ਦਾਣਾ-ਪਾਣੀ ਦਾ ਸਿਧਾਂਤ ਜ਼ਿੰਦਗੀ ਦੇ ਅਦਿੱਖ ਰਿਸ਼ਤਿਆਂ ਅਤੇ ਰੱਬ ਦੀ ਰਜ਼ਾ ਦਾ ਅਹਿਸਾਸ ਕਰਵਾਉਂਦਾ ਹੈ : ਡਾ. ਆਸ਼ੀਸ਼ ਸਰੀਨ

ਦਾਣਾ-ਪਾਣੀ

ਇਨਸਾਨ ਦੀਆਂ ਮੁਲਾਕਾਤਾਂ, ਸਫ਼ਰ ਅਤੇ ਰੋਟੀ ਦੀ ਸਾਂਝ ਪਿੱਛੇ ਛੁਪੀ ਹੁੰਦੀ ਹੈ ਕੁਦਰਤ ਦੀ ਅਦਭੁੱਤ ਵਿਵਸਥਾ

ਹੁਸ਼ਿਆਰਪੁਰ, 22 ਅਕਤੂਬਰ (ਤਰਸੇਮ ਦੀਵਾਨਾ) — ਹਿਜ਼ ਐਕਸੀਲੈਂਟ ਐਂਡ ਇੰਸਟੀਚਿਊਟ ਅਤੇ ਸੈਂਟ ਕਬੀਰ ਪਬਲਿਕ ਹਾਈ ਸਕੂਲ ਚੱਗਰਾ ਹੁਸ਼ਿਆਰਪੁਰ ਦੇ ਐਮਡੀ ਦੇ ਡਾ. ਆਸ਼ੀਸ਼ ਸਰੀਨ ਨੇ ਦਾਣਾ-ਪਾਣੀ ਦੇ ਅਧਿਆਤਮਿਕ ਸੰਕਲਪ ਬਾਰੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਵਾਪਰਨ ਵਾਲੀਆਂ ਕਈ ਘਟਨਾਵਾਂ, ਅਚਾਨਕ ਹੋਣ ਵਾਲੀਆਂ ਮੁਲਾਕਾਤਾਂ ਅਤੇ ਅਣਕਿਆਸੇ ਸਫ਼ਰ ਇਨਸਾਨ ਨੂੰ ਇਸ ਗੱਲ ਦਾ ਅਹਿਸਾਸ ਕਰਵਾਉਂਦੇ ਹਨ ਕਿ ਜੀਵਨ ਵਿੱਚ ਹਰ ਚੀਜ਼ ਨੂੰ ਸਿਰਫ਼ ਇਤਫ਼ਾਕ ਮੰਨ ਕੇ ਨਹੀਂ ਦੇਖਿਆ ਜਾ ਸਕਦਾ। ਉਹਨਾਂ ਕਿਹਾ ਕਿ ਪੰਜਾਬੀ ਸੱਭਿਆਚਾਰ ਵਿੱਚ ਦਾਣਾ-ਪਾਣੀ ਦਾ ਸੰਕਲਪ ਇਸੇ ਅਧਿਆਤਮਿਕ ਵਿਸ਼ਵਾਸ ਨਾਲ ਜੁੜਿਆ ਹੋਇਆ ਹੈ ਕਿ ਜਿਸ ਥਾਂ ਦਾ ਦਾਣਾ-ਪਾਣੀ ਲਿਖਿਆ ਹੋਵੇ, ਇਨਸਾਨ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੇ ਪਹੁੰਚ ਹੀ ਜਾਂਦਾ ਹੈ।

ਡਾ. ਆਸ਼ੀਸ਼ ਸਰੀਨ ਨੇ ਕਿਹਾ ਕਿ ਕਈ ਵਾਰ ਇਨਸਾਨ ਦੀ ਕਿਸੇ ਥਾਂ ਜਾਣ ਦੀ ਕੋਈ ਯੋਜਨਾ ਨਹੀਂ ਹੁੰਦੀ, ਪਰ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਉਹ ਅਣਜਾਣੇ ਵਿੱਚ ਉੱਥੇ ਪਹੁੰਚ ਜਾਂਦਾ ਹੈ ਅਤੇ ਉੱਥੇ ਬੈਠ ਕੇ ਭੋਜਨ ਛਕਣ ਦਾ ਮੌਕਾ ਮਿਲਦਾ ਹੈ ਅਜਿਹੇ ਪਲ ਮਨ ਵਿੱਚ ਹੈਰਾਨੀ ਦੇ ਨਾਲ-ਨਾਲ ਸ਼ੁਕਰਾਨੇ ਦੀ ਭਾਵਨਾ ਵੀ ਪੈਦਾ ਕਰਦੇ ਹਨ। ਉਹਨਾਂ ਕਿਹਾ ਕਿ ਇਹ ਅਹਿਸਾਸ ਹੁੰਦਾ ਹੈ ਕਿ ਜ਼ਿੰਦਗੀ ਦੇ ਕਈ ਮੋੜ ਸਾਡੀ ਸੋਚ ਅਤੇ ਯੋਜਨਾਵਾਂ ਤੋਂ ਪਰੇ ਵੀ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਦਾਣਾ-ਪਾਣੀ ਦਾ ਅਰਥ ਕੇਵਲ ਰੋਟੀ ਦੀਆਂ ਦੋ ਬੁਰਕੀਆਂ ਤੱਕ ਸੀਮਤ ਨਹੀਂ ਹੈ, ਸਗੋਂ ਇਹ ਰੱਬ ਦੀ ਰਜ਼ਾ, ਕੁਦਰਤ ਦੇ ਨਿਯਮਾਂ ਅਤੇ ਮਨੁੱਖੀ ਜੀਵਨ ਦੀਆਂ ਅਣਕਿਆਸੀਆਂ ਸੰਭਾਵਨਾਵਾਂ ਨਾਲ ਵੀ ਜੁੜਿਆ ਹੋਇਆ ਹੈ। ਉਹਨਾ ਕਿਹਾ ਕਿ ਇਨਸਾਨ ਆਪਣੀ ਜ਼ਿੰਦਗੀ ਲਈ ਭਾਵੇਂ ਕਿੰਨੀਆਂ ਵੀ ਯੋਜਨਾਵਾਂ ਬਣਾ ਲਵੇ, ਪਰ ਕਈ ਵਾਰ ਹਾਲਾਤ ਉਸ ਨੂੰ ਅਜਿਹੇ ਰਾਹਾਂ ’ਤੇ ਲੈ ਜਾਂਦੇ ਹਨ, ਜਿਨ੍ਹਾਂ ਬਾਰੇ ਉਸ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ।

ਡਾ. ਸਰੀਨ ਨੇ ਕਿਹਾ ਕਿ ਰੋਟੀ ਸਾਂਝੀ ਕਰਨਾ ਸਿਰਫ਼ ਭੁੱਖ ਮਿਟਾਉਣ ਦਾ ਸਾਧਨ ਨਹੀਂ, ਬਲਕਿ ਪਿਆਰ, ਅਪਣੱਤ, ਸਤਿਕਾਰ ਅਤੇ ਇਨਸਾਨੀਅਤ ਦਾ ਪ੍ਰਤੀਕ ਵੀ ਹੈ। ਕਿਸੇ ਅਜਨਬੀ ਦੇ ਘਰ ਬੈਠ ਕੇ ਖਾਧੀ ਰੋਟੀ ਜਾਂ ਕਿਸੇ ਅਣਜਾਣ ਵਿਅਕਤੀ ਵੱਲੋਂ ਕੀਤਾ ਗਿਆ ਸਤਿਕਾਰ ਕਈ ਵਾਰ ਅਜਿਹੀ ਅਮਿੱਟ ਯਾਦ ਬਣ ਜਾਂਦਾ ਹੈ, ਜੋ ਸਾਰੀ ਉਮਰ ਮਨੁੱਖ ਦੇ ਦਿਲ ਵਿੱਚ ਵੱਸਦੀ ਰਹਿੰਦੀ ਹੈ।

ਉਨ੍ਹਾਂ ਕਿਹਾ ਕਿ ਜ਼ਿੰਦਗੀ ਦੇ ਹਰ ਛੋਟੇ-ਵੱਡੇ ਪਲ ਦੀ ਆਪਣੀ ਮਹੱਤਤਾ ਹੁੰਦੀ ਹੈ। ਇਸ ਲਈ ਜਿੱਥੇ ਵੀ ਰੋਟੀ ਖਾਣ ਦਾ ਮੌਕਾ ਮਿਲੇ, ਉਸ ਨੂੰ ਰੱਬ ਦੀ ਬਖ਼ਸ਼ਿਸ਼ ਸਮਝਦਿਆਂ ਸ਼ੁਕਰਾਨਾ ਕਰਨਾ ਚਾਹੀਦਾ ਹੈ।ਉਹਨਾ ਕਿਹਾ ਕਿ ਦਾਣਾ-ਪਾਣੀ ਦਾ ਇਹ ਸੰਕਲਪ ਸਾਨੂੰ ਨਿਮਰਤਾ, ਸਾਂਝ ਅਤੇ ਮਨੁੱਖਤਾ ਦੀ ਕਦਰ ਕਰਨੀ ਸਿਖਾਉਂਦਾ ਹੈ। ਉਹਨਾ ਕਿਹਾ ਕਿ ਕਈ ਵਾਰ ਰੋਟੀ ਦੀਆਂ ਦੋ ਬੁਰਕੀਆਂ ਵੀ ਜ਼ਿੰਦਗੀ ਦੇ ਅਜਿਹੇ ਅਦਿੱਖ ਰਿਸ਼ਤੇ ਦਾ ਅਹਿਸਾਸ ਕਰਵਾ ਜਾਂਦੀਆਂ ਹਨ, ਜਿਸ ਨੂੰ ਪੰਜਾਬੀ ਸੱਭਿਆਚਾਰ ਵਿੱਚ ਸ਼ਰਧਾ ਨਾਲ ਰੱਬ ਦੀ ਲਿਖਤ ਅਤੇ ਦਾਣਾ-ਪਾਣੀ ਦਾ ਨਾਮ ਦਿੱਤਾ ਜਾਂਦਾ ਹੈ।

By admin

Related Post