ਨਵੀਆਂ ਕਮੇਟੀਆਂ ਦੇ ਗਠਨ ਤੱਕ ਕੋਈ ਵੀ ਅਹੁਦੇਦਾਰ ਮਹਾਸੰਘ ਦੇ ਨਾਂ ’ਤੇ ਆਪਣੇ ਅਹੁਦੇ ਦੀ ਵਰਤੋਂ ਨਹੀਂ ਕਰ ਸਕੇਗਾ
ਹੁਸ਼ਿਆਰਪੁਰ, 24 ਅਕਤੂਬਰ (ਤਰਸੇਮ ਦੀਵਾਨਾ) — ਭਾਰਤੀ ਮਨੁੱਖੀ ਅਧਿਕਾਰ ਮਹਾਸੰਘ ਵੱਲੋਂ ਸੰਗਠਨ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਲਈ ਅਧਿਕਾਰਤ ਸੂਚਨਾ ਜਾਰੀ ਕੀਤੀ ਗਈ ਹੈ। ਇਸ ਅਨੁਸਾਰ ਮਹਾਸੰਘ ਦੀਆਂ ਸਾਰੀਆਂ ਕਮੇਟੀਆਂ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਅੱਜ ਤੋਂ ਆਪਣੇ ਅਹੁਦੇ ਨਾਲ ਸਬੰਧਤ ਪਛਾਣ ਪੱਤਰ (ਕਾਰਡ), ਲੈਟਰ ਪੈਡ, ਨਾਮ-ਪੱਟੀਆਂ, ਬੈਨਰਾਂ ਅਤੇ ਸੰਗਠਨ ਨਾਲ ਸਬੰਧਤ ਹੋਰ ਸਾਰੇ ਅਧਿਕਾਰਤ ਦਸਤਾਵੇਜ਼ਾਂ ਤੇ ਪ੍ਰਚਾਰ ਸਮੱਗਰੀ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰ ਦੇਣ।
ਜਾਰੀ ਕੀਤੀਆਂ ਹਦਾਇਤਾਂ ਅਨੁਸਾਰ, ਨਵੀਆਂ ਕਮੇਟੀਆਂ ਦੇ ਗਠਨ ਅਤੇ ਅਗਲੇ ਦਿਸ਼ਾ-ਨਿਰਦੇਸ਼ਾਂ ਸਬੰਧੀ ਅਧਿਕਾਰਤ ਐਲਾਨ ਹੋਣ ਤੱਕ ਕੋਈ ਵੀ ਵਿਅਕਤੀ ਮਹਾਸੰਘ ਦੇ ਨਾਂ ’ਤੇ ਆਪਣੇ ਅਹੁਦੇ ਦੀ ਵਰਤੋਂ ਨਹੀਂ ਕਰੇਗਾ ਅਤੇ ਨਾ ਹੀ ਸੰਗਠਨ ਵੱਲੋਂ ਕਿਸੇ ਕਿਸਮ ਦਾ ਅਧਿਕਾਰਤ ਪੱਤਰ ਜਾਰੀ ਕਰ ਸਕੇਗਾ। ਸੰਗਠਨ ਦੇ ਨਾਂ ਜਾਂ ਅਹੁਦੇ ਦਾ ਹਵਾਲਾ ਦੇ ਕੇ ਕਿਸੇ ਵੀ ਤਰ੍ਹਾਂ ਦੀ ਅਧਿਕਾਰਤ ਗਤੀਵਿਧੀ ਕਰਨ ਦੀ ਵੀ ਮਨਾਹੀ ਹੋਵੇਗੀ।
ਮਹਾਸੰਘ ਵੱਲੋਂ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ। ਨਵੀਆਂ ਕਮੇਟੀਆਂ ਦੇ ਗਠਨ ਅਤੇ ਅਗਲੀ ਕਾਰਵਾਈ ਸਬੰਧੀ ਜਾਣਕਾਰੀ ਅਧਿਕਾਰਤ ਤੌਰ ’ਤੇ ਜਾਰੀ ਹੋਣ ਤੋਂ ਬਾਅਦ ਹੀ ਸੰਗਠਨ ਦੀਆਂ ਗਤੀਵਿਧੀਆਂ ਬਾਰੇ ਅਗਲੇ ਦਿਸ਼ਾ-ਨਿਰਦੇਸ਼ ਲਾਗੂ ਹੋਣਗੇ। ਉਹਨਾਂ ਕਿਹਾ ਕਿ ਮਹਾਸੰਘ ਵੱਲੋਂ ਜਾਰੀ ਮੂਲ ਸੂਚਨਾ ਅਨੁਸਾਰ ਇਹ ਹੁਕਮ 8 ਅਕਤੂਬਰ 2026 ਤੋਂ ਲਾਗੂ ਹਨ। ਇਹ ਜਾਣਕਾਰੀ ਨਰੇਸ਼ ਕੁਮਾਰ ਸ਼ਰਮਾ ਨੇ ਦਿੱਤੀ !

