-ਵਿਧਾਇਕ ਬਿਲਾਸਪੁਰ ਨਾਲ ਕਰਮਜੀਤ ਅਨਮੋਲ ਵੱਲੋਂ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਵਿਚ ਤੂਫ਼ਾਨੀ ਚੋਣ ਪ੍ਰਚਾਰ
-ਦੁਨੀਆ ਦੇ ਨਕਸ਼ੇ ਤੇ ਲੈ ਕੇ ਆਵਾਂਗੇ ਢੁੱਡੀਕੇ, ਤਖਾਣਵੱਧ ਅਤੇ ਬੁੱਟਰ ਪਿੰਡਾਂ ਦੀ ਹਾਕੀ ਦੀ ਨਰਸਰੀ
-ਇਲਾਕੇ ‘ਚ ਇੰਡਸਟਰੀ, ਹੁਨਰ ਵਿਕਾਸ ਕੇਂਦਰ ਅਤੇ ਪੇਸ਼ੇਵਰ ਖੇਡ ਕਲੱਬ ਸਥਾਪਿਤ ਕਰਾਂਗੇ- ਕਰਮਜੀਤ ਅਨਮੋਲ
-ਆਪ ਉਮੀਦਵਾਰ ਨੇ ਪਿੰਡਾਂ ‘ਚ ਭਾਈਚਾਰਕ ਸਾਂਝ ਮਜ਼ਬੂਤ ਰੱਖਣ ਦੀ ਕੀਤੀ ਅਪੀਲ
-ਫ਼ਿਲਮ ਅਤੇ ਮਿਊਜ਼ਿਕ ਇੰਡਸਟਰੀ ਦੇ ਸਾਥੀ ਕਲਾਕਾਰਾਂ ਨੇ ਕਰਮਜੀਤ ਅਨਮੋਲ ਲਈ ਕੀਤਾ ਪ੍ਰਚਾਰ
ਨਿਹਾਲ ਸਿੰਘ ਵਾਲਾ/ ਮੋਗਾ ਜਲੰਧਰ 21 ਮਈ (ਜਸਵਿੰਦਰ ਸਿੰਘ ਆਜ਼ਾਦ)- ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਦੁਬਾਰਾ ਫਿਰ ਸੱਤਾ ਵਿੱਚ ਆ ਜਾਂਦੀ ਹੈ ਤਾਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦਾ ਸੰਵਿਧਾਨ ਅਤੇ ਭਾਰਤੀ ਲੋਕਤੰਤਰ ਵੱਡੇ ਖ਼ਤਰੇ ਵਿੱਚ ਪੈ ਜਾਵੇਗਾ।
ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨਾਲ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਵਿੱਚ ਪ੍ਰਚਾਰ ਕਰਦੇ ਹੋਏ ਕਰਮਜੀਤ ਅਨਮੋਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਭਾਈਚਾਰਾ ਅਤੇ ਸਾਂਝ ਮਜ਼ਬੂਤ ਰੱਖਣ। ਆਪਸ ਵਿੱਚ ਲੜਾ ਕੇ ਅਤੇ ਵੰਡ ਪਾ ਕੇ ਵੋਟਾਂ ਮੰਗਣ ਵਾਲੇ ਕਿਸੇ ਵੀ ਲੀਡਰ ਨੂੰ ਮੂੰਹ ਨਾ ਲਾਉਣ। ਅਨਮੋਲ ਨੇ ਕਿਹਾ ਕਿ ਇਹ ਚੋਣਾਂ ਸਧਾਰਨ ਚੋਣਾਂ ਨਹੀਂ ਹਨ, ਇਹ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਅਤੇ ਲਾਲਾ ਲਾਜਪਤ ਰਾਏ ਜੀ ਵਰਗੇ ਯੋਧਿਆਂ ਦੀਆਂ ਕੁਰਬਾਨੀਆਂ ਨਾਲ ਲਈ ਹੋਈ ਆਜ਼ਾਦੀ ਅਤੇ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਬਚਾਉਣ ਲਈ ਲੜੀ ਜਾ ਰਹੀ ਜੰਗ ਹਨ। ਇਸ ਲਈ ਜ਼ੁਲਮ ਦਾ ਜਵਾਬ ਇੱਕਜੁੱਟ ਹੋ ਕੇ ਵੋਟ ਨਾਲ ਦਿੱਤਾ ਜਾਵੇ ਅਤੇ ਉਮੀਦਵਾਰਾਂ ਦੇ ਕਿਰਦਾਰ, ਕੰਮਾਂ, ਨੀਅਤ ਅਤੇ ਨੀਤੀਆਂ ਨੂੰ ਦੇਖ ਕੇ ਵੋਟ ਪਾਈ ਜਾਵੇ।
ਕਰਮਜੀਤ ਅਨਮੋਲ ਨੇ ਕਿਹਾ ਕਿ ਲਾਲਾ ਲਾਜਪਤ ਰਾਏ ਦੀ ਸਰਜਮੀ ਢੁੱਡੀਕੇ, ਤਖਾਣਬਧ ਅਤੇ ਬੁੱਟਰ ਪਿੰਡਾਂ ਦੀ ਹਾਕੀ ਦੀ ਨਰਸਰੀ ਰਾਹੀਂ ਇਸ ਇਲਾਕੇ ਨੂੰ ਖੇਡਾਂ ਦੇ ਖੇਤਰ ਵਿੱਚ ਵੀ ਦੁਨੀਆ ਦੇ ਨਕਸ਼ੇ ਤੇ ਲੈ ਕੇ ਆਵਾਂਗੇ। ਪਿੰਡਾਂ ਵਿੱਚ ਪੇਸ਼ੇਵਰ ਖੇਡ ਕਲੱਬਾਂ ਅਤੇ ਯੂਥ ਕਲੱਬਾਂ ਨੂੰ ਤਕੜਾ ਕਰਾਂਗੇ।
ਕਿਸਾਨ ਮਜ਼ਦੂਰ ਅਤੇ ਵਪਾਰੀ ਕਾਰੋਬਾਰੀਆਂ ਸਮੇਤ ਸਾਰੇ ਵਰਗਾਂ ਦੀ ਆਰਥਿਕ ਖ਼ੁਸ਼ਹਾਲੀ ਵਧੇਗੀ
ਅਨਮੋਲ ਨੇ ਖੇਤੀਬਾੜੀ ਪ੍ਰਧਾਨ ਇਲਾਕੇ ਵਿੱਚ ਇੰਡਸਟਰੀ ਖ਼ਾਸ ਕਰਕੇ ਫੂਡ ਪ੍ਰੋਸੈਸਿੰਗ ਇੰਡਸਟਰੀ ਸਥਾਪਤ ਕਰਨ ਨੂੰ ਆਪਣਾ ਮੁੱਖ ਮਿਸ਼ਨ ਦੱਸਿਆ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨ ਮਜ਼ਦੂਰ ਅਤੇ ਵਪਾਰੀ ਕਾਰੋਬਾਰੀਆਂ ਸਮੇਤ ਸਾਰੇ ਵਰਗਾਂ ਦੀ ਆਰਥਿਕ ਖ਼ੁਸ਼ਹਾਲੀ ਵਧੇਗੀ। ਉਨ੍ਹਾਂ ਕਿਹਾ ਕਿ ਜੋ ਕੰਮ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹੁੰਦੇ ਹੋਏ ਬੀਬਾ ਹਰਸਿਮਰਤ ਕੌਰ ਬਾਦਲ ਨਹੀਂ ਕਰ ਸਕੀ ਉਹ ਆਪਾਂ ਕਰਕੇ ਦਿਖਾਵਾਂਗੇ।
ਇਸ ਤੋਂ ਇਲਾਵਾ ਕਰਮਜੀਤ ਅਨਮੋਲ ਨੇ ਇਲਾਕੇ ਨੂੰ ਹਰਿਆ ਭਰਿਆ ਅਤੇ ਸਾਫ਼ ਸੁਥਰਾ ਬਣਾਉਣ ਦੀ ਗੱਲ ਕੀਤੀ। ਉਨ੍ਹਾਂ ਫ਼ਰੀਦਕੋਟ ਵਿੱਚ ਵਿਸ਼ਵ ਪੱਧਰ ਦੀ ਹੁਨਰ ਵਿਕਾਸ (ਸਕਿੱਲ ਡਿਵੈਲਪਮੈਂਟ) ਯੂਨੀਵਰਸਿਟੀ ਅਤੇ ਨਿਹਾਲ ਸਿੰਘ ਵਾਲਾ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਖੋਲ੍ਹਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਹਰ ਬੱਚੇ ਅਤੇ ਨੌਜਵਾਨ ਨੂੰ ਹੱਥ ਦਾ ਹੁਨਰ ਸਿਖਾਉਣਾ ਮੇਰੀ ਸਭ ਤੋਂ ਵੱਡੀ ਤਰਜੀਹ ਰਹੇਗੀ।
ਇਸ ਮੌਕੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪਿਛਲੇ ਦੋ ਸਾਲਾਂ ਦੌਰਾਨ ਭਗਵੰਤ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਦੇ ਹਵਾਲੇ ਨਾਲ ਕਿਹਾ ਕਿ ਪਹਿਲੀ ਸਰਕਾਰ ਹੈ ਜਿਸ ਨੇ ਗਰੀਬਾਂ, ਕਿਸਾਨਾਂ ਅਤੇ ਆਮ ਵਪਾਰੀਆਂ- ਕਾਰੋਬਾਰੀਆਂ ਨੂੰ ਵੱਡੀਆਂ ਰਾਹਤਾਂ ਦਿੱਤੀਆਂ ਹਨ।
ਇਸ ਮੌਕੇ ਫ਼ਿਲਮ ਅਤੇ ਮਿਊਜ਼ਿਕ ਇੰਡਸਟਰੀ ਨਾਲ ਸੰਬੰਧਿਤ ਕਲਾਕਾਰ ਮਲਕੀਤ ਰੌਣੀ, ਭੁਪਿੰਦਰ ਗਿੱਲ, ਜੈਲੀ, ਗੁਰਮੀਤ ਸਾਜਨ, ਸਿਕੰਦਰ ਸਲੀਮ ਅਤੇ ਕੁਮਾਰ ਪਵਨਦੀਪ ਨੇ ਵੀ ਕਰਮਜੀਤ ਅਨਮੋਲ ਲਈ ਚੋਣ ਪ੍ਰਚਾਰ ਕੀਤਾ।