ਜਲੰਧਰ 15 ਜਨਵਰੀ (ਜਸਵਿੰਦਰ ਸਿੰਘ ਆਜ਼ਾਦ)- ਪੀਸੀਐਮ ਐਸਡੀ ਕਾਲਜ ਫ਼ਾਰ ਵੂਮੈਨ ਜਲੰਧਰ ਦੇ ਪੰਜਾਬੀ ਵਿਭਾਗ ਵੱਲੋਂ ਲੋਹੜੀ ਧੀਆਂ ਦੀ ਪੂਰੀ ਸ਼ਾਨੋ ਸ਼ੌਕਤ ਨਾਲ ਮਨਾਈ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ.ਅਰੂਪ੍ਰਿਆ (ਸੰਗੀਤ ਵਿਭਾਗ) ਦੀ ਬੇਟੀ ਮਿਤਿਕਸ਼ਾ ਰਹੇ। ਇਸ ਮੌਕੇ ਤੇ ਸਭਿਆਚਾਰਕ ਪੇਸ਼ਕਾਰੀਆਂ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕਾਲਜ ਦੀਆਂ ਵਿਦਿਆਰਥਣਾਂ ਨੇ ਲੋਹੜੀ ਨਾਲ ਸਬੰਧਤ ਲੋਕ ਗੀਤ ਗਾ ਕੇ ਅਤੇ ਨੱਚ ਟੱਪ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਹ ਮਨੋਰੰਜਨ ਦੇ ਨਾਲ ਨਾਲ ਸਾਡੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜੇ ਰਹਿਣ ਦਾ ਪ੍ਰਮਾਣ ਪੇਸ਼ ਕੀਤਾ।
ਪੰਜਾਬੀ ਵਿਭਾਗ ਅਤੇ ਕਾਲਜ ਦੇ ਸਮੂਹ ਸਟਾਫ, ਵਿਦਿਆਰਥੀ ਅਤੇ ਨਾਨ ਟੀਚਿੰਗ ਸਟਾਫ਼ ਵਲੋਂ ਲੋਹੜੀ ਬਾਲ਼ਣ ਦੀ ਰਸਮ ਨਿਭਾਈ ਗਈ। ਲੋਹੜੀ ਦੀ ਸਮੱਗਰੀ ਮੂੰਗਫਲੀ, ਰਿਉੜੀਆਂ, ਚਿੜਵੜੇ, ਗਚਕ ਆਦਿ ਵੰਡੇ ਗਏ। ਰਸਮ ਦੌਰਾਨ ਮੁੱਖ ਮਹਿਮਾਨ ਮਿਤਿਕਸ਼ਾ ਨੂੰ ਬੋਲੀਆਂ ਗਾ ਕੇ ਦੁਆਵਾਂ ਦਿਤੀਆਂ ਗਈਆਂ। ਪ੍ਰਧਾਨ ਸ਼੍ਰੀ ਨਰੇਸ਼ ਬੁਧੀਆ ਜੀ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਵਿਨੋਦ ਦਾਦਾ ਜੀ, ਪ੍ਰਬੰਧਕੀ ਕਮੇਟੀ ਦੇ ਹੋਰ ਮਾਣਯੋਗ ਮੈਂਬਰਾਂ ਅਤੇ ਪ੍ਰਿੰਸੀਪਲ ਪ੍ਰੋ. (ਡਾ.) ਪੂਜਾ ਪਰਾਸ਼ਰ ਨੇ ਪੰਜਾਬੀ ਵਿਭਾਗ ਦੇ ਅਜਿਹੇ ਯਤਨਾਂ ਦੀ ਸ਼ਲਾਘਾ ਕੀਤੀ।