Breaking
Thu. Sep 10th, 2026

ਲੰਬੀ ਕਾਨੂੰਨੀ ਲੜਾਈ ਮਗਰੋਂ ਵੱਡੀ ਰਾਹਤ : ਡਾ. ਪਨੇਸਰ

ਕਾਨੂੰਨੀ

ਸੱਚ ਦੀ ਹੋਈ ਜਿੱਤ, ਅਦਾਲਤ ਨੇ ਸਾਰੇ ਦੋਸ਼ ਕੀਤੇ ਖਾਰਜ, ਡਾ. ਪ੍ਰਿਤਪਾਲ ਸਿੰਘ ਪਨੇਸਰ ਬਾ-ਇਜਤ ਬਰੀ

ਹੁਸ਼ਿਆਰਪੁਰ, 10 ਸਤੰਬਰ (ਤਰਸੇਮ ਦੀਵਾਨਾ) – ਪ੍ਰਸਿੱਧ ਹੋਮਿਓਪੈਥਿਕ ਡਾਕਟਰ ਅਤੇ ਸਮਾਜਸੇਵੀ ਡਾ. ਪ੍ਰਿਤਪਾਲ ਸਿੰਘ ਪਨੇਸਰ ਨੂੰ ਸਾਲ 2016 ਦੇ ਇੱਕ ਮਾਮਲੇ ਵਿੱਚ ਅਦਾਲਤ ਵੱਲੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਮਾਮਲੇ ਨਾਲ ਸਬੰਧਤ ਡਾ. ਪਨੇਸਰ ਉੱਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆਂ ਉਨ੍ਹਾਂ ਨੂੰ ਸਨਮਾਨ ਨਾਲ ਬਰੀ ਕਰ ਦਿੱਤਾ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਡਾ. ਪਨੇਸਰ ਅਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਸਾਲ 2016 ਵਿੱਚ ਸਾਹਮਣੇ ਆਇਆ ਸੀ, ਜਿਸ ਵਿੱਚ ਡਾ. ਪ੍ਰਿਤਪਾਲ ਸਿੰਘ ਪਨੇਸਰ ਨੂੰ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਸੀ। ਲੰਬੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਪੇਸ਼ ਕੀਤੇ ਗਏ ਤੱਥਾਂ ਅਤੇ ਸਬੂਤਾਂ ’ਤੇ ਵਿਚਾਰ ਕੀਤਾ ਅਤੇ ਅਖੀਰਕਾਰ ਡਾ. ਪਨੇਸਰ ਖ਼ਿਲਾਫ਼ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਮੰਨਦਿਆਂ ਉਨ੍ਹਾਂ ਨੂੰ ਬਰੀ ਕਰ ਦਿੱਤਾ।

ਇਹ ਮਾਮਲਾ ਹੁਸ਼ਿਆਰਪੁਰ ਦੇ ਪ੍ਰਾਚੀਨ ਸ਼ਿਵਾਲਾ ਭੋਲਾ ਰਾਮ ਮਿਸਤਰੀ, ਊਨਾ ਰੋਡ ਨਾਲ ਸਬੰਧਤ ਦੱਸਿਆ ਜਾਂਦਾ ਹੈ। ਡਾ. ਪਨੇਸਰ ਨੇ ਦੱਸਿਆ ਕਿ ਮਾਮਲੇ ਵਿੱਚ ਉਨ੍ਹਾਂ ਉੱਤੇ ਲਗਾਏ ਗਏ ਦੋਸ਼ਾਂ ਕਾਰਨ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਕਾਨੂੰਨੀ ਪ੍ਰਕਿਰਿਆ ਵਿੱਚੋਂ ਲੰਘਣਾ ਪਿਆ, ਪਰ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਆਖ਼ਰਕਾਰ ਸੱਚ ਦੀ ਜਿੱਤ ਹੋਵੇਗੀ।

ਡਾ. ਪਨੇਸਰ ਨੇ ਕਿਹਾ ਕਿ “ਸੱਚ ਨੂੰ ਕੁਝ ਸਮੇਂ ਲਈ ਪਰੇਸ਼ਾਨ ਕੀਤਾ ਜਾ ਸਕਦਾ ਹੈ, ਪਰ ਹਰਾਇਆ ਨਹੀਂ ਜਾ ਸਕਦਾ।” ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਆਇਆ ਇਹ ਫੈਸਲਾ ਸਿਰਫ਼ ਉਨ੍ਹਾਂ ਲਈ ਹੀ ਨਹੀਂ, ਸਗੋਂ ਉਨ੍ਹਾਂ ਸਾਰੇ ਲੋਕਾਂ ਲਈ ਮਹੱਤਵਪੂਰਨ ਹੈ ਜੋ ਕਿਸੇ ਵੀ ਵਿਵਾਦ ਜਾਂ ਦੋਸ਼ ਦੀ ਸਥਿਤੀ ਵਿੱਚ ਨਿਆਂ ਪ੍ਰਣਾਲੀ ’ਤੇ ਭਰੋਸਾ ਰੱਖਦੇ ਹਨ।

ਪੁਜਾਰੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਨੂੰ ਵੀ ਅਦਾਲਤ ਨੇ ਬੇਬੁਨਿਆਦ ਮੰਨਿਆ ਹੈ

ਮਿਲੀ ਜਾਣਕਾਰੀ ਮੁਤਾਬਿਕ ਇਸ ਮਾਮਲੇ ਵਿੱਚ ਪੁਜਾਰੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਨੂੰ ਵੀ ਅਦਾਲਤ ਨੇ ਬੇਬੁਨਿਆਦ ਮੰਨਿਆ ਹੈ। ਅਦਾਲਤੀ ਫੈਸਲੇ ਤੋਂ ਬਾਅਦ ਡਾ. ਪਨੇਸਰ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਕਾਨੂੰਨ ਅਤੇ ਨਿਆਂ ਪ੍ਰਣਾਲੀ ’ਤੇ ਭਰੋਸਾ ਰੱਖਿਆ ਅਤੇ ਇਸੇ ਭਰੋਸੇ ਨਾਲ ਉਹ ਕਾਨੂੰਨੀ ਲੜਾਈ ਲੜਦੇ ਰਹੇ।

ਡਾ. ਪ੍ਰਿਤਪਾਲ ਸਿੰਘ ਪਨੇਸਰ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਲੋਕਾਂ ਦੀ ਸਿਹਤ ਸੇਵਾ ਦੇ ਨਾਲ-ਨਾਲ ਸਮਾਜਿਕ ਗਤੀਵਿਧੀਆਂ ਵਿੱਚ ਵੀ ਆਪਣਾ ਯੋਗਦਾਨ ਪਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਹਮੇਸ਼ਾ ਲੋਕਾਂ ਦੀ ਸੇਵਾ ਕਰਨਾ ਅਤੇ ਸਮਾਜ ਵਿੱਚ ਭਾਈਚਾਰਕ ਸਾਂਝ, ਇਨਸਾਫ਼ ਅਤੇ ਸੱਚ ਦੀ ਆਵਾਜ਼ ਨੂੰ ਮਜ਼ਬੂਤ ਕਰਨਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਦਾਲਤ ਦੇ ਫੈਸਲੇ ਨੇ ਇਹ ਸਪੱਸ਼ਟ ਕੀਤਾ ਹੈ ਕਿ ਕਿਸੇ ਵਿਅਕਤੀ ’ਤੇ ਲਗਾਏ ਗਏ ਦੋਸ਼ਾਂ ਦਾ ਫੈਸਲਾ ਤੱਥਾਂ ਅਤੇ ਸਬੂਤਾਂ ਦੇ ਆਧਾਰ ’ਤੇ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਅਦਾਲਤ ਦੇ ਫੈਸਲੇ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਆਖ਼ਰਕਾਰ ਸੱਚ ਦੀ ਜਿੱਤ ਹੋਈ ਹੈ।

ਇਸ ਮੌਕੇ ਉਨ੍ਹਾਂ ਨਾਲ ਜੁੜੇ ਲੋਕਾਂ ਅਤੇ ਸਮਾਜਿਕ ਹਲਕਿਆਂ ਵੱਲੋਂ ਵੀ ਡਾ. ਪਨੇਸਰ ਨੂੰ ਅਦਾਲਤ ਤੋਂ ਮਿਲੀ ਰਾਹਤ ’ਤੇ ਵਧਾਈ ਦਿੱਤੀ ਗਈ। ਅਦਾਲਤੀ ਫੈਸਲੇ ਨੂੰ ਡਾ. ਪਨੇਸਰ ਲਈ ਇੱਕ ਵੱਡੀ ਕਾਨੂੰਨੀ ਅਤੇ ਨਿੱਜੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ।

By admin

Related Post