ਹੁਸ਼ਿਆਰਪੁਰ, 20 ਅਗਸਤ ( ਤਰਸੇਮ ਦੀਵਾਨਾ ) – ਅਜੋਕੇ ਦੌਰ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੀ ਤਰੱਕੀ ਜਿੱਥੇ ਮਨੁੱਖੀ ਜੀਵਨ ਲਈ ਵਰਦਾਨ ਸਾਬਤ ਹੋ ਰਹੀ ਹੈ, ਉੱਥੇ ਹੀ ਇਸ ਦੀ ਗਲਤ ਵਰਤੋਂ ਕਾਰਨ ਇਸ ਦੇ ਬੇਹੱਦ ਮਾਰੂ ਪ੍ਰਭਾਵ ਵੀ ਸਾਹਮਣੇ ਆ ਰਹੇ ਹਨ। ਗੁਰਦੁਆਰਾ ਗੁਰੂ ਨਾਨਕ ਚਰਨਸਰ ਸਾਹਿਬ ਭੀਖੋਵਾਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਅਵਤਾਰ ਸਿੰਘ ਭੀਖੋਵਾਲ ਨੇ ਸਮਾਜ ਵਿੱਚ ਦਿਨੋਂ-ਦਿਨ ਵਧ ਰਹੀ ਮੋਬਾਇਲ ਦੀ ਖ਼ਤਰਨਾਕ ਪ੍ਰਵਿਰਤੀ ਅਤੇ ਸੜਕੀ ਹਾਦਸਿਆਂ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਅਵਤਾਰ ਸਿੰਘ ਭੀਖੋਵਾਲ ਨੇ ਆਖਿਆ ਕਿ ਅੱਜ ਬਹੁਤ ਸਾਰੇ ਵਾਹਨ ਚਾਲਕ ਗੱਡੀ ਜਾਂ ਮੋਟਰਸਾਈਕਲ ਚਲਾਉਂਦੇ ਸਮੇਂ ਵੀ ਮੋਬਾਇਲ ਫ਼ੋਨ ਦੀ ਵਰਤੋਂ ਕਰਨ ਤੋਂ ਬਾਜ਼ ਨਹੀਂ ਆਉਂਦੇ।
ਵਾਹਨ ਚਲਾਉਂਦਿਆਂ ਫ਼ੋਨ ਸੁਣਨਾ, ਸੁਨੇਹੇ ਭੇਜਣਾ ਜਾਂ ਸੋਸ਼ਲ ਮੀਡੀਆ ਚਲਾਉਣਾ ਧਿਆਨ ਭਟਕਾਉਂਦਾ ਹੈ, ਜਿਸ ਕਾਰਨ ਚਾਲਕ ਖ਼ੁਦ ਤਾਂ ਭਿਆਨਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹੀ ਹਨ, ਸਗੋਂ ਸੜਕ ‘ਤੇ ਚੱਲ ਰਹੇ ਦੂਸਰੇ ਬੇਕਸੂਰ ਲੋਕਾਂ ਦੀਆਂ ਜਾਨਾਂ ਨੂੰ ਵੀ ਘੋਰ ਜ਼ੋਖਮ ਵਿੱਚ ਪਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਮੋਬਾਇਲ ਦੀ ਬੇਲੋੜੀ ਵਰਤੋਂ ਇਨਸਾਨ ਨੂੰ ਦਿਨ-ਬ-ਦਿਨ ਮਾਨਸਿਕ ਤਣਾਅ ਅਤੇ ਗੰਭੀਰ ਚਿੰਤਾ ਵੱਲ ਧੱਕ ਰਹੀ ਹੈ। ਅਜਿਹੀ ਲਤ ਦਾ ਸ਼ਿਕਾਰ ਵਿਅਕਤੀ ਚਿੜਚਿੜਾ ਹੋ ਜਾਂਦਾ ਹੈ। ਲਗਾਤਾਰ ਗਰਦਨ ਝੁਕਾ ਕੇ ਘੰਟਿਆਂ ਬੱਧੀ ਮੋਬਾਇਲ ਦੇਖਣ ਨਾਲ ਸਰਵਾਈਕਲ, ਰੀੜ੍ਹ ਦੀ ਹੱਡੀ ਦਾ ਦਰਦ, ਨਾੜੀਆਂ ਦੀ ਖਿੱਚ ਅਤੇ ਛੋਟੀ ਉਮਰੇ ਹੀ ਅੱਖਾਂ ਦੀ ਨਜ਼ਰ ਕਮਜ਼ੋਰ ਹੋਣ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
ਉਨ੍ਹਾਂ ਇਸ ਦਾ ਸਭ ਤੋਂ ਦੁਖਦਾਈ ਪਹਿਲੂ ਉਜਾਗਰ ਕਰਦਿਆਂ ਕਿਹਾ ਕਿ ਇਸ ਭੈੜੀ ਲਤ ਕਾਰਨ ਇਨਸਾਨ ਆਪਣੇ ਪਰਿਵਾਰ ਵਿੱਚ ਹੁੰਦਿਆਂ ਵੀ ਬਿਲਕੁਲ ਇਕੱਲਾ ਰਹਿ ਗਿਆ ਹੈ। ਉਨ੍ਹਾਂ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਇਸ ਮਾਨਸਿਕ ਬੀਮਾਰੀ ਨੂੰ ਸਮੇਂ ਸਿਰ ਨਾ ਰੋਕਿਆ ਗਿਆ, ਤਾਂ ਇਹ ਆਉਣ ਵਾਲੇ ਸਮੇਂ ਵਿੱਚ ਸਮਾਜ ਲਈ ਬੇਹੱਦ ਤਬਾਹਕੁਨ ਸਿੱਧ ਹੋਵੇਗੀ। ਅੰਤ ਵਿੱਚ ਅਵਤਾਰ ਸਿੰਘ ਭੀਖੋਵਾਲ ਨੇ ਸਮੂਹ ਮਾਪਿਆਂ ਅਤੇ ਸਮਾਜ ਸੇਵੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਮੋਬਾਇਲ ਦੀ ਇਸ ਅਲਾਮਤ ਤੋਂ ਬਚਾਉਣ ਲਈ ਘਰਾਂ ਵਿੱਚ ਉਚੇਚੇ ਨਿਯਮ ਬਣਾਉਣ ਅਤੇ ਉਨ੍ਹਾਂ ਨੂੰ ਮੈਦਾਨੀ ਖੇਡਾਂ ਤੇ ਚੰਗੀਆਂ ਪੁਸਤਕਾਂ ਨਾਲ ਜੋੜਨ।

