Breaking
Fri. Sep 11th, 2026

ਵਧ ਰਹੇ ਪ੍ਰਦੂਸ਼ਣ ਅਤੇ ਵਿਗੜ ਰਹੇ ਮੌਸਮੀ ਸੰਕਟ ਲਈ ਮਨੁੱਖ ਖ਼ੁਦ ਜ਼ਿੰਮੇਵਾਰ: ਡਾ. ਐਮ. ਜਮੀਲ ਬਾਲੀ

ਡਾ. ਐਮ. ਜਮੀਲ ਬਾਲੀ

ਹੁਸ਼ਿਆਰਪੁਰ, 26 ਜੁਲਾਈ (ਤਰਸੇਮ ਦੀਵਾਨਾ)- ਅਖੌਤੀ ਵਿਕਾਸ ਦੀ ਅੰਨ੍ਹੀ ਦੌੜ ਵਿੱਚ ਮਨੁੱਖ ਵੱਲੋਂ ਕੀਤੀ ਜਾ ਰਹੀ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਅਤੇ ਕੁਦਰਤੀ ਸਰੋਤਾਂ ਦੀ ਬੇਰਹਿਮੀ ਨਾਲ ਲੁੱਟ ਕਾਰਨ ਅੱਜ ਸਮੁੱਚਾ ਵਾਤਾਵਰਨ ਭਾਰੀ ਸੰਕਟ ਵਿੱਚ ਘਿਰ ਚੁੱਕਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਾਲੀ ਹਸਪਤਾਲ ਦੇ ਐਮ.ਡੀ. ਅਤੇ ਉੱਘੇ ਸਮਾਜ ਸੇਵਕ ਬੁੱਧੀਜੀਵੀ ਸ਼ਖ਼ਸੀਅਤ ਡਾ. ਐਮ. ਜਮੀਲ ਬਾਲੀ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਵਿਸ਼ੇਸ਼ ਪ੍ਰੈੱਸ ਵਾਰਤਾ ਦੌਰਾਨ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਮੁੱਚੇ ਵਾਤਾਵਰਣਕ ਸੰਕਟ ਅਤੇ ਕੁਦਰਤੀ ਵਿਗਾੜ ਦਾ ਸਿਰਜਕ ਕੋਈ ਹੋਰ ਨਹੀਂ ਸਗੋਂ ਮਨੁੱਖ ਖ਼ੁਦ ਹੈ।

ਡਾ. ਐਮ. ਜਮੀਲ ਬਾਲੀ ਨੇ ਮੌਸਮ ਦੇ ਬਦਲਦੇ ਪੈਟਰਨ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਮੌਸਮੀ ਸੰਕਟ ਦਾ ਇੱਕ ਨਵਾਂ ਅਤੇ ਖ਼ਤਰਨਾਕ ਪੜਾਅ ਹੈ, ਜਿਸ ਨਾਲ ਆਉਣ ਵਾਲੇ ਮਹੀਨਿਆਂ ਵਿੱਚ ਵਿਸ਼ਵ ਦੇ ਤਾਪਮਾਨ ਵਿੱਚ ਅਥਾਹ ਵਾਧਾ ਹੋਵੇਗਾ ਅਤੇ ਕਈ ਇਲਾਕਿਆਂ ਵਿੱਚ ਭਿਆਨਕ ਸੋਕੇ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ ਮੌਸਮ ਦੇ ਇਸੇ ਵਿਗਾੜ ਕਾਰਨ ਪੰਜਾਬ ਵਿੱਚ ਜੁਲਾਈ ਦੇ ਮਹੀਨੇ ਵੀ ਭਿਆਨਕ ਲੂ ਚੱਲ ਰਹੀ ਹੈ, ਜਦੋਂ ਕਿ ਆਮ ਤੌਰ ‘ਤੇ ਜੂਨ ਦੇ ਮੱਧ ਤੋਂ ਬਾਅਦ ਮੌਸਮ ਬਦਲ ਜਾਂਦਾ ਹੈ। ਇਸੇ ਤਰ੍ਹਾਂ ਯੂਰਪ ਦੇ ਕਈ ਦੇਸ਼ ਭਿਆਨਕ ਗਰਮੀ ਨਾਲ ਝੁਲਸ ਰਹੇ ਹਨ, ਸੜਕਾਂ ਪਿਘਲ ਰਹੀਆਂ ਹਨ, ਹਜ਼ਾਰਾਂ ਮੌਤਾਂ ਹੋ ਚੁੱਕੀਆਂ ਹਨ ਅਤੇ ਬਿਜਲੀ ਦੀ ਮੰਗ ਨੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ।

ਛੋਟੇ-ਛੋਟੇ ਮਾਸੂਮ ਬੱਚੇ ਵੀ ਦਮਾ, ਖਾਂਸੀ ਅਤੇ ਅੱਖਾਂ ਦੇ ਰੋਗਾਂ ਵਰਗੀਆਂ ਖ਼ਤਰਨਾਕ ਬਿਮਾਰੀਆਂ ਦੀ ਲਪੇਟ ਵਿੱਚ ਆ ਚੁੱਕੇ ਹਨ

ਸਿਹਤ ਅਤੇ ਵਾਤਾਵਰਨ ਦੇ ਨੁਕਸਾਨਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਫ਼ੈਕਟਰੀਆਂ ਦੀ ਰਹਿੰਦ-ਖੂੰਹਦ, ਚਿਮਨੀਆਂ ਦਾ ਧੂੰਆਂ ਅਤੇ ਏਅਰ ਕੰਡੀਸ਼ਨਰਾਂ (ਏ.ਸੀ.) ਵਿੱਚੋਂ ਨਿਕਲਣ ਵਾਲੀ ਕਲੋਰੋਫਲੋਰੋਕਾਰਬਨ ਗੈਸ ਵਾਤਾਵਰਨ ਨੂੰ ਤੇਜ਼ੀ ਨਾਲ ਜ਼ਹਿਰੀਲਾ ਕਰ ਰਹੀ ਹੈ। ਨਤੀਜੇ ਵਜੋਂ, ਅੱਜ ਛੋਟੇ-ਛੋਟੇ ਮਾਸੂਮ ਬੱਚੇ ਵੀ ਦਮਾ, ਖਾਂਸੀ ਅਤੇ ਅੱਖਾਂ ਦੇ ਰੋਗਾਂ ਵਰਗੀਆਂ ਖ਼ਤਰਨਾਕ ਬਿਮਾਰੀਆਂ ਦੀ ਲਪੇਟ ਵਿੱਚ ਆ ਚੁੱਕੇ ਹਨ ਅਤੇ ਹਰ ਇਨਸਾਨ ਲਈ ਸਾਹ ਲੈਣਾ ਵੀ ਦੁਭਰ ਹੁੰਦਾ ਜਾ ਰਿਹਾ ਹੈ।

ਡਾ. ਐਮ. ਜਮੀਲ ਬਾਲੀ ਨੇ ਜ਼ੋਰ ਦੇ ਕੇ ਕਿਹਾ ਕਿ ਪੂਰੇ ਬ੍ਰਹਿਮੰਡ ਵਿੱਚ ਸਿਰਫ਼ ਧਰਤੀ ‘ਤੇ ਹੀ ਜੀਵਨ ਸੰਭਵ ਹੈ। ਕੁਦਰਤ ਨੇ ਮਨੁੱਖੀ ਜੀਵਨ ਨੂੰ ਸੁਖਾਲਾ ਬਣਾਉਣ ਲਈ ਸ਼ੁੱਧ ਪੌਣ-ਪਾਣੀ ਵਰਗੇ ਅਨਮੋਲ ਤੋਹਫ਼ੇ ਬਖਸ਼ੇ ਹਨ, ਪਰ ਅੱਜ ਇਹੀ ਵਿਕਾਸ ਮਨੁੱਖ ਲਈ ਵਿਨਾਸ਼ ਦਾ ਕਾਰਨ ਬਣਦਾ ਜਾ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਸਾਲ 2026 ਦੌਰਾਨ ਵਾਤਾਵਰਨ ਨੂੰ ਹਰਾ-ਭਰਾ ਅਤੇ ਸਾਫ਼-ਸੁਥਰਾ ਰੱਖਣ ਲਈ ਵਾਤਾਵਰਨ ਪ੍ਰੇਮੀਆਂ ਅਤੇ ਸਮਾਜ ਨੂੰ ਅੱਗੇ ਆ ਕੇ ਵੱਧ ਤੋਂ ਵੱਧ ਰੁੱਖ ਲਾਉਣ ਦੀਆਂ ਵਿਸ਼ੇਸ਼ ਮੁਹਿੰਮਾਂ ਚਲਾਉਣੀਆਂ ਚਾਹੀਦੀਆਂ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਇਸ ਭਿਆਨਕ ਸੰਕਟ ਤੋਂ ਬਚਾਇਆ ਜਾ ਸਕੇ।

By admin

Related Post