ਜੇਕਰ ਅਸੀਂ ਇਸ ਕੋਹੜ ਰੂਪੀ ਬਿਮਾਰੀ ਦਾ ਵਿਰੋਧ ਕਰਾਗੇ ਤਾ ਹੀ ਆਪਣੀਆਂ ਆਉਣ ਵਾਲੀਆਂ ਨਸਲਾਂ ਬੱਚ ਸਕਦੀਆ ਹਨ : ਬਲਜਿੰਦਰ ਸਿੰਘ ਖਾਲਸਾ
ਹੁਸ਼ਿਆਰਪੁਰ 15 ਅਪ੍ਰੈਲ (ਤਰਸੇਮ ਦੀਵਾਨਾ)- ਆਯੂਰ ਜੀਵਨ ਆਯੂਰਵੈਦਿਕ ਰਿਸਰਚ ਸੈਂਟਰ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਪਿੰਡਾ ਸ਼ਹਿਰਾ ਅਤੇ ਕਸਬਿਆਂ ਦੇ ਵਿੱਚ ਨਸ਼ਿਆਂ ਦੇ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਛੁਟਕਾਰਾ ਦਿਵਾਉਣ ਲਈ ਗੁਰਦੁਆਰਾ ਸਹੀਦਾ ਮਾਹਿਲਪੁਰ ਵਿਖੇ ਮੁਫਤ ਨਸ਼ਾ ਛੁਡਾਊ ਕੈਂਪ ਲਗਾ ਕੇ ਨਸ਼ਿਆਂ ਦੇ ਮੱਕੜਜਾਲ ਫਸੇ ਹੋਏ ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ। ਇਸ ਸਬੰਧੀ ਆਯੂਰ ਜੀਵਨ ਆਯੂਰਵੈਦਿਕ ਰਿਸਰਚ ਸੈਂਟਰ ਦੇ ਐਮਡੀ ਅਤੇ ਦਲ ਖਾਲਸਾ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਖਾਲਸਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁਰੂ ਤੋ ਲੈਕੇ ਹੁਣ ਤੱਕ ਨਸ਼ਿਆਂ ਨੂੰ ਮੁੱਦਾ ਬਣਾ ਕੇ ਸਰਕਾਰਾਂ ਬਣਦੀਆਂ ਰਹੀਆਂ ਹਨ, ਇੱਕ ਦੂਸਰੇ ਨੂੰ ਭੰਡ ਕੇ ਪਹਿਲੀ ਸਰਕਾਰ ਸਿਰ ਠੀਕਰਾ ਭੰਨ ਕੇ ਆਪ ਦੀ ਸਰਕਾਰ ਬਣਨ ਤੋਂ ਬਾਅਦ ਨਸ਼ਿਆਂ ਦਾ ਪੰਜਾਬ ਦੀ ਧਰਤੀ ਤੋਂ ਨਾਮੋ ਨਿਸ਼ਾਨ ਮਿਟਾਉਣ ਦੇ ਵਾਅਦੇ ਕਸਮਾਂ ਖਾ ਕੇ ਸਰਕਾਰ ਬਣਾ ਕੇ ਮੁੜ ਆਪਣੀਆਂ ਕਸਮਾਂ ਨੂੰ ਭੁੱਲ ਜਾਂਦੇ ਹਨ ।
ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਨੂੰ ਹੱਥ ਵਿੱਚ ਵਿੱਚ ਲੈ ਕੇ ਕਸਮ ਖਾਦੀ ਸੀ
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਨੂੰ ਹੱਥ ਵਿੱਚ ਵਿੱਚ ਲੈ ਕੇ ਕਸਮ ਖਾਦੀ ਸੀ ਕਿ ਪੰਜਾਬ ਦੀ ਧਰਤੀ ਤੋਂ ਨਸ਼ਾ ਚਾਰ ਹਫ਼ਤਿਆਂ ਵਿਚ ਖ਼ਤਮ ਕਰ ਦਿੱਤਾ ਜਾਵੇਗਾ ਪ੍ਰੰਤੂ ਕਈ ਸਾਲ ਬੀਤ ਗਏ ਨਸ਼ਾ ਖ਼ਤਮ ਤਾ ਕੀ ਹੋਣਾ ਸੀ ਉਲਟਾ ਪਹਿਲੇ ਨਾਲੋਂ ਕਈ ਗੁਣਾ ਵਧਿਆ ਹੈ ! ਉਹਨਾਂ ਕਿਹਾ ਕਿ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਪਰ ਨਸ਼ੇ ਦੇ ਸੌਦਾਗਰਾਂ ਦੀਆਂ ਹਮੇਸ਼ਾਂ ਪੌ ਬਾਰਾਂ ਹੀ ਰਹਿੰਦੀਆਂ ਹਨ ਜਿਸ ਕਰਕੇ ਨਸ਼ਾ ਸ਼ਰੇਆਮ ਹਰ ਜਗ੍ਹਾ ਤੋਂ ਮਿਲਦਾ ਹੈ ਜਿਸ ਦੀਆਂ ਅਨੇਕਾਂ ਮਿਸਾਲਾਂ ਹਨ ਉਹਨਾਂ ਕਿਹਾ ਕਿ ਥਾਣੇ ਦਾ ਇੰਚਾਰਜ ਤੇ ਪਿੰਡ ਦਾ ਸਰਪੰਚ ਚਾਹੇ ਤਾਂ ਨਸ਼ਾ ਨਹੀਂ ਵਿੱਕ ਸਕਦਾ ਸਰਪੰਚ ਦੀ ਬਹੁਤ ਪਾਵਰ ਹੰਦੀ ਹੈ, ਉਹ ਵੀ ਵੋਟਾਂ ਦੇ ਦਾਇਰੇ ਵਿਚ ਬੱਝਾ ਹੁੰਦਾ ਹੈ, ਪਰ ਅਗਰ ਥਾਣੇ ਦੇ ਇੰਚਾਰਜ ਨੂੰ ਐਮ ਐਲ ਏ, ਜਾਂ ਉਸਦੇ ਸੀਨੀਅਰ ਅਫ਼ਸਰ ਦਾ ਫੋਨ ਨਸ਼ਾ ਤਸਕਰ ਦੇ ਹੱਕ ਵਿੱਚ ਨਾ ਆਵੇ ਤੇ ਉਹ ਇੰਚਾਰਜ ਦਿਲੋਂ ਸਾਫ ਹੋ ਕੇ ਨਸ਼ਾ ਤਸਕਰਾਂ ਤੇ ਸ਼ਿਕੰਜਾ ਕੱਸੇ ਤਾ ਨਸ਼ਾ ਤਸਕਰਾਂ ਦੀ ਕੀ ਮਿਜਾਲ ਹੈ ਉਹ ਨਸ਼ਾ ਵੇਚ ਜਾਣ ।
ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨਸ਼ਾ ਪੰਜਾਬ ਲਈ ਬਹੁਤ ਵੱਡੀ ਵੰਗਾਰ ਹੈ। ਉਹਨਾਂ ਕਿਹਾ ਕੀ ਬਿਨਾਂ ਕਿਸੇ ਦੀ ਸਰਪ੍ਰਸਤੀ ਤੋਂ ਕੋਈ ਵੀ ਨਸ਼ੇ ਦਾ ਸੌਦਾਗਰ ਨਹੀਂ ਬਣਦਾ ਹੈ । ਉਹਨਾਂ ਕਿਹਾ ਕਿ ਆਉ ਸਾਰੇ ਰਲ ਮਿਲ ਕੇ ਇਸ ਨਾਮੁਰਾਦ ਕੋਹੜ ਰੂਪੀ ਬਿਮਾਰੀ ਦਾ ਵਿਰੋਧ ਕਰੀਏ ਤਾਂ ਹੀ ਅਸੀਂ ਆਪਣੀਆਂ ਨਸਲਾਂ ਨੂੰ ਬਚਾ ਸਕਦੇ ਹਾਂ ਕਿਉਂਕਿ ਇੱਕ ਦੂਸਰੇ ਦੇ ਪਾਲ਼ੇ ਵਿਚ ਗੇਂਦ ਸੁੱਟਣ ਦੇ ਨਾਲ ਮਸਲਾ ਹੱਲ ਨਹੀਂ ਹੋਣਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਤਜਿੰਦਰ ਸਿੰਘ,ਅਰਸ਼ ਸਿੰਘ,ਜੀਤ ਸਿੰਘ ਆਦਿ ਹਾਜ਼ਰ ਸਨ !