ਹੁਸ਼ਿਆਰਪੁਰ, 29 ਅਪ੍ਰੈਲ (ਤਰਸੇਮ ਦੀਵਾਨਾ)- ਚੱਬੇਵਾਲ ਤੋਂ ਵਿਧਾਇਕ ਡਾ. ਈਸ਼ਾਂਕ ਕੁਮਾਰ ਆਪਣੇ ਵਿਧਾਨ ਸਭਾ ਹਲਕੇ ਵਿੱਚ ਸਰਗਰਮ ਹੋ ਕੇ ਕੰਮ ਕਰ ਰਹੇ ਹਨ। ਉਹ ਪਿੰਡ ਪਿੰਡ ਜਾ ਕੇ ਹਲਕੇ ਵਾਸੀਆਂ ਨਾਲ ਸੰਪਰਕ ਕਰਦੇ ਹਨ ਅਤੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕਰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਲਲਵਾਂਨ ਪਿੰਡ ਦਾ ਦੌਰਾ ਕੀਤਾ ਅਤੇ ਉਥੇ ਦੇ ਸਰਕਾਰੀ ਹਾਈ ਸਕੂਲ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਸਕੂਲ ਵਿੱਚ ਤਿਆਰ ਕੀਤੀ ਗਈ ਨਵੀਂ ਲਾਇਬ੍ਰੇਰੀ ਦਾ ਨਿਰੀਖਣ ਕੀਤਾ ਅਤੇ ਇਸ ਉਪਰਾਲੇ ਲਈ ਅਧਿਆਪਕਾਂ ਦੀ ਦਿਲੋਂ ਸ਼ਲਾਘਾ ਕੀਤੀ। ਗੌਰਤਲਬ ਹੈ ਕਿ ਲਲਵਾਂਨ ਸਕੂਲ ਦੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਲਈ ਇਕ ਸੁਵਿਧਾਜਨਕ ਅਤੇ ਗਿਆਨ ਵਰਧਕ ਲਾਇਬ੍ਰੇਰੀ ਤਿਆਰ ਕੀਤੀ ਗਈ ਹੈ, ਜਿਸ ਵਿੱਚ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ਪੁਸਤਕਾਂ, ਪ੍ਰੇਰਣਾਦਾਇਕ ਸਾਹਿਤ, ਕੰਪੀਟਿਸ਼ਨ ਪਰੀਖਿਆਵਾਂ ਦੀ ਤਿਆਰੀ ਨਾਲ ਸਬੰਧਤ ਸਮੱਗਰੀ ਅਤੇ ਪੜ੍ਹਾਈ ਲਈ ਉਚਿਤ ਮਾਹੌਲ ਉਪਲਬਧ ਕਰਵਾਇਆ ਗਿਆ ਹੈ।
ਲਾਇਬ੍ਰੇਰੀ ਪੰਜਾਬੀ ਸਾਹਿਤ ਦੇ ਮਹਾਨ ਸੰਤ ਕਵੀ ਭਾਈ ਵੀਰ ਸਿੰਘ ਜੀ ਨੂੰ ਸਮਰਪਿਤ ਕੀਤੀ ਗਈ ਹੈ
ਇਹ ਲਾਇਬ੍ਰੇਰੀ ਪੰਜਾਬੀ ਸਾਹਿਤ ਦੇ ਮਹਾਨ ਸੰਤ ਕਵੀ ਭਾਈ ਵੀਰ ਸਿੰਘ ਜੀ ਨੂੰ ਸਮਰਪਿਤ ਕੀਤੀ ਗਈ ਹੈ। ਵਿਧਾਇਕ ਡਾ. ਈਸ਼ਾਂਕ ਨੇ ਭਾਈ ਵੀਰ ਸਿੰਘ ਜੀ ਨੂੰ ਨਮਨ ਕਰਦੇ ਹੋਏ ਅਧਿਆਪਕਾਂ ਦੀ ਇਸ ਕੋਸ਼ਿਸ਼ ਨੂੰ “ਪ੍ਰੇਰਣਾਦਾਇਕ ਅਤੇ ਮਿਸਾਲੀ ” ਦੱਸਿਆ ਅਤੇ ਕਿਹਾ, “ਇਹ ਸਿਰਫ ਇਕ ਲਾਇਬ੍ਰੇਰੀ ਨਹੀਂ, ਸਗੋਂ ਵਿਦਿਆਰਥੀਆਂ ਦੇ ਭਵਿੱਖ ਨਿਰਮਾਣ ਦਾ ਸਾਧਨ ਹੈ। ਇਹ ਦੇਖ ਕੇ ਮਾਣ ਹੁੰਦਾ ਹੈ ਕਿ ਸਾਡੇ ਸਰਕਾਰੀ ਸਕੂਲਾਂ ਦੇ ਅਧਿਆਪਕ ਅਜਿਹਾ ਵਾਤਾਵਰਨ ਤਿਆਰ ਕਰ ਰਹੇ ਹਨ ਜੋ ਨਿੱਜੀ ਸੰਸਥਾਵਾਂ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਚੱਬੇਵਾਲ ਹਲਕੇ ਦੇ ਸਕੂਲ ਸਾਰੇ ਪੰਜਾਬ ਲਈ ਮਾਡਲ ਬਣਨਗੇ। ਡਾ. ਈਸ਼ਾਂਕ ਨੇ ਕਿਹਾ, “ਸਾਡੀ ਸਰਕਾਰ ਦਾ ਉਦੇਸ਼ ਸਿਰਫ ਢਾਂਚਾ ਨਹੀਂ ਬਦਲਣਾ, ਸਗੋਂ ਵਿਦਿਆਰਥੀਆਂ ਨੂੰ ਸਮੁੱਚੇ ਵਿਕਾਸ ਲਈ ਮਜ਼ਬੂਤ ਮੰਚ ਦੇਣਾ ਹੈ। ਅਧਿਆਪਕਾਂ ਵਲੋਂ ਕੀਤੀ ਗਈ ਇਹ ਪਹਲ ਉਸੇ ਦਿਸ਼ਾ ਵਿੱਚ ਇਕ ਮਹੱਤਵਪੂਰਨ ਕਦਮ ਹੈ।”
ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਹੋਰ ਜਨ ਪ੍ਰਤਿਨਿਧੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਨ੍ਹਾਂ ਸਰਾਹਣਯੋਗ ਉਪਰਾਲਿਆਂ ਨੂੰ ਅਪਣਾਉਣ ਅਤੇ ਅਧਿਆਪਕਾਂ ਨੂੰ ਪੂਰਾ ਸਹਿਯੋਗ ਦੇਣ। ਇਸ ਮੌਕੇ ਸਕੂਲ ਦੇ ਮੁਖ ਅਧਿਆਪਕ, ਹੋਰ ਸਟਾਫ ਮੈਂਬਰਾਂ ਅਤੇ ਸਥਾਨਕ ਨਾਗਰਿਕ ਵੀ ਮੌਜੂਦ ਸਨ। ਸਾਰਿਆਂ ਨੇ ਵਿਧਾਇਕ ਦੀ ਹਾਜ਼ਰੀ ਨੂੰ ਪ੍ਰੇਰਣਾਦਾਇਕ ਦੱਸਿਆ ਅਤੇ ਉਮੀਦ ਜਤਾਈ ਕਿ ਚੱਬੇਵਾਲ ਦੇ ਸਰਕਾਰੀ ਸਕੂਲ ਆਧੁਨਿਕ ਸਿੱਖਿਆ ਅਤੇ ਢਾਂਚਾਗਤ ਸੁਧਾਰ ਵਿਚ ਸਾਰੇ ਪੰਜਾਬ ਲਈ ਮਿਸਾਲ ਬਣਣਗੇ। ਇਸ ਮੌਕੇ ਸਰਪੰਚ ਖੰਨੀ ਪਰਵਿੰਦਰ ਕੌਰ, ਰਮਨ ਕੁਮਾਰ, ਦਾਰਾ ਸਿੰਘ, ਹਰਦੇਵ ਚੰਦ, ਲਲਿਤਾ ਦੇਵੀ, ਮੀਨਾ ਦੇਵੀ, ਸੁਮਨ ਦੇਵੀ, ਤਿਲਕ ਰਾਜ, ਰਵਿੰਦਰ ਸਿੰਘ, ਸਾਬਕਾ ਸਰਪੰਚ ਰਾਜਕੁਮਾਰੀ, ਹਰਵਿੰਦਰ ਸਿੰਘ ਬੰਗਾ, ਮਨੋਜ ਕੁਮਾਰ, ਸਰਪੰਚ ਰਾਜਿੰਦਰ ਸਿੰਘ, ਕੋਆਰਡੀਨੇਟਰ ਸਤੀਸ਼ ਕੁਮਾਰ, ਜ਼ਿਲ੍ਹਾ ਕੋਆਰਡੀਨੇਟਰ ਰਜਨੀਸ਼ ਕੁਮਾਰ ਗੁਲਿਆਨੀ ਸਮੇਤ ਕਈ ਹੋਰ ਗਣਮਾਣਯ ਲੋਕ ਵੀ ਮੌਜੂਦ ਸਨ।