ਝੂਠੇ ਮੁਕਾਬਲਿਆਂ, ਨਸ਼ੇ ਤੇ ਗੈਂਗਸਟਰਾਂ ਦੇ ਆਤੰਕ ਵਿਚ ਉਲਝੇ ਪੰਜਾਬ ਨੂੰ ਬਚਾਉਣ ਲਈ ਪੰਜਾਬੀਆਂ ਦੀ ਏਕਤਾ ਜ਼ਰੂਰੀ : ਬਾਪੂ ਤਰਸੇਮ ਸਿੰਘ
ਵਿਧਾਨ ਸਭਾ ਚੋਣਾ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਨੂੰ ਅਜ਼ਾਦ ਕਰਾਉਣ ਲਈ ਮੋਰਚੇ ਲਾਵਾਂਗੇ : ਇਆਲੀ
ਸਤਵਿੰਦਰ ਸਿੰਘ ਟੌਹੜਾ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਵਿਰਾਸਤ ਨੂੰ ਅੱਗੇ ਤੋਰਿਆ : ਇਕਬਾਲ ਸਿੰਘ ਝੁੰਦਾ
ਪਟਿਆਲਾ, 8 ਅਕਤੂਬਰ (ਜਸਵਿੰਦਰ ਸਿੰਘ ਆਜ਼ਾਦ)- ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਵਿਚ ਪਟਿਆਲਾ ਦਿਹਾਤੀ ਹਲਕੇ ਦੀ ਹੋਈ ‘ਪੰਥਕ ਇਕੱਤਰਤਾ’ ਦੇ ਨਾਮ ਤੇ ਰੈਲੀ ਵਿਚ ਵਹੀਰਾਂ ਘਤ ਕੇ ਹਜ਼ਾਰਾਂ ਪੰਜਾਬੀ ਪੁੱਜੇ, ਰੈਲੀ ਵਿਚ ਵਿਧਾਨ ਸਭਾ ਚੋਣਾ ਵਿਚ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਦੇ ਨਾਲ ਨਾਲ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜ਼ਾਦ ਕਰਾਉਣ ਦਾ ਐਲਾਨ ਕੀਤਾ ਗਿਆ। ਇਸ ਰੈਲੀ ਵਿਚ ਬੋਲਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਬਹਿਰੀਨ ਵਾਲੀ ਬੀਬੀ ਮਾਮਲੇ ਵਿਚ ਆਪਣੇ ਆਪ ਗੁਨਾਹ ਕਰਨ ਵਾਲੇ ਤੇ ਆਪ ਹੀ ਜਾਂਚ ਕਮੇਟੀ ਬਣਾਉਣ ਵਾਲੇ ਤੇ ਆਪ ਹੀ ਆਪਣੇ ਆਪ ਨੂੰ ਦੋਸ਼ ਮੁਕਤ ਕਰਨ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਤੁਰੰਤ ਅਸਤੀਫ਼ਾ ਦੇਣਾ ਪਵੇਗਾ।

ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਝੂਠੇ ਮੁਕਾਬਲਿਆਂ, ਨਸ਼ਿਆਂ ਨਾਲ ਮਰਦੇ ਮਾਵਾਂ ਦੇ ਪੁੱਤ, ਗੈਂਗਸਟਰਾਂ ਵੱਲੋਂ ਮੰਗੀਆਂ ਜਾਂਦੀਆਂ ਫਿਰੌਤੀਆਂ ਪੰਜਾਬ ਦੀ ‘ਆਪ ਸਰਕਾਰ’ ਵੱਲੋਂ ਠੱਲ੍ਹ ਪਾਉਣ ਦੀ ਬਜਾਇ ਸਗੋਂ ਪੰਜਾਬ ਨੂੰ ਲੁੱਟਣ ਲਈ ਕੰਮ ਕਰਨਾ ਲਗਾਤਾਰ ਜਾਰੀ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਥ ਨੇ ਸਿੱਖਾਂ ਨੂੰ ਸਿੱਖ ਸਿਧਾਂਤਾਂ ਅਨੁਸਾਰ ਰਸਤੇ ਦਿਖਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਸੀ ਪਰ ਅੱਜ ਉਹ ਸੱਤਾ ਦੇ ਲਾਲਚ ਵਿਚ ਸਿੱਖ ਸਿਧਾਂਤਾਂ ਤੋਂ ਭਟਕ ਚੁੱਕਿਆ ਹੈ ਇਸ ਕਰਕੇ ਸਮੁੱਚੇ ਪੰਥ ਨੂੰ ਅੱਜ ਅਜਿਹੀ ਪਾਰਟੀ ਦੀ ਲੋੜ ਹੈ ਜੋ ਪੰਜਾਬ, ਪੰਜਾਬੀਅਤ ਤੇ ਸਿੱਖ ਮਸਲਿਆਂ ਦਾ ਹੱਲ ਕਰ ਸਕੇ। ਜਿਸ ਲਈ ਵਾਰਸ ਪੰਜਾਬ ਦੇ ਜਥੇਬੰਦੀ ਨੇ ਆਪਣਾ ਵਜੂਦ ਬਣਾਇਆ ਹੈ, ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਹਮ ਖ਼ਿਆਲੀ ਪਾਰਟੀ ਨਾਲ ਸਮਝੌਤਾ ਕਰਨ ਲਈ ਉਨ੍ਹਾਂ ਦੇ ਰਸਤੇ ਖੁੱਲ੍ਹੇ ਹਨ।
ਪੰਜਾਬ ਨੂੰ ਪੰਜਾਬੀ ਵਿਰੋਧੀ ਤੇ ਸਿੱਖ ਵਿਰੋਧੀ ਤਾਕਤਾਂ ਤੋਂ ਬਚਾਇਆ ਜਾ ਸਕੇ
ਇਸ ਵੇਲੇ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕੁਝ ਅਜਿਹੀਆਂ ਪੰਥ ਵਿਰੋਧੀ ਤਾਕਤਾਂ ਦੇ ਕਬਜ਼ੇ ਵਿਚ ਹੈ ਜਿਸ ਨੂੰ ਅਜ਼ਾਦ ਕਰਾਉਣਾ ਪੂਰੇ ਪੰਥ ਦੀ ਜ਼ਿੰਮੇਵਾਰੀ ਬਣਦੀ ਹੈ, ਸਾਡਾ ਧਿਆਨ ਬੇਸ਼ੱਕ ਵਿਧਾਨ ਸਭਾ ਚੋਣਾ ਵੱਲ ਜ਼ਿਆਦਾ ਹੈ ਪਰ ਸ਼੍ਰੋਮਣੀ ਕਮੇਟੀ ਵਿਚ ਹੋ ਰਹੀਆਂ ਆਪ ਹੁਦਰੀਆਂ ਨੂੰ ਠੱਲ੍ਹ ਪਾਉਣ ਲਈ ਉਹ ਹਰ ਤਰ੍ਹਾਂ ਦਾ ਕਦਮ ਚੁੱਕਣ ਲਈ ਤਿਆਰ ਹਨ ਜਿਸ ਲਈ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਵੇਲੇ ਰੈਲੀ ਦੇ ਆਯੋਜਕ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਇਤਿਹਾਸਿਕ ਝਰੋਖੇ ਵਿਚੋਂ ਚਾਨਣਾ ਪਾਉਂਦਿਆਂ ਕਿਹਾ ਕਿ ਸਾਡੇ ਪੰਥ ਦੀ ਸਰਕਾਰ ਹੋਵੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਹੋਣ ਤੇ ਸਾਡੀ ਪੰਥਕ ਸਰਕਾਰ ਉਲਟਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਸੰਘਰਸ਼ ਕਰ ਰਹੇ ਬੇਦੋਸ਼ੇ ਸਿੱਖਾਂ ਦੇ ਪੁਲੀਸ ਵੱਲੋਂ ਗੋਲੀਆਂ ਚਲਾ ਕੇ ਦੋ ਸਿੰਘ ਸ਼ਹੀਦ ਕਰਵਾ ਦੇਵੇ, ਇਸ ਤੋਂ ਵੱਡੀ ਅਣਹੋਣੀ ਪੰਥ ਲਈ ਹੋਰ ਕੀ ਹੋ ਸਕਦੀ ਹੈ, ਇਸੇ ਕਰਕੇ ਅੱਜ ਲੋੜ ਹੈ ਸਿੱਖ ਪੰਥ ਨੂੰ ਨਵੇਂ ਰਸਤੇ ਤਲਾਸਣ ਦੀ ਤਾਂ ਕਿ ਪੰਜਾਬ ਨੂੰ ਪੰਜਾਬੀ ਵਿਰੋਧੀ ਤੇ ਸਿੱਖ ਵਿਰੋਧੀ ਤਾਕਤਾਂ ਤੋਂ ਬਚਾਇਆ ਜਾ ਸਕੇ।
ਸੀਨੀਅਰ ਆਗੂ ਤੇ ਝੁੰਦਾ ਕਮੇਟੀ ਦੇ ਚੇਅਰਮੈਨ ਇਕਬਾਲ ਸਿੰਘ ਝੁੰਦਾ ਨੇ ਕਿਹਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਵਿਰਾਸਤ ਨੂੰ ਸਤਵਿੰਦਰ ਸਿੰਘ ਟੌਹੜਾ ਨੇ ਅੱਗੇ ਤੋਰਿਆ। ਸੁਖਬੀਰ ਬਾਦਲ ਨੇ ਝੂੰਦਾ ਕਮੇਟੀ ਦੀ ਤਾਂ ਕੀ ਮੰਨਣੀ ਸੀ ਸਗੋਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹੀ ਪਿੱਠ ਦਿਖਾ ਕੇ ਸਾਰੀਆਂ ਗ਼ਲਤੀਆਂ ਮੰਨ ਕੇ ਵੀ ਮੁੱਕਰ ਗਿਆ। ਇਸ ਰੈਲੀ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਡਰੌਲੀ ਨੇ ਰੈਲੀ ਦੀ ਕਾਮਯਾਬੀ ਦੀ ਜਥੇਦਾਰ ਟੌਹੜਾ ਨੂੰ ਵਧਾਈ ਦਿੰਦਿਆਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਣ ਅਮਰਜੀਤ ਸਿੰਘ ਨੇ ਕੀਤਾ।
ਇਸ ਮੌਕੇ ਬੀਬੀ ਸਤਨਾਮ ਕੌਰ ਮੁੱਖ ਬੁਲਾਰਾ, ਭੁਪਿੰਦਰ ਸਿੰਘ ਗੁਰੂ ਕਾਸ਼ੀ, ਅਮਰਿੰਦਰ ਸਿੰਘ ਲਿਬੜਾ, ਮਨਜੀਤ ਸਿੰਘ ਰਾਜਲਾ ਐਸਡੀਐਮ, ਰੁਪਿੰਦਰ ਸਿੰਘ ਕਲਕੱਤਾ, ਹਰਦਰਸ਼ਨ ਸਿੰਘ ਨੂਰਖੇੜੀਆਂ, ਯੂਥ ਜ਼ਿਲ੍ਹਾ ਯੂਥ ਪ੍ਰਧਾਨ ਨਰਿੰਦਰ ਸਿੰਘ ਭਿੰਡਰ, ਐਡ. ਲਖਵਿੰਦਰ ਸਿੰਘ ਇਛੇਵਾਲ, ਐਡ. ਸੁਖਮਿੰਦਰ ਸਿੰਘ ਬੌਬੀ ਤੇਜਿੰਦਰ ਸਿੰਘ ਤੇਜ਼ੀ, ਪਰਮਜੀਤ ਸਿੰਘ ਮਹਿਮੂਦਪੁਰ, ਗੁਰਪ੍ਰੀਤ ਸਿੰਘ ਬਾਰਨ, ਜਰਨੈਲ ਸਿੰਘ, ਜਤਿੰਦਰ ਸਿੰਘ ਰਾਜੂ, ਹਰਪ੍ਰੀਤ ਕਾਕਾ, ਮੱਖਣ ਸਹੌਲੀ, ਜਗਤਾਰ ਸਿੰਘ ਮਾਜਰੀ, ਹਰਭਜਨ ਸਿੰਘ ਦੇਹਰਾਦੂਨ, ਅਜਾਇਬ ਸਿੰਘ ਨੰਦਪੁਰ, ਜਗਰੂਪ ਸਿੰਘ, ਅਮਰੀਕ ਸਿੰਘ ਤੇ ਗੁਰਨਾਮ ਸਿੰਘ ਅਜਨੌਦਾ, ਗੁਰਮੁੱਖ ਸਿੰਘ ਕਨਸੂਹਾ, ਲਖਵਿੰਦਰ ਸਿੰਘ ਖੱਟੜਾ, ਗੁਰਧਿਆਨ ਸਿੰਘ, ਮੱਖਣ ਸਿੰਘ ਕਨਸੂਹਾ, ਲਖਬੀਰ ਲੌਟ, ਸੋਨੀ ਹਿਆਣਾ, ਸੁਰਜੀਤ ਸਿੰਘ ਆਲੋਵਾਲ, ਜਥੇ. ਜੋਗਿੰਦਰ ਸਿੰਘ ਲੌਟ, ਸਹਿਪ੍ਰੀਤ ਸਿੰਘ ਦੰਦਰਾਲਾ, ਬਲਜਿੰਦਰ ਸਿੰਘ ਕਲਾਲਪੁਰ, ਆਦਿ ਹੋਰ ਕਈ ਸਾਰੇ ਆਗੂਆਂ ਨੇ ਸੰਬੋਧਨ ਕੀਤਾ।

