ਹੁਸ਼ਿਆਰਪੁਰ 19 ਮਈ (ਤਰਸੇਮ ਦੀਵਾਨਾ ) – ਅਜੋਕੇ ਦੌਰ ਦੀ ਭੱਜ-ਦੌੜ ਅਤੇ ਮਾਨਸਿਕ ਅਸ਼ਾਂਤੀ ਦੇ ਹੱਲ ਲਈ ਰੂਹਾਨੀਅਤ ਦਾ ਮਾਰਗ ਅਪਣਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ। ਧਾਰਮਿਕ ਵਿਦਵਾਨਾਂ ਅਤੇ ਚਿੰਤਕਾਂ ਦਾ ਮੰਨਣਾ ਹੈ ਕਿ ਦੁਨੀਆ ਦੇ ਹਰ ਪ੍ਰਾਣੀ ਨੂੰ ਗੁਰੂਆਂ ਦੇ ਲੜ ਲੱਗਣਾ ਚਾਹੀਦਾ ਹੈ, ਕਿਉਂਕਿ ਗੁਰੂ ਤੋਂ ਬਿਨਾਂ ਇਨਸਾਨ ਦਾ ਜੀਵਨ ਉਸੇ ਤਰ੍ਹਾਂ ਅਧੂਰਾ ਹੈ ਜਿਵੇਂ ਬਿਨਾਂ ਮਲਾਹ ਦੇ ਬਿਨਾਂ ਬੇੜੀ। ਇਹਨਾ ਗੱਲਾਂ ਦਾ ਪ੍ਰਗਟਾਵਾ ਡੇਰਾ 108 ਬਾਬਾ ਮੇਲਾ ਰਾਮ ਜੀ ਭਰੋਮਜ਼ਾਰਾ ਦੇ ਮੌਜੂਦਾ ਗੱਦੀ ਨਸ਼ੀਨ ਅਤੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਰਜਿ. ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜ਼ਾਰਾ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ !
ਉਹਨਾਂ ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਗੁਰੂ ਦੀ ਅਹਿਮੀਅਤ ਨੂੰ ਸਮਝਾਉਂਦਿਆਂ ਇੱਕ ਬਹੁਤ ਹੀ ਵਧੀਆ ਉਦਾਹਰਨ ਦਿੱਤੀ ਹੈ ਉਹਨਾ ਕਿਹਾ ਕਿ ਜਿਵੇਂ ਪੜ੍ਹਾਈ ਤੋਂ ਬਿਨਾਂ ਇਨਸਾਨ ‘ਅਨਪੜ੍ਹ’ ਰਹਿ ਜਾਂਦਾ ਹੈ ਅਤੇ ਉਹ ਸੰਸਾਰਿਕ ਗਿਆਨ ਤੋਂ ਵਾਂਝਾ ਹੋਣ ਕਾਰਨ ਜੀਵਨ ਦੀਆਂ ਬਾਰੀਕੀਆਂ ਨੂੰ ਨਹੀਂ ਸਮਝ ਸਕਦਾ, ਠੀਕ ਉਸੇ ਤਰ੍ਹਾਂ ਅਧਿਆਤਮਿਕ ਗੁਰੂ ਤੋਂ ਬਿਨਾਂ ਇਨਸਾਨ ਅੰਦਰੂਨੀ ਗਿਆਨ ਤੋਂ ਸੱਖਣਾ ਰਹਿੰਦਾ ਹੈ ! ਉਹਨਾਂ ਕਿਹਾ ਕਿ ਜਿਸ ਤਰ੍ਹਾਂ ਇੱਕ ਅਨਪੜ੍ਹ ਵਿਅਕਤੀ ਸਮਾਜਿਕ ਅਤੇ ਤਕਨੀਕੀ ਤਰੱਕੀ ਵਿੱਚ ਆਪਣਾ ਪੂਰਾ ਯੋਗਦਾਨ ਨਹੀਂ ਪਾ ਸਕਦਾ, ਉਸੇ ਤਰ੍ਹਾਂ ਗੁਰੂ ਦੀ ਸਿੱਖਿਆ ਤੋਂ ਬਿਨਾਂ ਮਨੁੱਖ ਆਪਣੇ ਜੀਵਨ ਦੇ ਅਸਲ ਮਕਸਦ ਨੂੰ ਪਛਾਣਨ ਵਿੱਚ ਅਸਮਰੱਥ ਰਹਿੰਦਾ ਹੈ।
ਉਹਨਾਂ ਕਿਹਾ ਕਿ “ਗੁਰੂ ਉਹ ਚਾਨਣ-ਮੁਨਾਰਾ ਹੈ ਜੋ ਭਟਕੇ ਹੋਏ ਇਨਸਾਨ ਨੂੰ ਸਹੀ ਰਸਤਾ ਦਿਖਾ ਕੇ ਉਸ ਦਾ ਲੋਕ ਅਤੇ ਪਰਲੋਕ ਸੁਧਾਰ ਦਿੰਦਾ ਹੈ। ਉਹਨਾਂ ਕਿਹਾ ਕਿ ਅੱਜ ਦੇ ਸਮਾਜ ਵਿੱਚ ਵੱਧ ਰਹੀਆਂ ਬੁਰਾਈਆਂ ਨੂੰ ਰੋਕਣ ਲਈ ਗੁਰੂ ਦੇ ਲੜ ਲੱਗਣਾ ਹੋਰ ਵੀ ਲਾਜ਼ਮੀ ਹੋ ਗਿਆ ਹੈ। ਗੁਰੂ ਦੀ ਮੱਤ ਹੀ ਮਨੁੱਖ ਨੂੰ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਤੋਂ ਬਚਾ ਕੇ ਇੱਕ ਚੰਗਾ ਇਨਸਾਨ ਬਣਾਉਂਦੀ ਹੈ। ਜੇਕਰ ਇਨਸਾਨ ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਤਾਂ ਉਸ ਦੇ ਜੀਵਨ ਵਿੱਚ ਅਨੁਸ਼ਾਸਨ, ਨਿਮਰਤਾ ਅਤੇ ਸੇਵਾ ਭਾਵਨਾ ਵਰਗੇ ਗੁਣ ਪੈਦਾ ਹੁੰਦੇ ਹਨ, ਜੋ ਉਸ ਨੂੰ ਇੱਕ ‘ਪੂਰਨ ਮਨੁੱਖ’ ਬਣਾਉਣ ਵਿੱਚ ਸਹਾਈ ਹੁੰਦੇ ਹਨ।

