ਖਾਲਸਾ ਕਾਲਜ ਮਾਹਿਲਪੁਰ ਵਿੱਚ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ ਸ਼ਾਨੋ ਸ਼ੌਕਤ ਨਾਲ ਸ਼ੁਰੂ

ਖਾਲਸਾ ਕਾਲਜ

ਹੁਸ਼ਿਆਰਪੁਰ /ਮਾਹਿਲਪੁਰ, 4 ਨਵੰਬਰ ( ਤਰਸੇਮ ਦੀਵਾਨਾ ) – ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਧੀਨ ਹੁਸ਼ਿਆਰਪੁਰ (ਜ਼ੋਨ -5) ਤਹਿਤ ਆਉਂਦੇ 30 ਕਾਲਜਾਂ ਦੇ ਵਿਦਿਆਰਥੀਆਂ ਦੀਆਂ ਵੱਖ ਵੱਖ ਸਿਰਜਣਾਤਮਿਕ, ਕਲਾਤਮਿਕ ਅਤੇ ਵਿਰਾਸਤੀ ਗਤੀਵਿਧੀਆਂ ਨਾਲ ਸਬੰਧਤ ਚਾਰ ਦਿਨ੍ਹਾਂ ਜ਼ੋਨਲ ਯੁਵਕ ਤੇ ਵਿਰਾਸਤੀ ਮੇਲਾ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਬੰਧਾਂ ਅਧੀਨ ਚੱਲਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਿਆ। ਇਸ ਯੁਵਕ ਮੇਲੇ ਦੇ ਪਹਿਲੇ ਦਿਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਪ੍ਰਧਾਨਗੀ ਮੰਡਲ ਵਿੱਚ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਜਨਰਲ ਸਕੱਤਰ ਪ੍ਰੋ ਅਪਿੰਦਰ ਸਿੰਘ, ਖਜ਼ਾਨਚੀ ਵੀਰਇੰਦਰ ਸ਼ਰਮਾ ਸਮੇਤ ਹੋਰ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ‘ਦੇਹ ਸ਼ਿਵਾ ਵਰ ਮੋਹਿ ਏਹੈ’ ਦੇ ਸ਼ਬਦ ਗਾਇਣ ਨਾਲ ਯੁਵਕ ਮੇਲੇ ਦਾ ਆਗਾਜ਼ ਹੋਇਆ। ਕਾਲਜ ਦੇ ਪਿ੍ੰਸੀਪਲ ਡਾ ਪਰਵਿੰਦਰ ਸਿੰਘ ਨੇ ਹਾਜ਼ਰ ਮਹਿਮਾਨਾਂ ਸਮੇਤ ਵੱਖ ਵੱਖ ਕਾਲਜਾਂ ਤੋਂ ਪੁੱਜੇ ਵਿਦਿਆਰਥੀਆਂ ਸਵਾਗਤੀ ਸ਼ਬਦ ਸਾਂਝੇ ਕੀਤੇ।

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ ਸੁਖਜਿੰਦਰ ਰਿਸ਼ੀ ਨੇ ਕਾਲਜ ਦੇ ਪ੍ਰਬੰਧਕਾਂ ਨੂੰ ਜ਼ੋਨਲ ਅਤੇ ਇੰਟਰ ਜ਼ੋਨਲ ਯੁਵਕ ਮੇਲੇ ਦਾ ਆਯੋਜਨ ਕਰਵਾਉਣ ‘ਤੇ ਮੁਬਾਰਕਬਾਦ ਦਿੱਤੀ ਅਤੇ ਹਰ ਸਹਿਯੋਗ ਦਾ ਭਰੋਸਾ ਦਿੱਤਾ। ਯੁਵਕ ਮੇਲੇ ਦੇ ਉਦਘਾਟਨੀ ਸਮਾਰੋਹ ਮੌਕੇ ਪੁੱਜੇ ਮੁੱਖ ਮਹਿਮਾਨ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਪੰਜਾਬ ਯੂਨੀਵਰਸਿਟੀ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਸ ਯੁਵਕ ਮੇਲੇ ਲਈ ਕਾਲਜ ਦੀ ਪ੍ਰਬੰਧਕੀ ਕਮੇਟੀ ਅਤੇ ਸਟਾਫ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਅਜਿਹੇ ਯੁਵਕ ਮੇਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ ਅਤੇ ਆਪਣੇ ਅਖਤਿਆਰੀ ਫੰਡ ਵਿੱਚੋਂ ਕਾਲਜ ਨੂੰ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ। ਸਮਾਰੋਹ ਦੇ ਦੂਜੇ ਸੈਸ਼ਨ ਵਿੱਚ ਮੁੱਖ ਮਹਿਮਾਨ ਵੱਜੋਂ ਡੀਏਵੀ ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਡਾ ਅਨੂਪ ਕੁਮਾਰ ਨੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਇਨਾਮਾ ਤਕਸੀਮ ਕੀਤੇ।

ਇਸ ਮੌਕੇ ਡੀਏਵੀ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਪ੍ਰੋ ਸੀ ਬੀ ਅਰੋੜਾ, ਡੀਏਵੀ ਕਾਲਜ ਦੇ ਪ੍ਰਿੰਸੀਪਲ ਡਾ ਵਿਨੇ ਕੁਮਾਰ, ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪਿ੍ਰੰਸੀਪਲ ਡਾ ਸਵਿਤਾ ਗੁਪਤਾ ਅਤੇ ਗ਼ਜ਼ਲਗੋ ਗੁਰਦੀਪ ਨੇ ਉਚੇਚੇ ਤੌਰ ‘ਤੇ ਹਾਜ਼ਰ ਸਨ। ਯੁਵਕ ਮੇਲੇ ਦੇ ਪਹਿਲੇ ਦਿਨ ਗਰੁੱਪ ਸ਼ਬਦ ਗਾਇਣ ਵਿੱਚ ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਪਹਿਲਾ, ਖਾਲਸਾ ਕਾਲਜ ਗੜਦੀਵਾਲਾ ਨੇ ਦੂਜਾ ਅਤੇ ਖਾਲਸਾ ਕਾਲਜ ਗੜ੍ਹਸ਼ੰਕਰ ਨੇ ਤੀਜਾ ਸਥਾਨ ਹਾਸਲ ਕੀਤਾ। ਗਰੁੱਪ ਭਜਨ ਵਿੱਚ ਚੱਕ ਅੱਲਾ ਬਖਸ਼ ਕਾਲਜ ਮੁਕੇਰੀਆਂ ਨੇ ਪਹਿਲਾ, ਸਰਕਾਰੀ ਕਾਲਜ ਤਲਵਾੜਾ ਨੇ ਦੂਜਾ ਅਤੇ ਖ਼ਾਲਸਾ ਕਾਲਜ ਮਾਹਿਲਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੋਕ ਗੀਤ ਗਾਇਣ ਮੁਕਾਬਲੇ ਵਿੱਚ ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਪਹਿਲਾ, ਖਾਲਸਾ ਕਾਲਜ ਗੜ੍ਹਸ਼ੰਕਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ ਸਟਾਫ਼ ਅਤੇ ਵਿਦਿਆਰਥੀ ਭਰਵੇਂ ਰੂਪ ਵਿੱਚ ਹਾਜ਼ਰ ਸਨ।

By admin

Related Post