ਹੁਸ਼ਿਆਰਪੁਰ, 16 ਮਈ (ਤਰਸੇਮ ਦੀਵਾਨਾ)- ਪੰਜਾਬ ਸਰਕਾਰ ਦੇ ਹੁਕਮਾਂ, ਸਿਵਲ ਸਰਜਨ ਡਾ ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਕਟਰ ਜਗਦੀਪ ਸਿੰਘ ਜੀ ਜ਼ਿਲ੍ਹਾ ਐਪੀਡੀਮੋਲੋਜਿਸਟ ਦੀ ਯੋਗ ਅਗਵਾਈ ਵਿੱਚ ਅੱਜ “ਰਾਸ਼ਟਰੀ ਡੇਂਗੂ ਦਿਵਸ” ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਅਤੇ ਪਿੱਪਲਾਂਵਾਲਾ ਵਿਖੇ ਸਫਲਤਾਪੂਰਵਕ ਮਨਾਇਆ ਗਿਆ। ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਦੱਸਦਿਆਂ ਹੈਲਥ ਇੰਸਪੈਕਟਰ ਬਸੰਤ ਕੁਮਾਰ ਨੇ ਕਿਹਾ ਕਿ ਇਸ ਦਿਨ ਨੂੰ ਮਨਾਉਣ ਦਾ ਕਾਰਨ ਪਬਲਿਕ ਨੂੰ ਡੇਂਗੂ ਮੱਛਰਾਂ ਦੇ ਦੁਸ਼ ਪ੍ਰਭਾਵਾਂ ਅਤੇ ਇਸ ਤੋਂ ਬਚਾਅ ਦੇ ਢੰਗ ਤਰੀਕੇ ਬਾਰੇ ਜਾਗਰੂਕ ਕਰਨਾ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਆਮ ਲੋਕਾਂ ਨੂੰ ਡੇਂਗੂ ਕਾਰਨ ਹੋਣ ਵਾਲੀ ਆਰਥਿਕ ਹਾਨੀ ਅਤੇ ਸਿਹਤ ਤੇ ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚਾਅ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਹੈਲਥ ਇੰਸਪੈਕਟਰ ਰਾਕੇਸ਼ ਕੁਮਾਰ ਨੇ ਵਿਦਿਅਰਥੀਆਂ ਨੂੰ ਦੱਸਿਆ ਕਿ ਡੇਂਗੂ ਬੁਖ਼ਾਰ ਮਾਦਾ ਮੱਛਰ ਏਡੀਜ਼ ਇਜੈਪਟੀ ਦੇ ਕਾਰਨ ਫੈਲਦਾ ਹੈ ਜੋ ਸਾਡੇ ਘਰਾਂ ਵਿੱਚ ਮੌਜੂਦ ਸਾਫ, ਖੜ੍ਹੇ ਅਤੇ ਖੁੱਲ੍ਹੇ ਪਾਣੀ ਵਿਚ ਵੱਡੀ ਮਾਤਰਾ ਵਿਚ ਪੈਦਾ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਘਰਾਂ ਵਿੱਚ ਮੌਜੂਦ ਕੰਟੇਨਰਾਂ ਜਿਵੇਂ ਕੂਲਰ, ਫਰਿਜ਼ ਦੀ ਪਿਛਲੀ ਟਰੇਅ, ਗਮਲੇ, ਟਾਇਰ, ਟੁੱਟੇ ਫੁੱਟੇ ਬਰਤਨ, ਟੈਂਕੀਆਂ ਆਦਿ ਦੀ ਨਿਯਮਤ ਸਫ਼ਾਈ ਕੀਤੀ ਜਾਵੇ ਅਤੇ ਪਾਣੀ ਨੂੰ ਢੱਕ ਕੇ ਰੱਖਿਆ ਜਾਵੇ।
ਬੁਖ਼ਾਰ ਹੋਣ ਤੇ ਹਸਪਤਾਲ ਵਿੱਚ ਫ੍ਰੀ ਇਲਾਜ ਕਰਵਾਉਣਾ ਚਾਹੀਦਾ ਹੈ ਅਤੇ ਬਰੂਫਿਨ, ਐਸਪਰਿਨ ਗੋਲੀਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਦਿਨ ਵੇਲੇ ਪੂਰੀ ਬਾਜ਼ੂ ਦੇ ਕੱਪੜੇ ਪਹਿਨ ਕੇ ਰੱਖਣੇ ਚਾਹੀਦੇ ਹਨ ਅਤੇ ਮੱਛਰ ਭਜਾਉ ਕਰੀਮਾਂ, ਤੇਲ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਬਲਿਕ ਦੇ ਸਹਿਯੋਗ ਤੋਂ ਬਿਨਾਂ ਅਸੀਂ ਡੇਂਗੂ ਵਿਰੁੱਧ ਲੜਾਈ ਨਹੀਂ ਜਿੱਤ ਸਕਦੇ। ਇਸ ਮੌਕੇ ਸਿਹਤ ਵਿਭਾਗ ਤੋਂ ਸ੍ਰੀ ਸੁਰਿੰਦਰ ਕਲਸੀ, ਗੁਰਦੀਪ ਸਿੰਘ, ਨਰੇਸ਼ ਕੁਮਾਰ ਅਤੇ ਤਜਿੰਦਰ ਸਿੰਘ ਵੀ ਹਾਜ਼ਰ ਸਨ।