ਹੁਸ਼ਿਆਰਪੁਰ 27 ਜੁਲਾਈ ( ਤਰਸੇਮ ਦੀਵਾਨਾ ) – ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਗੱਡੀਆਂ ਦੀ ਆਰ.ਸੀ. ਟ੍ਰਾਂਸਫਰ ਪ੍ਰਕਿਰਿਆ ਵਿੱਚ ਕੀਤੀ ਗਈ ਨਵੀਂ ਸੋਧ ਨੇ ਰਾਜ ਭਰ ਦੇ ਕਾਰ ਕਾਰੋਬਾਰੀਆਂ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਪਿਛਲੇ ਕਰੀਬ 30 ਸਾਲਾਂ ਤੋਂ ਇਸ ਕਾਰੋਬਾਰ ਨਾਲ ਜੁੜੇ ਵਪਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਫੈਸਲਾ ਨਾ ਸਿਰਫ਼ ਪੁਰਾਣੀਆਂ ਕਾਰਾਂ ਦੇ ਬਾਜ਼ਾਰ ਨੂੰ ਪੂਰੀ ਤਰ੍ਹਾਂ ਠੱਪ ਕਰ ਦੇਵੇਗਾ, ਸਗੋਂ ਇਸ ਨਾਲ ਆਮ ਜਨਤਾ ਨੂੰ ਵੀ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਵੇਗਾ। ਇਸ ਸਬੰਧੀ ਕਾਰੋਬਾਰੀਆਂ ਵੱਲੋਂ ਸਰਕਾਰ ਨੂੰ ਮੰਗ-ਪੱਤਰ ਸੌਂਪ ਕੇ ਨਵੀਂ ਨੀਤੀ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ ਹੈ।
ਮਾਮਲੇ ਦੀ ਗੰਭੀਰਤਾ ਬਾਰੇ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਧਾਨ ਜੋਧ ਸਿੰਘ ਭੰਮਰਾ ਤੇ ਤੇਜਿੰਦਰ ਸਿੰਘ ਤੇਜੀ ਉੱਪ ਪ੍ਰਧਾਨ, ਨੇ ਦੱਸਿਆ ਕਿ ਪਹਿਲਾਂ ਆਰ.ਸੀ. ਟ੍ਰਾਂਸਫਰ ਦਾ ਕੰਮ ਇੱਕੋ ਗੇੜ ਵਿੱਚ ਸਰਲ ਤਰੀਕੇ ਨਾਲ ਪੂਰਾ ਹੋ ਜਾਂਦਾ ਸੀ, ਪਰ ਹੁਣ ਨਵੇਂ ਨਿਯਮਾਂ ਤਹਿਤ ਇਸ ਨੂੰ ਤਿੰਨ ਵੱਖ-ਵੱਖ ਪੜਾਵਾਂ ਪੁਰਾਣਾ ਲੋਨ ਹਟਾਉਣਾ, ਨਵੇਂ ਮਾਲਕ ਦੇ ਨਾਂ ਆਰ.ਸੀ. ਕਰਵਾਉਣਾ ਅਤੇ ਮੁੜ ਨਵਾਂ ਲੋਨ ਚੜ੍ਹਾਉਣਾ ਵਿੱਚ ਵੰਡ ਦਿੱਤਾ ਗਿਆ ਹੈ। ਇਸ ਜਟਿਲ ਪ੍ਰਕਿਰਿਆ ਕਾਰਨ ਜਿਹੜਾ ਕੰਮ ਕੁਝ ਦਿਨਾਂ ਵਿੱਚ ਹੁੰਦਾ ਸੀ, ਉਸ ਲਈ ਹੁਣ ਛੇ ਮਹੀਨਿਆਂ ਤੋਂ ਵੀ ਵੱਧ ਸਮਾਂ ਲੱਗੇਗਾ। ਕਾਰੋਬਾਰੀਆਂ ਅਨੁਸਾਰ ਇਸ ਲੰਬੀ ਪ੍ਰਕਿਰਿਆ ਦਾ ਸਭ ਤੋਂ ਵੱਡਾ ਝਟਕਾ ਫ਼ਾਈਨਾਂਸ ਖੇਤਰ ਨੂੰ ਲੱਗੇਗਾ।
ਮੌਜੂਦਾ ਸਮੇਂ ਵਿੱਚ ਕਰੀਬ 80 ਫੀਸਦੀ ਪੁਰਾਣੇ ਵਾਹਨ ਬੈਂਕ ਲੋਨ ਰਾਹੀਂ ਖਰੀਦੇ ਜਾਂਦੇ ਹਨ
ਮੌਜੂਦਾ ਸਮੇਂ ਵਿੱਚ ਕਰੀਬ 80 ਫੀਸਦੀ ਪੁਰਾਣੇ ਵਾਹਨ ਬੈਂਕ ਲੋਨ ਰਾਹੀਂ ਖਰੀਦੇ ਜਾਂਦੇ ਹਨ, ਪਰ ਪ੍ਰਕਿਰਿਆ ਦੇ ਉਲਝਣਦਾਰ ਹੋਣ ਕਾਰਨ ਬੈਂਕਾਂ ਅਤੇ ਫ਼ਾਈਨਾਂਸ ਕੰਪਨੀਆਂ ਨੇ ਲੋਨ ਦੇਣ ਤੋਂ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਹਨ। ਇਸ ਫੈਸਲੇ ਨਾਲ ਪੰਜਾਬ ਭਰ ਵਿੱਚ ਗੱਡੀਆਂ ਦੀ ਖਰੀਦ-ਵੇਚ, ਏਜੰਟਾਂ, ਡੀਲਰਾਂ ਅਤੇ ਮੈਕੇਨਿਕਾਂ ਸਮੇਤ ਲੱਖਾਂ ਲੋਕਾਂ ਦੇ ਰੁਜ਼ਗਾਰ ‘ਤੇ ਸੰਕਟ ਦੇ ਬਾਦਲ ਛਾ ਗਏ ਹਨ।
ਇਸ ਦੇ ਨਾਲ ਹੀ, ਨਵੇਂ ਨਿਯਮ ਨਾਲ ਸਰਕਾਰੀ ਖ਼ਜ਼ਾਨੇ ‘ਤੇ ਵੀ ਵਾਧੂ ਬੋਝ ਪਵੇਗਾ ਕਿਉਂਕਿ ਇੱਕ ਆਰ.ਸੀ. ਲਈ ਹੁਣ ਤਿੰਨ ਵਾਰ ਸਮਾਰਟ ਕਾਰਡ ਪ੍ਰਿੰਟ ਕਰਨੇ ਪੈਣਗੇ। ਵਾਰ-ਵਾਰ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਕਾਰਨ ਲੋਕ ਖੱਜਲ ਹੋਣਗੇ, ਜਿਸ ਨਾਲ ਦਫ਼ਤਰੀ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਨੂੰ ਉਤਸ਼ਾਹ ਮਿਲੇਗਾ। ਕਾਰੋਬਾਰੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਨਵੀਂ ਸੋਧ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਜਨਤਾ ਦੀ ਰਾਹਤ ਲਈ ਪੁਰਾਣੀ ਸਰਲ ਤੇ ਪਾਰਦਰਸ਼ੀ ਪ੍ਰਣਾਲੀ ਨੂੰ ਹੀ ਮੁੜ ਲਾਗੂ ਕੀਤਾ ਜਾਵੇ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਾ ਦਿੱਤਾ, ਤਾਂ ਉਹ ਰਾਜ ਪੱਧਰ ‘ਤੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਹੋਰਨਾਂ ਤੋ ਇਲਾਵਾ ਜੋਧ ਸਿੰਘ ਭੰਮਰਾ ਪ੍ਰਧਾਨ, ਤੇਜਿੰਦਰ ਸਿੰਘ ਤੇਜੀ ਉੱਪ ਪ੍ਰਧਾਨ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਜਤਿਨ ਕੁਮਾਰ, ਜਸਵਿੰਦਰ ਬੇਦੀ, ਗੁਰਬਖਸ਼ ਸਿੰਘ, ਰਿਸ਼ੂ ਬਹਿਲ, ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਭੁਪਿੰਦਰ ਸਿੰਘ, ਹਰਜੋਧ ਸਿੰਘ, ਆਦਿ ਹਾਜ਼ਰ ਸਨ !

