Breaking
Fri. Nov 13th, 2026

ਮ੍ਰਿਤਕ ਦੇਹ ਰੱਖ ਕੇ ਰੋਸ ਪ੍ਰਦਰਸ਼ਨ ਕਰਨ ਦਾ ਰੁਝਾਨ ਬੇਹੱਦ ਮੰਦਭਾਗਾ, ਸਰਕਾਰ ਬਣਾਵੇ ਠੋਸ ਮਾਨਵਤਾਵਾਦੀ ਨੀਤੀ : ਡਾ. ਅਜੇ ਬੱਗਾ

ਸੰਸਥਾ 'ਸਵੇਰਾ

ਇਨਸਾਫ਼ ਲਈ ਪਰਿਵਾਰਾਂ ਨੂੰ ਲਾਸ਼ਾਂ ਸੜਕਾਂ ‘ਤੇ ਰੱਖਣ ਲਈ ਮਜਬੂਰ ਹੋਣਾ ਪ੍ਰਸ਼ਾਸਨਿਕ ਪ੍ਰਣਾਲੀ ਦੀ ਵੱਡੀ ਨਾਕਾਮੀ : ਸੰਸਥਾ ‘ਸਵੇਰਾ’

ਹੁਸ਼ਿਆਰਪੁਰ, 13 ਨਵੰਬਰ (ਤਰਸੇਮ ਦੀਵਾਨਾ) – ਸਮਾਜ ਵਿੱਚ ਇਨਸਾਫ਼ ਹਾਸਲ ਕਰਨ ਲਈ ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਰੋਕ ਕੇ ਸੜਕਾਂ ‘ਤੇ ਧਰਨੇ ਲਾਉਣ ਜਾਂ ਕਈ-ਕਈ ਦਿਨ ਲਾਸ਼ਾਂ ਨੂੰ ਮੋਰਚਰੀ ਵਿੱਚ ਰੱਖਣ ਦੇ ਵੱਧ ਰਹੇ ਰੁਝਾਨ ‘ਤੇ ਸਮਾਜਿਕ ਜਾਗਰੂਕਤਾ ਲਈ ਕਾਰਜਸ਼ੀਲ ਸੰਸਥਾ “ਸਵੇਰਾ” ਨੇ ਡੂੰਘੀ ਚਿੰਤਾ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਸੰਸਥਾ ਦੇ ਕਨਵੀਨਰ ਡਾ. ਅਜੇ ਬੱਗਾ ਨੇ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਇਸ ਵਰਤਾਰੇ ਨੂੰ ਸਮੁੱਚੇ ਸਮਾਜ ਲਈ ਬੇਹੱਦ ਦਰਦਨਾਕ, ਅਣਮਨੁੱਖੀ ਅਤੇ ਸ਼ਰਮਨਾਕ ਕਰਾਰ ਦਿੱਤਾ ਹੈ।

ਡਾ. ਬੱਗਾ ਨੇ ਬੇਬਾਕੀ ਨਾਲ ਆਪਣਾ ਪੱਖ ਰੱਖਦਿਆਂ ਕਿਹਾ ਕਿ ਸਾਡੀ ਸੱਭਿਅਤਾ, ਧਰਮ ਅਤੇ ਨੈਤਿਕ ਕਦਰਾਂ-ਕੀਮਤਾਂ ਸਾਨੂੰ ਸਿਖਾਉਂਦੀਆਂ ਹਨ ਕਿ ਹਰ ਵਿਛੜੀ ਹੋਈ ਰੂਹ ਫੁੱਲਾਂ, ਅਰਦਾਸਾਂ ਅਤੇ ਪੂਰੇ ਮਾਣ-ਸਨਮਾਨ ਨਾਲ ਅੰਤਿਮ ਵਿਦਾਇਗੀ ਦੀ ਹੱਕਦਾਰ ਹੁੰਦੀ ਹੈ। ਪਰ ਇਹ ਬੇਹੱਦ ਤ੍ਰਾਸਦੀ ਵਾਲੀ ਗੱਲ ਹੈ ਕਿ ਅੱਜ-ਕੱਲ੍ਹ ਸਿਸਟਮ ਦੀ ਸੁਸਤੀ ਅਤੇ ਸਮੇਂ ਸਿਰ ਇਨਸਾਫ਼ ਨਾ ਮਿਲਣ ਕਾਰਨ ਪੀੜਤ ਪਰਿਵਾਰ ਆਪਣੇ ਹੀ ਪਿਆਰਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਸੜਕਾਂ ‘ਤੇ ਰੱਖ ਕੇ ਇਨਸਾਫ਼ ਦੀ ਗੁਹਾਰ ਲਾਉਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅੰਤਿਮ ਸੰਸਕਾਰ ਵਿੱਚ ਜਾਣਬੁੱਝ ਕੇ ਜਾਂ ਮਜਬੂਰੀ ਵੱਸ ਕੀਤੀ ਜਾਣ ਵਾਲੀ ਦੇਰੀ ਵਿਛੜੀ ਆਤਮਾ ਦਾ ਸਿੱਧਾ ਅਪਮਾਨ ਹੈ, ਜੋ ਸੋਗਮਈ ਪਰਿਵਾਰ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਦਾ ਕੰਮ ਕਰਦੀ ਹੈ।

ਪ੍ਰਸ਼ਾਸਨਿਕ ਢਾਂਚੇ ਦੀ ਕਾਰਜਪ੍ਰਣਾਲੀ ‘ਤੇ ਸਵਾਲ ਉਠਾਉਂਦਿਆਂ ਡਾ. ਬੱਗਾ ਨੇ ਕਿਹਾ ਕਿ ਜਦੋਂ ਕੋਈ ਪਰਿਵਾਰ ਆਪਣੇ ਜੀਅ ਨੂੰ ਗੁਆਉਣ ਦੇ ਅਸਹਿ ਸਦਮੇ ਵਿੱਚ ਹੁੰਦਾ ਹੈ, ਉਸ ਵੇਲੇ ਉਨ੍ਹਾਂ ਨੂੰ ਦਫ਼ਤਰਾਂ ਦੇ ਚੱਕਰ ਕਟਵਾਉਣਾ ਜਾਂ ਮੰਗਾਂ ਮਨਵਾਉਣ ਲਈ ਧਰਨਿਆਂ ‘ਤੇ ਬਿਠਾਉਣਾ ਕਿਸੇ ਵੀ ਪੱਖੋਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਸਖ਼ਤ ਲਫ਼ਜ਼ਾਂ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਹੜੇ ਲੋਕ ਜਾਂ ਅਨਸਰ ਆਪਣੇ ਨਿੱਜੀ ਜਾਂ ਸਿਆਸੀ ਮੁਫ਼ਾਦਾਂ ਦੀ ਪੂਰਤੀ ਲਈ ਮ੍ਰਿਤਕ ਦੇਹਾਂ ‘ਤੇ ਸਿਆਸਤ ਕਰਦੇ ਹਨ ਅਤੇ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਸੰਸਕਾਰ ਰੋਕਦੇ ਹਨ, ਉਨ੍ਹਾਂ ਨੂੰ ਨਾ ਤਾਂ ਸਮਾਜ ਕਦੇ ਮੁਆਫ਼ ਕਰਦਾ ਹੈ ਅਤੇ ਨਾ ਹੀ ਪ੍ਰਮਾਤਮਾ ਦੀ ਦਰਗਾਹ ਵਿੱਚ ਉਨ੍ਹਾਂ ਨੂੰ ਕਦੇ ਮੁਆਫ਼ੀ ਮਿਲਦੀ ਹੈ।

ਡਾ. ਅਜੇ ਬੱਗਾ ਨੇ ਪੰਜਾਬ ਸਰਕਾਰ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਗੰਭੀਰ ਸਮੱਸਿਆ ਦੇ ਸਥਾਈ ਹੱਲ ਲਈ ਤੁਰੰਤ ਇੱਕ ਸਪੱਸ਼ਟ ਅਤੇ ਮਾਨਵਤਾਵਾਦੀ ਨੀਤੀ ਤਿਆਰ ਕੀਤੀ ਜਾਵੇ। ਇਸ ਨੀਤੀ ਤਹਿਤ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਵਿੱਚ ਪੀੜਤ ਪਰਿਵਾਰਾਂ ਦੀਆਂ ਜਾਇਜ਼ ਮੰਗਾਂ ਦੇ ਤੁਰੰਤ ਨਿਪਟਾਰੇ ਲਈ ਇੱਕ ਸਮਾਂਬੱਧ ਅਤੇ ਜਵਾਬਦੇਹ ਪ੍ਰਣਾਲੀ ਲਾਗੂ ਹੋਣੀ ਚਾਹੀਦੀ ਹੈ, ਤਾਂ ਜੋ ਕਿਸੇ ਵੀ ਪਰਿਵਾਰ ਨੂੰ ਇਨਸਾਫ਼ ਲੈਣ ਲਈ ਆਪਣੇ ਪਿਆਰੇ ਦਾ ਸੰਸਕਾਰ ਨਾ ਰੋਕਣਾ ਪਵੇ।

ਅੰਤ ਵਿੱਚ ਉਨ੍ਹਾਂ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ, ਪੁਲਿਸ ਵਿਭਾਗ ਅਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਨਾਜ਼ੁਕ ਮੌਕਿਆਂ ‘ਤੇ ਪੂਰੀ ਸੰਵੇਦਨਸ਼ੀਲਤਾ, ਹਮਦਰਦੀ ਅਤੇ ਮਨੁੱਖਤਾ ਦਾ ਸਬੂਤ ਦੇਣ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਇਹ ਮੁੱਢਲਾ ਫ਼ਰਜ਼ ਬਣਦਾ ਹੈ ਕਿ ਉਹ ਬਿਨਾਂ ਕਿਸੇ ਦੇਰੀ ਦੇ ਪੀੜਤ ਪਰਿਵਾਰ ਨੂੰ ਇਨਸਾਫ਼ ਦਾ ਭਰੋਸਾ ਦਿਵਾਏ ਅਤੇ ਵਿਛੜੀ ਰੂਹ ਦਾ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕਰਵਾਉਣ ਵਿੱਚ ਆਪਣੀ ਸਕਾਰਾਤਮਕ ਭੂਮਿਕਾ ਨਿਭਾਏ।

By admin

Related Post