Breaking
Fri. Sep 25th, 2026

ਸਾਢੇ ਚਾਰ ਸਾਲ ਨਸ਼ਿਆਂ ’ਤੇ ਚੁੱਪ ਰਹਿਣ ਤੋਂ ਬਾਅਦ ਯਾਤਰਾ ਕੱਢਣਾ ਸਿਰਫ਼ ਚੋਣ ਸਟੰਟ, ਜ਼ਮੀਨੀ ਕਾਰਵਾਈ ਕਿੱਥੇ? : ਬਲਜਿੰਦਰ ਸਿੰਘ ਖਾਲਸਾ

ਨਸ਼ਿਆਂ

ਚੋਣਾਂ ਨੇੜੇ ਆਉਂਦਿਆਂ ਹੀ ਭਾਜਪਾ ਨੂੰ ਯਾਦ ਆਇਆ ਨਸ਼ਾ ਮੁਕਤ ਪੰਜਾਬ

ਹੁਸ਼ਿਆਰਪੁਰ, 25 ਸਤੰਬਰ (ਤਰਸੇਮ ਦੀਵਾਨਾ) – ਭਾਜਪਾ ਵੱਲੋਂ ਪੰਜਾਬ ਵਿੱਚ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ’ਤੇ ਸਵਾਲ ਉਠਾਉਂਦਿਆਂ ਆਯੁਰ ਜੀਵਨ ਆਯੁਰਵੈਦਿਕ ਰਿਸਰਚ ਸੈਂਟਰ ਦੇ ਐਮ.ਡੀ. ਅਤੇ ਦਲ ਖਾਲਸਾ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਖਾਲਸਾ ਨੇ ਇਸ ਨੂੰ ਨਸ਼ਿਆਂ ਦੇ ਮੁੱਦੇ ’ਤੇ ਸਿਆਸੀ ਸਰਗਰਮੀ ਤੱਕ ਸੀਮਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੀ ਮਕਸਦ ਹੈ ਤਾਂ ਇਹ ਮੁੱਦਾ ਚੋਣਾਂ ਦੇ ਨੇੜੇ ਆ ਕੇ ਹੀ ਕਿਉਂ ਉਠਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਪਠਾਨਕੋਟ ਤੋਂ ਨਸ਼ਾ ਮੁਕਤ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ, ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਾਢੇ ਚਾਰ ਸਾਲ ਦਾ ਸਮਾਂ ਬੀਤਣ ਤੋਂ ਬਾਅਦ ਚੋਣਾਂ ਦੇ ਸਮੇਂ ਹੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਖਿਆਲ ਕਿਉਂ ਆਇਆ। ਉਨ੍ਹਾਂ ਕਿਹਾ ਕਿ ਯਾਤਰਾਵਾਂ ਕੱਢਣ ਦੀ ਬਜਾਏ ਨਸ਼ੇ ਦੀ ਸਪਲਾਈ ਲਾਈਨ ਤੋੜਨ ਅਤੇ ਵੱਡੇ ਤਸਕਰਾਂ ਤੇ ਉਨ੍ਹਾਂ ਦੇ ਨੈੱਟਵਰਕ ਖ਼ਿਲਾਫ਼ ਕਾਰਵਾਈ ਦੀ ਲੋੜ ਹੈ।

ਬਲਜਿੰਦਰ ਸਿੰਘ ਖਾਲਸਾ ਨੇ ਦੋਸ਼ ਲਾਇਆ ਕਿ ਨਸ਼ਾ ਮੁਕਤ ਪੰਜਾਬ ਦੇ ਨਾਮ ’ਤੇ ਕੱਢੀ ਜਾ ਰਹੀ ਇਹ ਯਾਤਰਾ ਲੋਕਾਂ ਨੂੰ ਨਸ਼ਿਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਦੀ ਬਜਾਏ ਵੋਟਾਂ ਬਟੋਰਨ ਲਈ ਚੋਣ ਸਟੰਟ ਵਜੋਂ ਕੀਤੀ ਜਾ ਰਹੀ ਸਿਆਸੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਿਰਫ਼ ਨਾਅਰੇ ਅਤੇ ਯਾਤਰਾਵਾਂ ਨਹੀਂ, ਸਗੋਂ ਨਸ਼ਿਆਂ ਦੀ ਸਪਲਾਈ ’ਤੇ ਠੋਸ ਕਾਰਵਾਈ ਅਤੇ ਇਸ ਦੇ ਨਤੀਜੇ ਦੇਖਣਾ ਚਾਹੁੰਦੇ ਹਨ।

ਉਨ੍ਹਾਂ ਮੌਜੂਦਾ ਭਗਵੰਤ ਮਾਨ ਸਰਕਾਰ ’ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ, ਪਰ ਨਸ਼ਿਆਂ ਦੀ ਸਮੱਸਿਆ ਨੂੰ ਖ਼ਤਮ ਕਰਨ ਦੇ ਮਾਮਲੇ ਵਿੱਚ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰਾਂ ਦੇ ਦਾਅਵਿਆਂ ਦੇ ਬਾਵਜੂਦ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ।

ਬਲਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਨਸ਼ਿਆਂ ਦਾ ਸਭ ਤੋਂ ਵੱਧ ਪ੍ਰਭਾਵ ਪੰਜਾਬ ਦੀ ਨੌਜਵਾਨ ਪੀੜ੍ਹੀ ’ਤੇ ਪੈ ਰਿਹਾ ਹੈ, ਜਿਸ ਕਾਰਨ ਮਾਪਿਆਂ ਵਿੱਚ ਡੂੰਘੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਿਲਾਫ਼ ਲੜਾਈ ਸਿਰਫ਼ ਬਿਆਨਾਂ, ਮੁਹਿੰਮਾਂ ਅਤੇ ਸਿਆਸੀ ਯਾਤਰਾਵਾਂ ਨਾਲ ਨਹੀਂ ਲੜੀ ਜਾ ਸਕਦੀ। ਇਸ ਲਈ ਨਸ਼ੇ ਦੀ ਸਪਲਾਈ ਦੇ ਸਰੋਤਾਂ ਤੱਕ ਪਹੁੰਚਣਾ, ਵੱਡੇ ਤਸਕਰਾਂ ਦੀ ਪਛਾਣ ਕਰਨਾ, ਨੈੱਟਵਰਕ ਤੋੜਨਾ ਅਤੇ ਨੌਜਵਾਨਾਂ ਲਈ ਰੋਜ਼ਗਾਰ, ਸਿੱਖਿਆ ਤੇ ਖੇਡਾਂ ਦੇ ਮੌਕੇ ਵਧਾਉਣਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਨਸ਼ਾ ਮੁਕਤੀ ਦੇ ਨਾਮ ’ਤੇ ਸਿਆਸੀ ਦਾਅਵਿਆਂ ਦੀ ਬਜਾਏ ਜ਼ਮੀਨੀ ਪੱਧਰ ’ਤੇ ਨਤੀਜਾ ਦੇਣ ਵਾਲੀ ਕਾਰਵਾਈ ਚਾਹੁੰਦੇ ਹਨ। ਜੇਕਰ ਸੱਚਮੁੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਇੱਛਾ ਹੈ ਤਾਂ ਚੋਣਾਂ ਤੋਂ ਇਲਾਵਾ ਵੀ ਇਸ ਮੁੱਦੇ ’ਤੇ ਲਗਾਤਾਰ ਅਤੇ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

By admin

Related Post