ਹੱਥੀਂ ਤਿਆਰ ਕੀਤੀਆਂ ਸਜਾਵਟੀ ਮੋਮਬੱਤੀਆਂ ਅਤੇ ਦੀਵਿਆਂ ਨੂੰ ਮਿਲਿਆ ਭਰਵਾਂ ਹੁੰਗਾਰਾ
ਹੁਸ਼ਿਆਰਪੁਰ, 26 ਅਕਤੂਬਰ (ਤਰਸੇਮ ਦੀਵਾਨਾ) — ਜੇ.ਐੱਸ.ਐੱਸ. ਆਸ਼ਾ ਕਿਰਨ ਸਪੈਸ਼ਲ ਸਕੂਲ ਦੇ ਵਿਸ਼ੇਸ਼ ਬੱਚਿਆਂ ਵੱਲੋਂ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ, ਮਾਹਿਲਪੁਰ ਵਿਖੇ ਮੋਮਬੱਤੀਆਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਸਕੂਲ ਦੇ ਪ੍ਰਿੰਸੀਪਲ ਸ਼ਿਵੂ ਮੈਥਿਊ ਅਤੇ ਵਾਈਸ ਪ੍ਰਿੰਸੀਪਲ ਵਿਸ਼ਾਲ ਸਿੰਘ ਨੇ ਕੀਤਾ।
ਇਸ ਮੌਕੇ ਆਸ਼ਾ ਕਿਰਨ ਸਪੈਸ਼ਲ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸ਼ੈਲੀ ਸ਼ਰਮਾ ਨੇ ਦੱਸਿਆ ਕਿ ਵੋਕੇਸ਼ਨਲ ਪ੍ਰੋਜੈਕਟ ਤਹਿਤ ਵਿਸ਼ੇਸ਼ ਬੱਚੇ ਆਪਣੇ ਹੱਥਾਂ ਨਾਲ ਦੀਵਿਆਂ, ਗੇਂਦਾਂ ਅਤੇ ਹੋਰ ਸਜਾਵਟੀ ਵਸਤਾਂ ਨੂੰ ਰੰਗਾਂ ਨਾਲ ਸਜਾਉਂਦੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਰੰਗਾਂ ਅਤੇ ਜੈੱਲ ਵੈਕਸ ਦੀ ਵਰਤੋਂ ਕਰਕੇ ਸੁੰਦਰ ਮੋਮਬੱਤੀਆਂ ਵੀ ਤਿਆਰ ਕਰਦੇ ਹਨ। ਬੱਚਿਆਂ ਵੱਲੋਂ ਫਲੋਟਿੰਗ ਮੋਮਬੱਤੀਆਂ, ਸਜਾਵਟੀ ਮੋਮਬੱਤੀਆਂ ਅਤੇ ਹੋਰ ਵਸਤਾਂ ਬਣਾਈਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਲੋਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾਂਦਾ ਹੈ।
ਪ੍ਰਿੰਸੀਪਲ ਸ਼ਿਵੂ ਮੈਥਿਊ ਨੇ ਕਿਹਾ ਕਿ ਵਿਸ਼ੇਸ਼ ਬੱਚਿਆਂ ਨੂੰ ਹੁਨਰਮੰਦ ਬਣਾਉਣ ਅਤੇ ਆਤਮ-ਨਿਰਭਰ ਬਣਨ ਲਈ ਪ੍ਰੇਰਿਤ ਕਰਨ ਵਾਸਤੇ ਆਸ਼ਾ ਕਿਰਨ ਸਕੂਲ ਪ੍ਰਬੰਧਕਾਂ ਵੱਲੋਂ ਕੀਤਾ ਜਾ ਰਿਹਾ ਉਪਰਾਲਾ ਸ਼ਲਾਘਾਯੋਗ ਹੈ। ਅਜਿਹੇ ਪ੍ਰੋਜੈਕਟ ਬੱਚਿਆਂ ਦੀ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਵੀ ਪੈਦਾ ਕਰਦੇ ਹਨ।
ਇਸ ਮੌਕੇ ਹਰਮੇਸ਼ ਤਲਵਾੜ, ਵਿੱਕੀ, ਮਿਸ ਇੰਦੂ ਬਾਲਾ, ਮਿਸ ਕਮਲਜੀਤ ਕੌਰ, ਮਿਸ ਰਵਿੰਦਰ ਕੌਰ, ਮਿਸ ਰਜਨੀ ਬਾਲਾ, ਮਿਸ ਮਨੀ ਕਮਲ, ਪਰਵਿੰਦਰ ਕੌਰ, ਲਵਲੀਸ਼ਾਨ ਅਤੇ ਵਿਨਾਇਕ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਅੰਤ ਵਿੱਚ ਆਸ਼ਾ ਕਿਰਨ ਸਪੈਸ਼ਲ ਸਕੂਲ ਵੱਲੋਂ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਦੀ ਪ੍ਰਿੰਸੀਪਲ ਅਤੇ ਸਮੁੱਚੀ ਕਮੇਟੀ ਦਾ ਧੰਨਵਾਦ ਕੀਤਾ ਗਿਆ।

