ਸੁਭਾਸ਼ ਨਗਰ ਵਿਖੇ ਕੰਨ, ਨੱਕ, ਗਲੇ ਦੀਆ ਬਿਮਾਰੀਆਂ ਲਈ ਲਗਾਇਆ ਵਿਸ਼ਾਲ ਫ੍ਰੀ ਮੈਡੀਕਲ ਕੈਂਪ 69 ਮਰੀਜ਼ਾਂ ਦੀ ਹੋਈ ਜਾਂਚ

ਸੁਭਾਸ਼ ਨਗਰ

ਲਾਲਾ ਕਰਮ ਚੰਦ ਜੀ ਦੀ ਯਾਦ ਨੂੰ ਸਮਰਪਿਤ ਕਰਵਾਏ ਗਏ “ਸਨਮਾਨ ਸਮਾਰੋਹ” ਵਿੱਚ ਪੀਜੀਆਈ ਦੇ ਮਾਹਰ ਡਾਕਟਰਾਂ ਨੇ ਕੀਤੇ ਮਰੀਜ਼ ਚੈਕ

ਹੁਸ਼ਿਆਰਪੁਰ, 8 ਸਤੰਬਰ (ਤਰਸੇਮ ਦੀਵਾਨਾ) – ਲਾਲਾ ਕਰਮ ਚੰਦ ਜੀ ਦੀ ਯਾਦ ਨੂੰ ਸਮਰਪਿਤ “ਸਨਮਾਨ ਸਮਾਰੋਹ” ਮੌਕੇ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਮੰਦਿਰ ਡਗਾਣਾ ਰੋਡ ਸੁਭਾਸ਼ ਨਗਰ, ਨੇੜੇ ਮੇਜਰ ਹੰਸ ਡੈਂਟਲ ਕਲੀਨਿਕ ਹੁਸ਼ਿਆਰਪੁਰ ਵਿਖੇ ਨੈਸ਼ਨਲ ਰੀਹੈਬਲੀਟੇਸ਼ਨ ਇੰਸਟੀਚਿਊਟ (ਰਜਿ.) ਦੇ ਸਹਿਯੋਗ ਨਾਲ ਕੰਨ, ਨੱਕ, ਗਲਾ (ENT), ਸਿਰ-ਗਰਦਨ ਸਰਜਰੀ ਅਤੇ ਸੁਣਨ ਸ਼ਕਤੀ ਜਾਂਚ ਸਬੰਧੀ ਇੱਕ ਵਿਸ਼ਾਲ ਮੁਫ਼ਤ ਮੈਡੀਕਲ ਜਾਗਰੂਕਤਾ ਕੈਂਪ ਲਗਾਇਆ ਗਿਆ।

​ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡੈਂਟਲ ਸਰਜਨ ਡਾ. ਮਨੋਜ ਸ਼ਰਮਾ ਅਤੇ ਪੀਜੀਆਈ ਦੇ ਈ.ਐੱਨ.ਟੀ. ਸਪੈਸ਼ਲਿਸਟ ਡਾ. ਧਰਮਵੀਰ ਨੇ ਦੱਸਿਆ ਕਿ ਇਹ ਕੈਂਪ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਸੁਚਾਰੂ ਢੰਗ ਨਾਲ ਚੱਲਿਆ, ਜਿਸ ਦੌਰਾਨ ਕੁੱਲ 69 ਮਰੀਜ਼ਾਂ ਦੀ ਗੰਭੀਰਤਾ ਨਾਲ ਸਿਹਤ ਜਾਂਚ ਕੀਤੀ ਗਈ। ਉਹਨਾਂ ਦੱਸਿਆ ਕਿ ਕੈਂਪ ਲਈ ਡਾਕਟਰਾਂ ਦੀ ਵਿਸ਼ੇਸ਼ ਟੀਮ ਦੀ ਡਿਊਟੀ ਪ੍ਰੋ. (ਡਾ.) ਜੈਮੰਤੀ ਬਖ਼ਸ਼ੀ, ਮੁਖੀ, ਈ.ਐੱਨ.ਟੀ. ਅਤੇ ਸਿਰ-ਗਰਦਨ ਸਰਜਰੀ ਵਿਭਾਗ, ਪੀ.ਜੀ.ਆਈ.ਐੱਮ.ਈ.ਆਈ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲਗਾਈ ਗਈ ਸੀ। ਉਹਨਾਂ ਦੱਸਿਆ ਕਿ ਕੈਂਪ ਦੌਰਾਨ ਡਾ. ਧਰਮਵੀਰ, ਡਾ.ਅੰਕਿਤ ਬੈਂਸ ਅਤੇ ਡਾ. ਮੈਸ਼ਲ ਨੇ ਮਰੀਜ਼ਾਂ ਦਾ ਮੁਆਇਨਾ ਕੀਤਾ, ਜਦਕਿ ਸਤਬੀਰ ਸਿੰਘ ਅਤੇ ਚੰਦਰ ਪ੍ਰਕਾਸ਼ ਵੱਲੋਂ ਸੁਣਨ ਸ਼ਕਤੀ ਦੇ ਵਿਸ਼ੇਸ਼ ਟੈਸਟ ਕੀਤੇ ਗਏ।

ਇਸ ਪੂਰੇ ਆਯੋਜਨ ਵਿੱਚ ਸਚਿਨ ਅਤੇ ਅਭੈ ਦਾ ਵਿਸ਼ੇਸ਼ ਸਹਿਯੋਗ ਰਿਹਾ। ਮਾਹਰ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਜਾਂਚ ਦੌਰਾਨ ਸਭ ਤੋਂ ਵੱਧ ਮਰੀਜ਼ ਕੰਨਾਂ ਦੀਆਂ ਵੱਖ-ਵੱਖ ਬਿਮਾਰੀਆਂ ਅਤੇ ਕੰਨਾਂ ਵਿੱਚ ਖ਼ਾਰਸ਼ ਜਾਂ ਜਲਣ ਦੀ ਸ਼ਿਕਾਇਤ ਨਾਲ ਪਹੁੰਚੇ। ਇਸ ਤੋਂ ਇਲਾਵਾ ਦੋ ਮਰੀਜ਼ਾਂ ਵਿੱਚ ਨੱਕ ਦੀ ਹੱਡੀ ਦਾ ਟੇਢਾਪਣ (DNS) ਅਤੇ ਇੱਕ ਮਰੀਜ਼ ਵਿੱਚ ਚੱਕਰ ਆਉਣ (ਵਰਟੀਗੋ) ਦੀ ਸਮੱਸਿਆ ਵੀ ਪਾਈ ਗਈ। ਕੈਂਪ ਵਿੱਚ 21 ਮਰੀਜ਼ਾਂ ਦੀ ਪਿਓਰ ਟੋਨ ਆਡੀਓਮੈਟਰੀ (PTA) ਅਤੇ 42 ਮਰੀਜ਼ਾਂ ਦੀ ਓਟੋ ਅਕੌਸਟਿਕ ਐਮੀਸ਼ਨਜ਼ (OAE) ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਮਰੀਜ਼ ਦਰਮਿਆਨੀ ਤੋਂ ਗੰਭੀਰ ਦਰਜੇ ਦੀ ਨਸਾਂ ਸਬੰਧੀ ਸੁਣਨ ਸ਼ਕਤੀ ਦੀ ਘਾਟ (Sensorineural Hearing Loss) ਤੋਂ ਪੀੜਤ ਮਰੀਜ਼ ਪਾਏ ਗਏ।

​ਉਹਨਾਂ ਦੱਸਿਆ ਕਿ ਇਸ ਮੌਕੇ ਇੱਕ 62 ਸਾਲਾ ਮਰੀਜ਼ ਦੇ ਇੱਕ ਕੰਨ ਵਿੱਚ ਦਰਮਿਆਨੀ ਅਤੇ ਦੂਜੇ ਕੰਨ ਵਿੱਚ ਅਤਿ ਗੰਭੀਰ ਦਰਜੇ ਦੀ ਸੁਣਨ ਸ਼ਕਤੀ ਦੀ ਕਮੀ ਦੇਖਣ ਨੂੰ ਮਿਲੀ, ਜਿਸ ਨੂੰ ਕੋਕਲੀਅਰ ਇੰਪਲਾਂਟ ਸਬੰਧੀ ਅਗਲੇਰੀ ਜਾਂਚ ਕਰਵਾਉਣ ਦੀ ਜ਼ਰੂਰੀ ਸਲਾਹ ਦਿੱਤੀ ਗਈ। ਡਾਕਟਰਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਬਿਮਾਰੀ ਦੀ ਸਮੇਂ ਸਿਰ ਪਛਾਣ ਹੋਣ ਨਾਲ ਸੁਣਨ ਸ਼ਕਤੀ ਨੂੰ ਬਚਾਇਆ ਜਾ ਸਕਦਾ ਹੈ ਅਤੇ ਮਰੀਜ਼ ਦੇ ਜੀਵਨ ਦੀ ਗੁਣਵੱਤਾ ਵਿੱਚ ਵੱਡਾ ਸੁਧਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ-ਸਮੇਂ ‘ਤੇ ਆਪਣੇ ਕੰਨਾਂ ਦੀ ਜਾਂਚ ਜ਼ਰੂਰ ਕਰਵਾਉਣ।

ਉਹਨਾਂ ਦੱਸਿਆ ਕਿ ਇਹ ਮਹੱਤਵਪੂਰਨ ਕੈਂਪ ਨੈਸ਼ਨਲ ਰੀਹੈਬਲੀਟੇਸ਼ਨ ਇੰਸਟੀਚਿਊਟ ਦੇ ਆਨਰੇਰੀ ਕੰਸਲਟੈਂਟ ਡਾ. ਮਨੋਜ ਸ਼ਰਮਾ ਵੱਲੋਂ ਆਯੋਜਿਤ ਕੀਤਾ ਗਿਆ ਸੀ ਅਤੇ ਇਸ ਦੀ ਸਫ਼ਲਤਾ ਵਿੱਚ ਚੰਦਰ ਬਸਰਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਮਾਗਮ ਦੇ ਵਿੱਚ ਲਾਲਾ ਕਰਮ ਚੰਦ ਜੀ ਦੀ ਯਾਦ ਨੂੰ ਤਾਜ਼ਾ ਕਰਦਿਆਂ ਮੁੱਖ ਮਹਿਮਾਨ ਪਰਮਿੰਦਰ ਸਿੰਘ (ਸਾਬਕਾ ਚੀਫ਼ ਜਨਰਲ ਮੈਨੇਜਰ, ਸਟੇਟ ਬੈਂਕ ਆਫ਼ ਇੰਡੀਆ, ਹੁਸ਼ਿਆਰਪੁਰ) ਵੱਲੋਂ ਸੇਵਾ ਨਿਭਾਉਣ ਵਾਲੇ ਸਮੂਹ ਡਾਕਟਰਾਂ ਨੂੰ “ਅਵਾਰਡ ਆਫ਼ ਆਨਰ” ਸਰਟੀਫਿਕੇਟ ਭੇਟ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

By admin

Related Post