ਇੱਕ ਪੁਰਾਣੀ ਯਾਦਗਾਰੀ ਤਸਵੀਰ ਵੀ ਜਾਰੀ ਕੀਤੀ
ਜਲੰਧਰ 7 ਜੂਨ (ਜਸਵਿੰਦਰ ਸਿੰਘ ਆਜ਼ਾਦ)- ਸੀਪੀਆਈ ( ਐਮ ) ਦੇ ਸੂਬਾ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਕਾਮਰੇਡ ਲਹਿੰਬਰ ਸਿੰਘ ਤੱਗੜ , ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਸਪੁੱਤਰ ਕਾਮਰੇਡ ਗੁਰਚੇਤਨ ਸਿੰਘ ਬਾਸੀ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵਲੋਂ ਨਵਾਂ ਜ਼ਮਾਨਾ ਅਖਬਾਰ ਨੂੰ ਚਲਾਉਣ ਵਾਲੀ ਸੰਸਥਾ ਕਾਮਰੇਡ ਅਰਜਣ ਸਿੰਘ ਗੜਗਜ ਫਾਊਂਡੇਸ਼ਨ ਦੇ ਜਨਰਲ ਸਕੱਤਰ ਅਤੇ ਨਵਾਂ ਜਮਾਨਾ ਦੇ ਪਰਿੰਟਰ ਅਤੇ ਪਬਲਿਸ਼ਰ ਕਾਮਰੇਡ ਗੁਰਮੀਤ ਸਿੰਘ ਸ਼ੁਗਲੀ ਐਡਵੋਕੇਟ ਦੇ ਅਚਾਨਕ ਚਲਾਣੇ ਤੇ ਡੂੰਘੇ ਦੁੱਖ , ਹਮਦਰਦੀ ਅਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਗਿਆ। ਕਾਮਰੇਡ ਤੱਗੜ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਕਾਮਰੇਡ ਜਗਜੀਤ ਸਿੰਘ ਆਨੰਦ ਦੇ ਸਦੀਵੀ ਵਿਛੋੜੇ ਤੋਂ ਬਾਅਦ ਨਵਾਂ ਜ਼ਮਾਨਾ ਨੂੰ ਚਲਦਾ ਰੱਖਣ ਅਤੇ ਹਰ ਮੁਸ਼ਕਲਾਂ ਚੋਂ ਕੱਢ ਕੇ ਹੋਰ ਅੱਗੇ ਵਧਾਉਣ ਵਿਚ ਕਾਮਰੇਡ ਸ਼ੁਗਲੀ ਨੇ ਅਤਿ ਮਹੱਤਵਪੂਰਨ ਰੋਲ ਅਦਾ ਕੀਤਾ । ਨਵਾਂ ਜ਼ਮਾਨਾ ਦੀ ਜਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਨੇ ਸੀਪੀਆਈ ਅਤੇ ਇਸ ਨਾਲ ਸੰਬੰਧਤ ਜਨਤਕ ਜਥੇਬੰਦੀਆਂ ਵਿਚ ਸਰਗਰਮੀ ਨਾਲ ਕੰਮ ਕੀਤਾ।
ਕਾਮਰੇਡ ਸ਼ੁਗਲੀ ਇੱਕ ਨਾਮਵਰ ਵਕੀਲ ਵੀ ਸਨ
ਕਾਮਰੇਡ ਸ਼ੁਗਲੀ ਇੱਕ ਨਾਮਵਰ ਵਕੀਲ ਵੀ ਸਨ ਅਤੇ ਕਾਮਰੇਡ ਅਤੇ ਹੋਰ ਲੋੜਵੰਦ ਮਿਹਨਤਕਸ਼ ਲੋਕਾਂ ਦੇ ਕੇਸ ਬੜੀ ਮੇਹਨਤ ਅਤੇ ਦਿਲਚਸਪੀ ਨਾਲ ਲੜਦੇ ਸਨ। ਸੀਪੀਆਈ ਦੇ ਵਫ਼ਾਦਾਰ ਸਿਪਾਹੀ ਹੋਣ ਦੇ ਨਾਲ ਨਾਲ ਕਾਮਰੇਡਾਂ ਗੁਰਮੀਤ ਸਿੰਘ ਸ਼ੁਗਲੀ ਹੋਰ ਜਮੁਹੂਰੀਅਤ ਪਸੰਦ ਲੋਕਾਂ ਵਿਚ ਵੀ ਉਹ ਹਰਮਨ ਪਿਆਰੇ ਸਨ। ਕਾਮਰੇਡ ਤੱਗੜ ਨੇ ਯਾਦ ਕੀਤਾ ਕਿ ਉਹ ਪ੍ਰਸਿੱਧ ਕਮਿਊਨਿਸਟ ਆਗੂ ਕਾਮਰੇਡ ਰਤਨ ਸਿੰਘ ਦੌਲੀਕੇ ਦੀ ਯਾਦ ਵਿੱਚ ਇਨਕਲਾਬੀ ਭਾਵਨਾਵਾਂ ਨਾਲ ਭਰਪੂਰ ਅੱਡਾ ਕਠਾਰ ਵਿਖੇ ਯਾਦਗਾਰੀ ਮੇਲਾ ਕਰਵਾਇਆ ਕਰਦੇ ਸਨ। ਕੁਝ ਸਾਲ ਪਹਿਲਾਂ ਉਨ੍ਹਾਂ ਨੇ ਇਸ ਮੇਲੇ ਵਿਚ ਆਉਣ ਅਤੇ ਸੰਬੋਧਨ ਕਰਨ ਲਈ ਮੈਨੂੰ ਵੀ ਵਿਸ਼ੇਸ ਤੌਰ ਤੇ ਸੱਦਾ ਭੇਜਿਆ ਸੀ।
ਇਸ ਮੌਕੇ ਤੇ ਮੈਂ ਅਤੇ ਮੇਰੀ ਜੀਵਨਸਾਥੀ ਬੀਬੀ ਗੁਰਪਰਮਜੀਤ ਕੌਰ ਤੱਗੜ , ਕਾਮਰੇਡ ਗੁਰਬਖ਼ਸ਼ ਸਿੰਘ ਸੂਸ ਅਤੇ ਕੁਝ ਹੋਰ ਸਾਥੀਆਂ ਨੇ ਸ਼ਿਰਕਤ ਕੀਤੀ ਸੀ। ਉਸ ਮੌਕੇ ਤੇ ਕਾਮਰੇਡ ਸ਼ੁਗਲੀ ਨੇ ਹੋਰ ਸਾਥੀਆਂ ਦੇ ਨਾਲ ਸਾਨੂੰ ਵੀ ਸਨਮਾਨਿਤ ਕੀਤਾ ਅਤੇ ਕਾਮਰੇਡ ਰਤਨ ਸਿੰਘ ਦੌਲੀਕੇ ਦੀ ਤਸਵੀਰ ਵਾਲੀ ਯਾਦਗਾਰੀ ਟਰਾਫੀ ਭੇਂਟ ਕੀਤੀ। ਕਾਮਰੇਡ ਤੱਗੜ ਨੇ ਦੱਸਿਆ ਕਿ ਕਾਮਰੇਡ ਸ਼ੁਗਲੀ ਵਲੋਂ ਭੇਂਟ ਕੀਤੀ ਗਈ ਉਹ ਟਰਾਫੀ ਅੱਜ ਵੀ ਉਨ੍ਹਾਂ ਨੇ ਸਾਂਭ ਕੇ ਰੱਖੀ ਹੋਈ ਹੈ। ਉਨ੍ਹਾਂ ਨੇ ਇਸ ਮੌਕੇ ਤੇ ਇਸ ਯਾਦਗਾਰੀ ਟਰਾਫੀ ਦੀ ਫੋਟੋ ਵੀ ਪ੍ਰੈਸ ਲਈ ਜਾਰੀ ਕੀਤੀ।
ਅੰਤ ਵਿੱਚ ਕਾਮਰੇਡ ਤੱਗੜ , ਕਾਮਰੇਡ ਗੁਰਚੇਤਨ ਸਿੰਘ ਬਾਸੀ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਅਤੇ ਕਾਮਰੇਡ ਗੁਰਚੇਤਨ ਸਿੰਘ ਬਾਸੀ ਨੇ ਕਾਮਰੇਡ ਸ਼ੁਗਲੀ ਦੇ ਪਰਿਵਾਰ ਨਾਲ ਦੁੱਖ , ਹਮਦਰਦੀ ਅਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।