੂ ਖੇਤਰ ਦੇ ਲੋਕਾਂ ਨੂੰ 69,845 ਦਿਨਾਂ ਦਾ ਰੋਜ਼ਗਾਰ ਮਿਲੇਗਾ।

By admin

Related Post