ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਫ਼ਾਈ ਸੇਵਕਾਂ ਅਤੇ ਔਰਤਾਂ ‘ਤੇ ਤਸ਼ੱਦਦ ਕਰਕੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੇ ਕੀਤਾ ਲੋਕਤੰਤਰ ਦਾ ਕਤਲ : ਬੀਰਪਾਲ, ਨੇਕੂ, ਹੈਪੀ
ਹੁਸ਼ਿਆਰਪੁਰ 24 ਜੁਲਾਈ ( ਤਰਸੇਮ ਦੀਵਾਨਾ ) – ਬਰਨਾਲਾ ਵਿਖੇ ਆਪਣੀਆਂ ਹੱਕੀ ਤੇ ਵਾਜਬ ਮੰਗਾਂ ਨੂੰ ਲੈ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਾਮਿਆਂ ਅਤੇ ਬੀਬੀਆਂ ‘ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਵਹਿਸ਼ੀਆਨਾ ਅਤੇ ਅੰਨ੍ਹੇਵਾਹ ਲਾਠੀਚਾਰਜ ਦੀ ਬੇਗਮਪੁਰਾ ਟਾਈਗਰ ਫੋਰਸ ਨੇ ਗੰਭੀਰ ਨੋਟਿਸ ਲੈਂਦਿਆਂ ਅਤਿ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਫੋਰਸ ਦੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ, ਦੁਆਬਾ ਪ੍ਰਧਾਨ ਨੇਕੂ ਅਜਨੋਹਾ, ਅਤੇ ਜ਼ਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਸਾਂਝੇ ਤੌਰ ਤੇ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਅਤੇ ਪੁਲਿਸ ਦੀ ਇਸ ਗੁੰਡਾਗਰਦੀ ਅਤੇ ਧੱਕੇਸ਼ਾਹੀ ਦੀ ਜੰਮ ਕੇ ਫੱਟੀ ਪੋਚੀ।
ਆਗੂਆਂ ਨੇ ਪੁਲਿਸ ਪ੍ਰਸ਼ਾਸਨ ‘ਤੇ ਵਰ੍ਹਦਿਆਂ ਕਿਹਾ ਕਿ ਹੱਕ ਮੰਗ ਰਹੇ ਮਿਹਨਤਕਸ਼ ਕਾਮਿਆਂ ‘ਤੇ ਡੀ.ਐੱਸ.ਪੀ. ਸਤਵੀਰ ਸਿੰਘ ਬੈਂਸ ਅਤੇ ਐੱਸ.ਐੱਚ.ਓ. ਲਖਵਿੰਦਰ ਸਿੰਘ ਵੱਲੋਂ ਢਾਹਿਆ ਗਿਆ ਜ਼ੁਲਮ ਮਨੁੱਖੀ ਅਧਿਕਾਰਾਂ ਦਾ ਸ਼ਰੇਆਮ ਘਾਣ ਅਤੇ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਦੇ ਬਰਾਬਰ ਹੈ। ਪੁਲਿਸ ਨੇ ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਨਿਹੱਥੀਆਂ ਔਰਤਾਂ ਅਤੇ ਮਰਦਾਂ ‘ਤੇ ਤਸ਼ੱਦਦ ਢਾਹਿਆ, ਜਿਸ ਨਾਲ 18 ਦੇ ਕਰੀਬ ਕਾਮੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਕਈ ਕਾਮਿਆਂ ਦੇ ਸਿਰ ਫਾੜ ਦਿੱਤੇ ਗਏ ਹਨ ਅਤੇ ਸਰੀਰ ‘ਤੇ ਡੂੰਘੀਆਂ ਸੱਟਾਂ ਮਾਰੀਆਂ ਗਈਆਂ ਹਨ। 12 ਦੇ ਕਰੀਬ ਪੀੜਤਾਂ ਵੱਲੋਂ ਹਸਪਤਾਲ ਵਿੱਚ ਐੱਮ.ਐੱਲ.ਆਰ. (MLR) ਕਟਵਾਈ ਜਾ ਚੁੱਕੀ ਹੈ, ਪਰ ਇਸ ਬੇਰਹਿਮ ਪੁਲਿਸ ਪ੍ਰਸ਼ਾਸਨ ਨੇ ਹੁਣ ਤੱਕ ਜ਼ਖ਼ਮੀਆਂ ਦੀ ਸਾਰ ਤੱਕ ਨਹੀਂ ਲਈ, ਜੋ ਕਿ ਅਤਿ ਸ਼ਰਮਨਾਕ ਹੈ।
ਇਹ ਲੜਾਈ ਹੁਣ ਸਿਰਫ਼ ਸਫ਼ਾਈ ਕਾਮਿਆਂ ਦੀ ਨਹੀਂ ਰਹੀ, ਬਲਕਿ ਪੂਰੇ ਇਨਸਾਫ਼ ਪਸੰਦ ਸਮਾਜ ਦੀ ਬਣ ਚੁੱਕੀ ਹੈ
ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ‘ਬਦਲਾਅ’ ਦੇ ਨਾਂ ‘ਤੇ ਤਾਨਾਸ਼ਾਹੀ ਅਤੇ ਜਬਰ ਚਲਾਉਣ ਲਈ ਤਿੱਖੇ ਆੜੇ ਹੱਥੀਂ ਲੈਂਦਿਆਂ ਆਖਿਆ ਕਿ ਹੱਕ ਮੰਗਦੇ ਅਨੁਸੂਚਿਤ ਜਾਤੀਆਂ ਅਤੇ ਗਰੀਬ ਵਰਗ ਦੇ ਲੋਕਾਂ ਦੇ ਸਿਰ ਪਾੜ ਕੇ ਸਰਕਾਰ ਨੇ ਆਪਣਾ ਅਸਲ ਦਲਿਤ-ਵਿਰੋਧੀ ਅਤੇ ਮਜ਼ਦੂਰ-ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ। ਆਗੂਆਂ ਨੇ ਸਪੱਸ਼ਟ ਕੀਤਾ ਕਿ ਇਹ ਲੜਾਈ ਹੁਣ ਸਿਰਫ਼ ਸਫ਼ਾਈ ਕਾਮਿਆਂ ਦੀ ਨਹੀਂ ਰਹੀ, ਬਲਕਿ ਪੂਰੇ ਇਨਸਾਫ਼ ਪਸੰਦ ਸਮਾਜ ਦੀ ਬਣ ਚੁੱਕੀ ਹੈ ਅਤੇ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ।
ਉਨ੍ਹਾਂ ਮੰਗ ਕੀਤੀ ਕਿ ਡੀ.ਐੱਸ.ਪੀ., ਐੱਸ.ਐੱਚ.ਓ. ਅਤੇ ਹੋਰ ਦੋਸ਼ੀ ਪੁਲਿਸ ਕਰਮਚਾਰੀਆਂ ਖ਼ਿਲਾਫ਼ ਤੁਰੰਤ ਐੱਸ.ਸੀ./ਐੱਸ.ਟੀ. ਐਕਟ (SC Act) ਦੇ ਨਾਲ-ਨਾਲ ਕਟਵਾਈ ਗਈ ਐੱਮ.ਐੱਲ.ਆਰ. ਵਿੱਚ ਆਈਆਂ ਗੰਭੀਰ ਸੱਟਾਂ ਦੇ ਅਧਾਰ ‘ਤੇ ਬਣਦੀਆਂ ਹੋਰ ਸਖ਼ਤ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਵੇ। ਇਸ ਦੇ ਨਾਲ ਹੀ ਐੱਸ.ਸੀ. ਕਮਿਸ਼ਨ, ਮਨੁੱਖੀ ਅਧਿਕਾਰ ਕਮਿਸ਼ਨ ਅਤੇ ਸਫ਼ਾਈ ਕਰਮਚਾਰੀ ਕਮਿਸ਼ਨ ਨੂੰ ਇਸ ਖ਼ੂਨੀ ਘਟਨਾ ਦਾ ਤੁਰੰਤ ਖ਼ੁਦ ਨੋਟਿਸ (Suo Moto) ਲੈ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਆਗੂਆਂ ਚੇਤਾਵਨੀ ਦਿੱਤੀ ਕਿ ਜੇਕਰ ਦੋਸ਼ੀ ਪੁਲਿਸ ਮੁਲਾਜ਼ਮਾਂ ‘ਤੇ ਤੁਰੰਤ ਪਰਚਾ ਦਰਜ ਨਾ ਕੀਤਾ ਗਿਆ, ਤਾਂ ਬੇਗਮਪੁਰਾ ਟਾਈਗਰ ਫੋਰਸ ਸਾਰੀਆਂ ਇਨਸਾਫ਼ ਪਸੰਦ ਜਥੇਬੰਦੀਆਂ ਨੂੰ ਨਾਲ ਲੈ ਕੇ ਪੂਰੇ ਪੰਜਾਬ ਵਿੱਚ ਤਿੱਖਾ ਅੰਦੋਲਨ ਵਿੱਢੇਗੀ, ਜਿਸ ਤੋਂ ਨਿਕਲਣ ਵਾਲੇ ਸਾਰੇ ਗੰਭੀਰ ਨਤੀਜਿਆਂ ਲਈ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਣਗੇ।

