Breaking
Sat. Oct 11th, 2025

ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਨੇ ਪੱਤਰਕਾਰ ਗੁਰਪ੍ਰੀਤ ਸਿੰਘ ਭੋਗਲ ‘ਤੇ ਹਮਲੇ ਦਾ ਲਿਆ ਸਖਤ ਨੋਟਿਸ

ਪੱਤਰਕਾਰ ਗੁਰਪ੍ਰੀਤ ਸਿੰਘ ਭੋਗਲ

ਦਿੱਤੀ ਚਿਤਾਵਨੀ :- ਪੱਤਰਕਾਰਾਂ ਨੂੰ ਸਖਤ ਕਦਮ ਉਠਾਉਣ ਲਈ ਮਜਬੂਰ ਨਾ ਕਰੇ ਥਾਣਾ ਭੋਗਪੁਰ ਦੀ ਪੁਲਿਸ

ਹੁਸ਼ਿਆਰਪੁਰ, 3 ਜੂਨ (ਤਰਸੇਮ ਦੀਵਾਨਾ ) ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ ਆਫ਼ ਇੰਡੀਆ ਨੇ ਬੀਤੇ ਦਿਨੀ ਭੋਗਪੁਰ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਭੋਗਲ ਵਾਸੀ ਗੁਰੂ ਨਾਨਕ ਨਗਰ ਭੋਗਪੁਰ ਉੱਪਰ ਮੌਜੂਦਾ ਸਰਪੰਚ ਦੀ ਸ਼ਹਿ ਉੱਪਰ ਕੁਝ ਵਿਅਕਤੀਆਂ ਵੱਲੋਂ ਕੀਤੇ ਗਏ ਜਾਨਲੇਵਾ ਹਮਲੇ ਦਾ ਸਖ਼ਤ ਨੋਟਿਸ ਲਿਆ ਹੈ | ਇਸ ਸਬੰਧੀ ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪ੍ਰਿੰਸੀਪਲ ਬਲਵੀਰ ਸਿੰਘ ਸੈਣੀ, ਸਕੱਤਰ ਜਨਰਲ ਵਿਨੋਦ ਕੌਸ਼ਲ, ਸੂਬਾ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ, ਸਕੱਤਰ ਕਮ ਖਜਾਨਚੀ ਤਰਸੇਮ ਦੀਵਾਨਾ, ਜਨਰਲ ਸਕੱਤਰ ਅਮਰਜੀਤ ਸਿੰਘ ਜੰਡੂਸਿੰਘਾ, ਵਾਈਸ ਚੇਅਰਮੈਨ ਗੁਰਬਿੰਦਰ ਸਿੰਘ ਪਲਾਹਾ ਅਤੇ ਸੀਨੀਅਰ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਇਸ ਹੋਏ ਜਾਨਲੇਵਾ ਹਮਲੇ ਸਬੰਧੀ ਜਾਣਕਾਰੀ ਦਿੰਦਿਆਂ ਭੋਗਪੁਰ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਭੋਗਲ ਨੇ ਦੱਸਿਆ ਕਿ ਪਿੰਡ ਲੁਹਾਰਾ ਤੋਂ ਭੋਗਪੁਰ ਵੱਲ ਨੂੰ ਜਾ ਰਹੇ ਸਨ ਤੇ ਰਸਤੇ ਵਿੱਚ ਇੱਕ ਟਰੈਕਟਰ ਤੇ ਦੋ ਨੌਜਵਾਨਾ ਨੇ ਗੱਡੀ ਦੇ ਅੱਗੇ ਟਰੈਕਟਰ ਲਗਾ ਕੇ ਰੋਕਿਆ ਅਤੇ ਪਰਿਵਾਰ ਨੂੰ ਇਕੱਲਾ ਦੇਖ ਆਪਣੇ ਹੋਰ ਅਣਪਛਾਤੇ ਲੋਕਾਂ ਨੂੰ ਮੌਕੇ ਤੇ ਬੁਲਾ ਲਿਆ ਅਤੇ ਪਰਿਵਾਰ ਦੇ ਨਾਲ ਧੱਕਾ ਮੁੱਕੀ ਕਰਨੀ ਸ਼ੁਰੂ ਕਰ ਦਿੱਤੀ, ਜਿਹਨਾਂ ਵਿੱਚੋ ਇੱਕ ਵਿਅਕਤੀ ਭੋਗਲ ਪਿੱਛਿਓਂ ਦੀ ਜੱਫਾ ਪਾਇਆ ਹੋਇਆ ਸੀ।

ਮੌਕੇ ਤੇ ਪਹੁੰਚੇ ਪਿੰਡ ਵਾਸੀਆਂ ਦੀ ਮਦਦ ਨਾਲ ਮਿਲ ਕੇ ਭੋਗਲ ਪਰਿਵਾਰ ਨੂੰ ਉਸ ਭੀੜ ਵਿੱਚੋਂ ਕੱਢ ਦਿੱਤਾ

ਉਕਤ ਵਿਅਕਤੀਆਂ ਵਿੱਚੋ ਜਦੋ ਭੁਪਿੰਦਰ ਸਿੰਘ ਨੇ ਗੁਰਪ੍ਰੀਤ ਸਿੰਘ ਭੋਗਲ ਤੇ ਵਾਰ ਕਰਨਾ ਚਾਹਿਆ ਤੇ ਪਰਿਵਾਰ ਉੱਤੇ ਹਮਲਾ ਹੁੰਦਾ ਦੇਖ ਉਹਨਾਂ ਦੀ ਬੇਟੀ ਜੈਸਮੀਨ ਕੌਰ ਭੋਗਲ ਨੇ ਜਦ ਸ੍ਰੀ ਸਾਹਿਬ ਕੱਢੀ ਤਾਂ ਉਕਤ ਨੇ ਪਿੱਛੋਂ ਦੀ ਜੱਫਾ ਛੱਡ ਦਿੱਤਾ। ਮੌਕੇ ਤੇ ਪਹੁੰਚੇ ਪਿੰਡ ਵਾਸੀਆਂ ਦੀ ਮਦਦ ਨਾਲ ਮਿਲ ਕੇ ਭੋਗਲ ਪਰਿਵਾਰ ਨੂੰ ਉਸ ਭੀੜ ਵਿੱਚੋਂ ਕੱਢ ਦਿੱਤਾ। ਇਸ ਮੌਕੇ ਗੁਰਪ੍ਰੀਤ ਸਿੰਘ ਭੋਗਲ ਨੇ ਕਿਹਾ ਕਿ ਮੇਰੇ ਸਾਰੇ ਪਰਿਵਾਰ ਉੱਪਰ ਜਿਹਨਾਂ ਨੇ ਵੀ ਹਮਲਾ ਕੀਤਾ ਹੈ, ਉਹ ਵਿਅਕਤੀ ਬਖਸ਼ਣ ਯੋਗ ਨਹੀਂ ਹਨ। ਇਸ ਸਬੰਧੀ ਉਹਨਾਂ ਇਹ ਵੀ ਕਿਹਾ ਕਿ ਇਸ ਸਬੰਧੀ ਜਲੰਧਰ ਦੇ ਡਿਪਟੀ ਸਾਹਿਬ ਕੋਲ ਪਹਿਲਾਂ ਵੀ ਦਰਖਾਸਤ ਚੱਲ ਰਹੀ ਹੈ ਜਿਸ ਵਿੱਚ ਪਿੰਡ ਦੇ ਮੌਜੂਦਾ ਸਰਪੰਚ ਅਤੇ ਇਹਨਾਂ ਲੋਕਾਂ ਵੱਲੋਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ ਜਿਸ ਦੇ ਸਬੂਤ ਵੀ ਡਿਪਟੀ ਸਾਹਿਬ ਜਲੰਧਰ ਨੂੰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਤੋਂ ਇਲਾਵਾ ਹੋਰ ਅਣਪਛਾਤੇ ਲੋਕਾਂ ਨੇ ਮੇਰੇ ਪਰਿਵਾਰ ਦੇ ਉੱਪਰ ਹਮਲਾ ਕੀਤਾ ਹੈ ਮੈਨੂੰ ਇਹਨਾਂ ਲੋਕਾਂ ਤੋ ਪਿੱਛਲੇ ਕਾਫੀ ਸਮੇ ਤੋਂ ਖਤਰਾ ਹੈ |

ਗੁਰਪ੍ਰੀਤ ਸਿੰਘ ਭੋਗਲ ਵੱਲੋਂ ਪਹਿਲਾਂ ਦਿੱਤੀ ਦਰਖਾਸਤ ਉੱਪਰ ਕਾਰਵਾਈ ਨਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਲਾਈਨ ਹਾਜ਼ਿਰ ਕੀਤਾ ਜਾਵੇ

ਉਨ੍ਹਾਂ ਵੱਲੋਂ ਵਾਰ ਵਾਰ ਡਿਪਟੀ ਕੋਲ ਪਹੁੰਚ ਕੇ ਇਨਸਾਫ ਦੀ ਮੰਗ ਕੀਤੀ ਪਰ ਕੋਈ ਵੀ ਸੁਣਵਾਈ ਨਹੀਂ ਹੋਈ ਜਿਸ ਕਾਰਨ ਪੁਲਿਸ ਦੀ ਢਿੱਲ ਮੱਠ ਦਾ ਹੀਂ ਨਤੀਜਾ ਹੁਣ ਉਨ੍ਹਾਂ ਦੇ ਪਰਿਵਾਰ ਨੂੰ ਭੁਗਤਣਾ ਪਿਆ ਹੈ | ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਪੰਜਾਬ ਇੰਡੀਆ ਵੱਲੋਂ ਸੂਬਾ ਪ੍ਰਧਾਨ ਪ੍ਰਿੰਸੀਪਲ ਬਲਵੀਰ ਸਿੰਘ ਸੈਣੀ ਨੇ ਕਿਹਾ ਕਿ ਐਸੋਸੀਏਸ਼ਨ ਐਸਐਸਪੀ ਜਲੰਧਰ ਪਾਸੋਂ ਮੰਗ ਕਰਦੀ ਹੈ ਕਿ ਪੱਤਰਕਾਰ ਗੁਰਪ੍ਰੀਤ ਸਿੰਘ ਭੋਗਲ ਵੱਲੋਂ ਪਹਿਲਾਂ ਦਿੱਤੀ ਦਰਖਾਸਤ ਉੱਪਰ ਕਾਰਵਾਈ ਨਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਲਾਈਨ ਹਾਜ਼ਿਰ ਕੀਤਾ ਜਾਵੇ ਅਤੇ ਇਸ ਸਾਰੇ ਮਾਮਲੇ ਦੀ ਜਾਂਚ ਐੱਸਪੀ ਰੈਂਕ ਦੇ ਅਫਸਰ ਤੋਂ ਕਰਵਾਈ ਜਾਵੇ ਨਾਲ ਹੀ ਸਰਕਾਰ ਗੁਰਪ੍ਰੀਤ ਸਿੰਘ ਭੋਗਲ ਦੇ ਪਰਿਵਾਰ ਉੱਪਰ ਹਮਲਾ ਕਰਨ ਵਾਲੇ ਮਾਮਲੇ ਵਿੱਚ ਮੌਜੂਦਾ ਸਰਪੰਚ ਅਤੇ ਉਸਦੇ ਸਾਥੀਆਂ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇ। ਉਹਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਜੇ ਵੀ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਨਾ ਕੀਤੀ ਤਾਂ ਸਮੁੱਚੇ ਪੱਤਰਕਾਰ ਭਾਈਚਾਰੇ ਨਾਲ ਸਲਾਹ ਕਰਕੇ ਦਿ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਨੂੰ ਸਖਤ ਕਦਮ ਉਠਾਉਣ ਲਈ ਮਜਬੂਰ ਹੋਣਾ ਪਵੇਗਾ ਜਿਸਦੀ ਪੂਰੀ ਜਿੰਮੇਵਾਰੀ ਜਲੰਧਰ ਪੁਲਿਸ ਦੀ ਹੋਵੇਗੀ !

By admin

Related Post