-ਕਪਤਾਨ ਸੁਰਭੀ ਅਤੇ ਉਰਸ਼ੀ ਨੇ ਗੇਂਦਬਾਜ਼ੀ ਅਤੇ ਭੂਮਿਕਾ, ਵੰਸ਼ਿਕਾ ਅਤੇ ਮਨਪ੍ਰੀਤ ਨੇ ਬੱਲੇਬਾਜ਼ੀ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਹੁਸ਼ਿਆਰਪੁਰ, 27 ਜੁਲਾਈ (ਤਰਸੇਮ ਦੀਵਾਨਾ ) – ਪੰਜਾਬ ਕ੍ਰਿਕਟ ਐਸੋਸੀਏਸ਼ਨ ਦੁਆਰਾ ਕਰਵਾਈ ਜਾ ਰਹੀ ਵੂਮੈਨ ਅੰਡਰ-19 ਅੰਤਰ-ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ ਮੋਹਾਲੀ ਟੀਮ ਨੂੰ 6 ਵਿਕਟਾਂ ਨਾਲ ਹਰਾ ਕੇ 4 ਅੰਕ ਹਾਸਲ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚ.ਡੀ.ਸੀ.ਏ. ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ 50-50 ਓਵਰਾਂ ਦੇ ਇਸ ਮੈਚ ਵਿੱਚ ਹੁਸ਼ਿਆਰਪੁਰ ਟੀਮ ਨੇ ਟਾਸ ਜਿੱਤ ਕੇ ਮੋਹਾਲੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਅਤੇ ਹੁਸ਼ਿਆਰਪੁਰ ਦੀ ਕਪਤਾਨ ਸੁਰਭੀ ਅਤੇ ਉਰਸ਼ੀ ਠਾਕੁਰ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਮੋਹਾਲੀ ਦੀ ਪੂਰੀ ਟੀਮ 38.3 ਓਵਰਾਂ ਵਿੱਚ ਕੇਵਲ 89 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਜਿਸ ਵਿੱਚ ਅਮਾਇਰਾ ਔਲਖ ਨੇ 25, ਕਸ਼ਿਸ਼ ਨੇ 24 ਅਤੇ ਅਹਿਨੀਸ਼ ਕੌਰ ਨੇ 18 ਦੌੜਾਂ ਦਾ ਯੋਗਦਾਨ ਪਾਇਆ।
ਹੁਸ਼ਿਆਰਪੁਰ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਕਪਤਾਨ ਸੁਰਭੀ ਨੇ 17 ਦੌੜਾਂ ਦੇ ਕੇ 3, ਉਰਸ਼ੀ ਠਾਕੁਰ ਨੇ 12 ਦੌੜਾਂ ਦੇ ਕੇ 3, ਵੰਸ਼ਿਕਾ, ਧਰੂਵਿਕਾ ਸੇਠ ਅਤੇ ਕਾਸ਼ਵੀ ਰਾਣਾ ਨੇ ਮੋਹਾਲੀ ਦਾ 1-1 ਵਿਕਟ ਝਟਕਾਇਆ। 50 ਓਵਰਾਂ ਵਿੱਚ ਜਿੱਤ ਲਈ 90 ਦੌੜਾਂ ਦਾ ਟੀਚਾ ਲੈ ਕੇ ਬੱਲੇਬਾਜ਼ੀ ਕਰਨ ਮੈਦਾਨ ਵਿੱਚ ਉਤਰੀ ਹੁਸ਼ਿਆਰਪੁਰ ਦੀ ਟੀਮ ਨੇ 41.2 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 93 ਦੌੜਾਂ ਬਣਾ ਕੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ। ਹੁਸ਼ਿਆਰਪੁਰ ਵੱਲੋਂ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਭੂਮਿਕਾ ਸ਼ਰਮਾ ਨੇ 31, ਵੰਸ਼ਿਕਾ ਨੇ 14 ਨਾਟ ਆਊਟ ਅਤੇ ਮਨਪ੍ਰੀਤ ਸਿੰਘ ਨੇ 13 ਨਾਟ ਆਊਟ ਦੌੜਾਂ ਦਾ ਯੋਗਦਾਨ ਦਿੱਤਾ।
ਟੀਮ ਅੱਗੇ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖੇਗੀ
ਡਾ. ਘਈ ਨੇ ਹੁਸ਼ਿਆਰਪੁਰ ਟੀਮ ਦੀ ਇਸ ਸ਼ਾਨਦਾਰ ਜਿੱਤ ‘ਤੇ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਟੀਮ ਅੱਗੇ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖੇਗੀ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਦਾ ਅਗਲਾ ਮੁਕਾਬਲਾ ਜ਼ਿਲ੍ਹਾ ਫਤਹਿਗੜ੍ਹ ਦੀ ਟੀਮ ਨਾਲ 29 ਜੁਲਾਈ ਨੂੰ ਹੁਸ਼ਿਆਰਪੁਰ ਵਿੱਚ ਖੇਡਿਆ ਜਾਵੇਗਾ। ਹੁਸ਼ਿਆਰਪੁਰ ਦੀ ਇਸ ਜਿੱਤ ‘ਤੇ ਐਚ.ਡੀ.ਸੀ.ਏ. ਪ੍ਰਧਾਨ ਡਾ. ਦਲਜੀਤ ਖੇਲਾ, ਸੰਯੁਕਤ ਸਕੱਤਰ ਵਿਵੇਕ ਸਹਾਨੀ, ਠਾਕੁਰ ਯੋਗਰਾਜ, ਚੇਅਰਮੈਨ ਟੂਰਨਾਮੈਂਟ ਕਮੇਟੀ ਡਾ. ਪੰਕਜ ਸ਼ਿਵ, ਜਤਿੰਦਰ ਸੂਦ, ਸੁਭਾਸ਼ ਸ਼ਰਮਾ, ਮਨੋਜ ਓਹਰੀ, ਸਬਦਿਆਲ ਤੋਂ ਇਲਾਵਾ ਸਾਰੇ ਐਚ.ਡੀ.ਸੀ.ਏ. ਅਹੁਦੇਦਾਰਾਂ ਨੇ ਟੀਮ ਨੂੰ ਵਧਾਈ ਦਿੰਦਿਆਂ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਹੁਸ਼ਿਆਰਪੁਰ ਦੀ ਇਸ ਜਿੱਤ ‘ਤੇ ਟੀਮ ਦੀ ਮੁੱਖ ਕੋਚ ਦਵਿੰਦਰ ਕੌਰ ਕਲਿਆਣ, ਸਹਾਇਕ ਕੋਚ ਨਿਕਿਤਾ ਕੁਮਾਰੀ, ਜ਼ਿਲ੍ਹਾ ਟ੍ਰੇਨਰ ਤੇ ਸਾਬਕਾ ਰਾਸ਼ਟਰੀ ਖਿਡਾਰੀ ਕੁਲਦੀਪ ਧਾਮੀ, ਜ਼ਿਲ੍ਹਾ ਕੋਚ ਦਲਜੀਤ ਸਿੰਘ, ਕੋਚ ਅਸ਼ੋਕ ਸ਼ਰਮਾ, ਪ੍ਰਵੀਨ ਕਪੂਰ, ਪੰਕਜ ਪਿੰਕਾ, ਦਿਨੇਸ਼ ਸ਼ਰਮਾ, ਸੋਢੀ ਰਾਮ ਆਦਿ ਨੇ ਟੀਮ ਦੀ ਜਿੱਤ ‘ਤੇ ਖੁਸ਼ੀ ਪ੍ਰਗਟ ਕਰਦਿਆਂ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਟੀਮ ਅੱਗੇ ਵੀ ਇਸੇ ਤਰ੍ਹਾਂ ਮੈਚਾਂ ਵਿੱਚ ਵਧੀਆ ਪ੍ਰਦਰਸ਼ਨ ਜਾਰੀ ਰੱਖੇਗੀ।

