ਸੰਸਾਰ ਵਿੱਚ ‘ਸਿੰਬਲ ਆਫ ਨੌਲਜ਼’ ਵਜੋਂ ਜਾਣੇ ਜਾਂਦੇ ਬਾਬਾ ਸਾਹਿਬ ਜੀ ਦੇ ਸਟੈਚੂਆਂ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ : ਅਨਿਲ ਕੁਮਾਰ ਬੰਟੀ
ਹੁਸ਼ਿਆਰਪੁਰ, 24 ਜੂਨ (ਤਰਸੇਮ ਦੀਵਾਨਾ) ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਤੇ ਦਿਨੀਂ ਫਿਲੌਰ ਦੇ ਨੇੜੇ ਪਿੰਡ ਨੰਗਲ ਅਤੇ ਕੋਟ ਫਤੂਹੀ ਦੇ ਨਜਦੀਕ ਪਿੰਡ ਨੂਰਪੁਰ ਜੱਟਾਂ ਵਿਖੇ ਸਥਾਪਿਤ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸਟੈਚੂ ਨੂੰ ਦੂਜੀ ਵਾਰ ਨਿਸ਼ਾਨਾ ਬਣਾ ਕੇ ਸਟੈਚੂ ‘ਤੇ ਕਾਲੇ ਰੰਗ ਦੀ ਸਪਰੇਅ ਮਾਰਨ ਦੀ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਬੇਗਮਪੁਰਾ ਟਾਈਗਰ ਫੋਰਸ ਦੇ ਬਲਾਕ ਹਰਿਆਣਾ ( ਭੂੰਗਾ ) ਦੇ ਪ੍ਰਧਾਨ ਅਨਿਲ ਕੁਮਾਰ ਬੰਟੀ ਦੀ ਪ੍ਰਧਾਨਗੀ ਹੇਠ ਤਹਿਸੀਲ ਭੂੰਗਾ ਦੇ ਨਾਇਬ ਤਹਿਸੀਲਦਾਰ ਪ੍ਰਵੀਨ ਰਾਹੀ ਇੱਕ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਗਿਆ !
ਇਸ ਸਬੰਧੀ ਬੇਗਮਪੁਰਾ ਟਾਈਗਰ ਫੋਰਸ ਦੇ ਬਲਾਕ ਹਰਿਆਣਾ ਭੂੰਗਾ ਪ੍ਰਧਾਨ ਅਨਿਲ ਕੁਮਾਰ ਬੰਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਲੌਰ ਦੇ ਪਿੰਡ ਨੰਗਲ ਅਤੇ ਪਿੰਡ ਨੂਰਪੁਰ ਜੱਟਾਂ ਵਿਖੇ ਸਥਾਪਿਤ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸਟੈਚੂ ਨੂੰ ਦੂਜੀ ਵਾਰ ਨਿਸ਼ਾਨਾ ਬਣਾ ਕੇ ਉਸ ‘ਤੇ ਕਾਲੇ ਰੰਗ ਦੀ ਸਪਰੇਅ ਮਾਰਨ ਦੀ ਘਟਨਾ ਨੇ ਸਮੁੱਚੇ ਵਿਸ਼ਵ ਭਰ ਦੇ ਅੰਬੇਡਕਰਵਾਦੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਵੀ ਡੂੰਘੀ ਸੱਟ ਮਾਰੀ ਹੈ। ਇਸ ਘਟਨਾ ਨਾਲ ਭਾਰਤ ਦੇ ਹਰ ਬਸ਼ਿੰਦੇ ਦੇ ਹਿਰਦੇ ਵਲੂੰਧਰੇ ਗਏ ਹਨ। ਉਹਨਾਂ ਕਿਹਾ ਕਿ ਇਸ ਘਟਨਾ ਨਾਲ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਐਸਸੀ ਸਮਾਜ ਦੇ ਮਸੀਹਾ ਡਾ. ਅੰਬੇਡਕਰ ਜੀ ਦਾ ਨਿਰਾਦਰ ਹੋਇਆ ਹੈ ਅਤੇ ਵਾਰ-ਵਾਰ ਬਾਬਾ ਸਾਹਿਬ ਦੇ ਸਟੈਚੂ ਦਾ ਨਿਰਾਦਰ ਹੋਣਾ ਬਹੁਤ ਨਿੰਦਣਯੋਗ ਹੈ।
ਪੰਜਾਬ ਅੰਦਰ ਐਸਸੀ ਸਮਾਜ ਦੀ ਹਾਲਤ ਤਰਸਯੋਗ ਹੈ
ਪੰਜਾਬ ਅੰਦਰ ਐਸਸੀ ਸਮਾਜ ਦੀ ਹਾਲਤ ਤਰਸਯੋਗ ਹੈ। ਆਗੂਆਂ ਨੇ ਕਿਹਾ ਕੀ ਸੰਸਾਰ ਭਰ ਵਿੱਚ ‘ਸਿੰਬਲ ਆਫ ਨੌਲਜ਼’ ਵਜੋਂ ਜਾਣੇ ਜਾਂਦੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਸਟੈਚੂਆਂ ਨੂੰ ਨਿਸ਼ਾਨਾ ਬਣਾਇਆ ਜਾਣਾ ਬਹੁਤ ਮਾੜੀ ਗੱਲ ਹੈ। ਜ਼ਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਭੀਮ ਰਾਉ ਜੀ ਦੇ ਸਟੈਚੂ ਦੀ ਬੇਅਦਬੀ ਕੀਤੀ ਗਈ ਉਸ ਤੋਂ ਉਪਰੰਤ ਜਲੰਧਰ ਵਿੱਚ ਬੇਅਦਬੀ ਕੀਤੀ ਗਈ ਅਤੇ ਉਸ ਤੋਂ ਬਾਅਦ ਹੁਣ ਫਿਲੋਰ ਦੇ ਨੇੜੇ ਪੈਂਦੇ ਪਿੰਡ ਨੰਗਲ ਵਿੱਚ ਇਹ ਥੋੜੇ ਸਮੇਂ ਵਿੱਚ ਹੀ ਦੂਜੀ ਘਟਨਾ ਹੈ।
ਉਹਨਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਹਨਾਂ ਨੂੰ ਸਖ਼ਤ ਤੋ ਸਖਤ ਸਜ਼ਾ ਦਿੱਤੀ ਜਾਵੇ, ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਜ਼ਾ ਨਾ ਦਿੱਤੀ ਗਈ ਤਾਂ ਐਸਸੀ ਸਮਾਜ ਨੂੰ ਮਜ਼ਬੂਰਨ ਸੜਕਾਂ ਤੇ ਉਤਰਨਾ ਪਵੇਗਾ! ਇਸ ਮੌਕੇ ਹੋਰਨਾਂ ਤੋਂ ਅਮਰੀਕ ਸਿੰਘ, ਮਨਪ੍ਰੀਤ ਕਲੋਤਾ, ਦਲਜੀਤ ਸਿੰਘ, ਸਤੀਸ਼ ਕੁਮਾਰ, ਸਾਹਿਲ ਕੁਮਾਰ, ਮਨਦੀਪ ਸਿੰਘ ਭੂੰਗਾ, ਗੁਰਪ੍ਰੀਤ ਸਿੰਘ ਭੂੰਗਾ, ਰਵਿੰਦਾ, ਅਰੁਣ ਕੁਮਾਰ ਆਦਿ ਹਾਜ਼ਰ ਸਨ !