ਹੁਸ਼ਿਆਰਪੁਰ, 25 ਜੁਲਾਈ ( ਤਰਸੇਮ ਦੀਵਾਨਾ ) – ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਲੋਕਾਂ, ਮਜ਼ਦੂਰਾਂ ਅਤੇ ਕਰਮਚਾਰੀਆਂ ਦੇ ਹਿੱਤਾਂ ਦੀ ਰਾਖੀ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਡਰ ਅਤੇ ਪੁਲਿਸ ਬਲ ਦੇ ਸਹਾਰੇ ਸ਼ਾਸਨ ਚਲਾ ਰਹੀ ਹੈ। ਬੇਰੁਜ਼ਗਾਰ ਨੌਜਵਾਨ, ਠੇਕਾ ਕਰਮਚਾਰੀ, ਮਨਰੇਗਾ ਵਰਕਰ, ਕਿਸਾਨ ਅਤੇ ਹੁਣ ਸ਼ਹਿਰਾਂ ਨੂੰ ਸਾਫ਼ ਰੱਖਣ ਵਾਲੇ ਸਫਾਈ ਸੇਵਕ ਵੀ ਇਸ ਸਰਕਾਰ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਹੇ ਹਨ। ਸਰਕਾਰ ਨੂੰ ਦਮਨਕਾਰੀ ਨੀਤੀਆਂ ਛੱਡ ਕੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਗੱਲਬਾਤ ਰਾਹੀਂ ਕੱਢਣਾ ਚਾਹੀਦਾ ਹੈ। ਇਹ ਪ੍ਰਗਟਾਵਾ ਗਊਸ਼ਾਲਾ ਹੁਸ਼ਿਆਰਪੁਰ ਦੇ ਪ੍ਰਧਾਨ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਵਿਸ਼ਵਨਾਥ ਬੰਟੀ ਨੇ ਕੀਤਾ। ਵਿਸ਼ਵਨਾਥ ਬੰਟੀ ਨੇ ਬਰਨਾਲਾ ਵਿਖੇ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤੀਪੂਰਨ ਧਰਨੇ ‘ਤੇ ਬੈਠੇ ਸਫਾਈ ਸੇਵਕਾਂ ‘ਤੇ ਪੁਲਿਸ ਵੱਲੋਂ ਕੀਤੇ ਗਏ ਬੇਰਹਿਮ ਲਾਠੀਚਾਰਜ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ।
ਉਨ੍ਹਾਂ ਕਿਹਾ ਕਿ ਲਾਠੀਚਾਰਜ ਦੌਰਾਨ ਮਹਿਲਾ ਸਫਾਈ ਸੇਵਕਾਂ ਦਾ ਜ਼ਖ਼ਮੀ ਹੋਣਾ ਬੇਹੱਦ ਚਿੰਤਾਜਨਕ ਅਤੇ ਸ਼ਰਮਨਾਕ ਹੈ। ਔਰਤਾਂ ‘ਤੇ ਇਸ ਤਰ੍ਹਾਂ ਸ਼ਰੇਆਮ ਬਲ ਪ੍ਰਯੋਗ ਕਰਨਾ ਕਿਸੇ ਵੀ ਸਭਿਅਕ ਸਮਾਜ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਪਵੇਗਾ। ਉਨ੍ਹਾਂ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਜਿਨ੍ਹਾਂ ਸਫਾਈ ਕਰਮਚਾਰੀਆਂ ਦੇ ਮੋਢਿਆਂ ‘ਤੇ ਸਾਡੇ ਸ਼ਹਿਰਾਂ ਅਤੇ ਕਸਬਿਆਂ ਦੀ ਅਰੋਗਤਾ ਤੇ ਸਫ਼ਾਈ ਦੀ ਅਹਿਮ ਜ਼ਿੰਮੇਵਾਰੀ ਹੈ, ਅੱਜ ਉਨ੍ਹਾਂ ਨੂੰ ਹੀ ਆਪਣੇ ਬੁਨਿਆਦੀ ਹੱਕਾਂ ਲਈ ਸੜਕਾਂ ‘ਤੇ ਰੁਲਣ ਅਤੇ ਪੁਲਿਸ ਦੀਆਂ ਲਾਠੀਆਂ ਖਾਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।
‘ਆਪ’ ਸਰਕਾਰ ਦੀ ਮਜ਼ਦੂਰ ਵਿਰੋਧੀ ਮਾਨਸਿਕਤਾ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀ ਹੈ
ਇਹ ਘਟਨਾ ‘ਆਪ’ ਸਰਕਾਰ ਦੀ ਮਜ਼ਦੂਰ ਵਿਰੋਧੀ ਮਾਨਸਿਕਤਾ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀ ਹੈ। ਕਾਂਗਰਸੀ ਆਗੂ ਵਿਸ਼ਵਨਾਥ ਬੰਟੀ ਨੇ ਮੰਗ ਕੀਤੀ ਕਿ ਬਰਨਾਲਾ ਘਟਨਾ ਦੀ ਤੁਰੰਤ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ। ਇਸ ਦੇ ਨਾਲ ਹੀ ਜ਼ਖ਼ਮੀ ਕਰਮਚਾਰੀਆਂ ਨੂੰ ਸਰਕਾਰ ਵੱਲੋਂ ਮੁਫ਼ਤ ਤੇ ਬਿਹਤਰ ਡਾਕਟਰੀ ਸੁਵਿਧਾ ਦਿੱਤੀ ਜਾਵੇ ਅਤੇ ਸਫਾਈ ਸੇਵਕ ਯੂਨੀਅਨਾਂ ਨਾਲ ਤੁਰੰਤ ਮੇਜ਼ ‘ਤੇ ਬੈਠ ਕੇ ਗੱਲਬਾਤ ਸ਼ੁਰੂ ਕਰਕੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਸਥਾਈ ਹੱਲ ਕੱਢਿਆ ਜਾਵੇ।
ਉਨ੍ਹਾਂ ਖਾਸ ਤੌਰ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਡੀ.ਐੱਸ.ਪੀ. ਸਤਵੀਰ ਬੈਂਸ ਅਤੇ ਐੱਸ.ਐੱਚ.ਓ. ਲਖਵਿੰਦਰ ਸਿੰਘ ਨੂੰ ਸਿਰਫ਼ ਸਸਪੈਂਡ ਕਰਨਾ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ, ਕਿਉਂਕਿ ਸਸਪੈਂਡ ਕੀਤਾ ਅਫ਼ਸਰ ਮਹੀਨੇ-ਦੋ ਮਹੀਨੇ ਜਾਂ ਤਿੰਨ ਮਹੀਨਿਆਂ ਬਾਅਦ ਦੁਬਾਰਾ ਬਹਾਲ ਹੋ ਜਾਂਦਾ ਹੈ। ਇਸ ਲਈ ਇਸ ਘਟਨਾ ਨਾਲ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰਨ ਦੀ ਬਜਾਏ ਨੌਕਰੀ ਤੋਂ ਤੁਰੰਤ ਡਿਸਮਿਸ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਐੱਸ.ਸੀ./ਐੱਸ.ਟੀ. ਐਕਟ ਅਤੇ ਧਾਰਾ 307 ਤਹਿਤ ਪਰਚਾ ਦਰਜ (FIR) ਕਰਕੇ ਇਨ੍ਹਾਂ ਨੂੰ ਤੁਰੰਤ ਸਲਾਖਾਂ ਦੇ ਪਿੱਛੇ ਸੁੱਟਿਆ ਜਾਵੇ।

