Breaking
Sat. Apr 26th, 2025

ਏਕਤਾ, ਸ਼ਾਂਤੀ ਅਤੇ ਸੁਧਾਰ ਦਾ ਪ੍ਰਤੀਕ – ਜਮਾਤ ਅਹਮਦੀਆ ਸਥਾਪਨਾ ਦਿਵਸ

ਜਮਾਤ ਅਹਮਦੀਆ

ਹੁਸ਼ਿਆਰਪੁਰ, 23 ਮਾਰਚ (ਤਰਸੇਮ ਦੀਵਾਨਾ) ਹਰ ਸਾਲ 23 ਮਾਰਚ ਨੂੰ ਦੁਨੀਆ ਭਰ ਵਿੱਚ ਜਮਾਤ ਅਹਮਦੀਆ ਆਪਣਾ ਸਥਾਪਨਾ ਦਿਵਸ ਵੱਡੀ ਸ਼ਰਧਾ, ਜੋਸ਼ ਅਤੇ ਸਤਿਕਾਰ ਨਾਲ ਮਨਾਉਂਦੀ ਹੈ।

ਇਹ ਦਿਨ ਸਿਰਫ਼ ਇੱਕ ਧਾਰਮਿਕ ਜਥੇਬੰਦੀ ਦੀ ਸ਼ੁਰੂਆਤ ਨਹੀਂ, ਬਲਕਿ ਸ਼ਾਂਤੀ, ਇਨਸਾਨੀਅਤ ਦੀ ਭਲਾਈ ਅਤੇ ਸਮਾਜਿਕ ਸੁਧਾਰ ਦੇ ਸੁਨੇਹੇ ਨੂੰ ਉਜਾਗਰ ਕਰਨ ਵਾਲਾ ਹੈ।

23 ਮਾਰਚ 1889 ਨੂੰ ਹਜ਼ਰਤ ਮਿਰਜ਼ਾ ਗੁਲਾਮ ਅਹਮਦ (ਅਲੈਹਿਸਲਾਮ) ਨੇ ਪੰਜਾਬ ਦੇ ਕਾਦਿਆਨ ਤੋਂ ਲੁਧਿਆਣਾ ਆ ਕੇ ਸੂਫੀ ਅਹਮਦ ਜਾਨ ਸਾਹਿਬ ਦੇ ਘਰ ਆਪਣੇ ਪਹਿਲੇ ਮੁਰੀਦਾਂ ਤੋਂ ਬੈਅਤ ਲੈ ਕੇ ਜਮਾਤ ਅਹਮਦੀਆ ਦੀ ਨੀਂਹ ਰੱਖੀ। ਉਨ੍ਹਾਂ ਦਾ ਉਦੇਸ਼ ਸੀ – ਇਸਲਾਮ ਦੇ ਅਸਲ ਸੁਨੇਹੇ ਨੂੰ ਦੁਨੀਆਂ ਸਾਹਮਣੇ ਲਿਆਉਣਾ, ਅੰਧਵਿਸ਼ਵਾਸ, ਕੱਟੜਤਾ ਅਤੇ ਨਾਇੰਸਾਫ਼ੀ ਖ਼ਤਮ ਕਰਨੀ।

19ਵੀਂ ਸਦੀ ਦੇ ਅਖੀਰ ਵਿੱਚ ਭਾਰਤੀ ਉਪਮਹਾਂਦੀਪ ਧਾਰਮਿਕ, ਸਮਾਜਿਕ ਅਤੇ ਨੈਤਿਕ ਪੱਖੋਂ ਉਥਲ-ਪੁਥਲ ਵਿੱਚ ਵੱਸ ਰਿਹਾ ਸੀ। ਇਨ੍ਹਾਂ ਹੀ ਹਾਲਾਤਾਂ ਵਿਚ ਹਜ਼ਰਤ ਮਿਰਜ਼ਾ ਗੁਲਾਮ ਅਹਮਦ ਨੇ ਖ਼ੁਦ ਨੂੰ ਮਸੀਹ-ਏ-ਮੌਊਦ ਅਤੇ ਮਹਦੀ ਐਲਾਨ ਕਰਕੇ ਇਨਸਾਨੀਅਤ ਦੀ ਖ਼ੇਦਮਤ ਲਈ ਨਵਾਂ ਰਾਹ ਖੋਲ੍ਹਿਆ।

ਜਮਾਤ ਅਹਮਦੀਆ ਦਾ ਮੂਲ ਨਾਅਰਾ “ਸਭ ਲਈ ਪਿਆਰ, ਕਿਸੇ ਲਈ ਨਫ਼ਰਤ ਨਹੀਂ” ਅੱਜ ਵੀ ਉਤਨਾ ਹੀ ਪ੍ਰਭਾਵਸ਼ਾਲੀ ਹੈ, ਜਿੰਨਾ ਸ਼ੁਰੂਆਤ ਵਿੱਚ ਸੀ।

ਹਜ਼ਰਤ ਮਿਰਜ਼ਾ ਗੁਲਾਮ ਅਹਮਦ ਨੇ ਹਿੰਸਾ ਅਤੇ ਜਿਹਾਦ ਦੀ ਗਲਤ ਵਿਆਖਿਆ ਦਾ ਖੰਡਨ ਕਰਦਿਆਂ, ਅਸਲ ਜਿਹਾਦ ਨੂੰ ਆਪਣੇ ਆਪ ਦੀ ਇਸਲਾਹ ਅਤੇ ਨੈਤਿਕ ਸੁਧਾਰ ਨਾਲ ਜੋੜਿਆ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਅਹਿਮਦੀਆਂ ਨੂੰ ਸ਼ਾਂਤੀ, ਸਬਰ ਅਤੇ ਇਨਸਾਨੀਅਤ ਦੀ ਖ਼ੇਦਮਤ ਲਈ ਪ੍ਰੇਰਿਤ ਕਰਦੀਆਂ ਹਨ।
ਜਮਾਤ ਅਹਮਦੀਆ ਨੇ ਸਿੱਖਿਆ, ਸਿਹਤ ਅਤੇ ਸਮਾਜਿਕ ਖੇਤਰ ਵਿੱਚ ਵੱਡਾ ਯੋਗਦਾਨ ਦਿੱਤਾ।

ਹਜ਼ਰਤ ਮਿਰਜ਼ਾ ਗੁਲਾਮ ਅਹਮਦ ਨੇ ਆਪਣੇ ਮੁਰੀਦਾਂ ਨੂੰ ਗਿਆਨ ਹਾਸਲ ਕਰਨ, ਗਰੀਬਾਂ ਦੀ ਮਦਦ ਕਰਨ ਅਤੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨ ਦੀ ਪ੍ਰੇਰਣਾ ਦਿੱਤੀ। ਅੱਜ ਜਮਾਤ ਦੁਨੀਆ ਭਰ ਵਿੱਚ ਸਕੂਲ, ਹਸਪਤਾਲ ਅਤੇ ਇਨਸਾਨੀ ਮਦਦ ਦੇ ਪ੍ਰੋਜੈਕਟ ਚਲਾ ਰਹੀ ਹੈ, ਜੋ ਭਾਰਤ, ਪਾਕਿਸਤਾਨ, ਅਫਰੀਕਾ ਤੋਂ ਲੈ ਕੇ ਯੂਰਪ ਤੱਕ ਫੈਲੇ ਹੋਏ ਹਨ।

ਸਥਾਪਨਾ ਤੋਂ ਲੈ ਕੇ ਅੱਜ ਤੱਕ, ਜਮਾਤ ਅਹਮਦੀਆ ਨੇ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ। ਧਾਰਮਿਕ ਵਿਰੋਧ ਅਤੇ ਜ਼ੁਲਮ ਦੇ ਬਾਵਜੂਦ, ਜਮਾਤ ਨੇ ਕਦੇ ਵੀ ਆਪਣੀ ਅਹਿੰਸਾ ਅਤੇ ਸ਼ਾਂਤੀ ਦੀ ਨੀਤੀ ਨਹੀਂ ਛੱਡੀ।

ਅੱਜ ਵੀ ਕਈ ਦੇਸ਼ਾਂ ਵਿੱਚ ਅਹਿਮਦੀਆਂ ਨੂੰ ਪੀੜਾ ਭੁੱਗਣੀ ਪੈਂਦੀ ਹੈ, ਪਰ ਉਹ ਆਪਣੇ ਖਲੀਫਾ ਦੀ ਰਹਿਨੁਮਾਈ ਹੇਠ ਸਬਰ ਅਤੇ ਸ਼ਾਂਤੀ ਨਾਲ ਅੱਗੇ ਵਧ ਰਹੇ ਹਨ।

23 ਮਾਰਚ ਅਹਿਮਦੀਆਂ ਲਈ ਖ਼ਾਸ ਦਿਨ ਹੈ – ਖ਼ੁਦ ਨੂੰ ਜਾਚਣ, ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਅਤੇ ਨਵੀਂ ਉਮੀਦਾਂ ਨਾਲ ਅੱਗੇ ਵਧਣ ਦਾ।

ਇਸ ਦਿਨ ਖ਼ਾਸ ਨਮਾਜਾਂ, ਇਜਤਿਮਾ ਅਤੇ ਸਮਾਗਮ ਕਰਵਾਏ ਜਾਂਦੇ ਹਨ, ਜਿੱਥੇ ਹਜ਼ਰਤ ਮਿਰਜ਼ਾ ਗੁਲਾਮ ਅਹਮਦ ਦੀਆਂ ਸਿੱਖਿਆਵਾਂ ਨੂੰ ਯਾਦ ਕਰਕੇ ਉਨ੍ਹਾਂ ਦੇ ਸੁਨੇਹੇ ਨੂੰ ਦੁਹਰਾਇਆ ਜਾਂਦਾ ਹੈ।

ਜਮਾਤ ਅਹਮਦੀਆ ਦਾ ਸਥਾਪਨਾ ਦਿਵਸ ਸਾਨੂੰ ਯਾਦ ਦਿਲਾਉਂਦਾ ਹੈ ਕਿ ਅਸਲ ਤਾਕਤ ਹਿੰਸਾ ਜਾਂ ਨਫ਼ਰਤ ਵਿੱਚ ਨਹੀਂ, ਬਲਕਿ ਪਿਆਰ, ਹਮਦਰਦੀ ਅਤੇ ਇਨਸਾਨੀਅਤ ਦੀ ਖ਼ੇਦਮਤ ਵਿੱਚ ਹੈ।

ਇਹ ਦਿਨ ਹਰ ਇੱਕ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਸ਼ਾਂਤੀ, ਸੁਧਾਰ ਅਤੇ ਭਲਾਈ ਦਾ ਰਾਹ ਅਪਣਾਈਏ।

By admin

Related Post