ਵੋਟ ਪਾਉਣ ਜਾਂ ਨਾ ਪਾਉਣ ਵਾਲੇ ਭੇਦਭਾਵ ਤੋਂ ਉੱਪਰ ਉੱਠ ਕੇ, ਦਿਨ-ਰਾਤ ਕਰਾਂਗਾ ਵਾਰਡ ਵਾਸੀਆਂ ਦੀ ਸੇਵਾ
ਹੋਸ਼ਿਆਰਪੁਰ, 12 ਜੁਲਾਈ (ਤਰਸੇਮ ਦੀਵਾਨਾ ) – ਵਾਰਡ ਨੰਬਰ 26 ਤੋਂ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਨਵ-ਨਿਯੁਕਤ ਕੌਂਸਲਰ ਅਜੇ ਕੁਮਾਰ ਚੌਹਾਨ ਨੇ ਚੋਣਾਂ ਜਿੱਤਣ ਤੋਂ ਬਾਅਦ ਪਹਿਲੀ ਵਾਰ ਪੱਤਰਕਾਰਾਂ ਨਾਲ ਰਸਮੀ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵਾਰਡ ਦੇ ਸਮੂਹ ਵੋਟਰਾਂ ਅਤੇ ਸਪੋਰਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਵਾਰਡ ਵਾਸੀਆਂ ਨੇ ਉਨ੍ਹਾਂ ਨੂੰ ਜੋ ਅਥਾਹ ਪਿਆਰ ਅਤੇ ਮਾਣ-ਤਾਣ ਬਖਸ਼ਿਆ ਹੈ, ਉਹ ਉਸ ਲਈ ਹਮੇਸ਼ਾ ਰਿਣੀ ਰਹਿਣਗੇ। ਬਹੁਤ ਹੀ ਨਿਮਰਤਾ ਨਾਲ ਕੌਂਸਲਰ ਅਜੇ ਕੁਮਾਰ ਚੌਹਾਨ ਨੇ ਕਿਹਾ, “ਚੋਣਾਂ ਹੁਣ ਖ਼ਤਮ ਹੋ ਚੁੱਕੀਆਂ ਹਨ। ਵਾਰਡ ਵਿੱਚੋਂ ਕਿਸੇ ਵਿਅਕਤੀ ਨੇ ਚਾਹੇ ਮੈਨੂੰ ਵੋਟ ਪਾਈ ਹੈ ਜਾਂ ਨਹੀਂ ਪਾਈ, ਮੈਂ ਇਸ ਚੀਜ਼ ਨੂੰ ਇੱਕ ਪਾਸੇ ਰੱਖ ਕੇ ਸਾਰੇ ਲੋਕਾਂ ਨੂੰ ਇੱਕ ਸਮਾਨ ਦੇਖਾਂਗਾ। ਮੇਰੇ ਲਈ ਪੂਰਾ ਵਾਰਡ ਬਰਾਬਰ ਹੈ ਅਤੇ ਮੈਂ ਬਿਨਾਂ ਕਿਸੇ ਪੱਖਪਾਤ ਦੇ ਸਾਰੇ ਲੋਕਾਂ ਦੀ ਸੇਵਾ ਲਈ ਦਿਨ-ਰਾਤ ਹਾਜ਼ਰ ਰਹਾਂਗਾ।”
ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਵੱਲੋਂ ਵਾਰਡ ਦੇ ਕਿਸੇ ਵੀ ਨਿਵਾਸੀ ਨੂੰ ਕਿਸੇ ਵੀ ਕਿਸਮ ਦੀ ਕੋਈ ਤੰਗੀ-ਤਕਲੀਫ਼ ਨਹੀਂ ਆਉਣ ਦੇਣਗੇ ਅਤੇ ਵਾਰਡ ਵਿੱਚ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ‘ਤੇ ਕਰਵਾਇਆ ਜਾਵੇਗਾ। ’ਮੇਰਾ ਵਾਰਡ, ਮੇਰਾ ਪਰਿਵਾਰ’ ਦੇ ਨਾਅਰੇ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਵਾਰਡ ਨੰਬਰ 26 ਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਹੀ ਦੇਖਣਗੇ ਅਤੇ ਸਭ ਨੂੰ ਪਰਿਵਾਰ ਵਾਂਗ ਹੀ ਰੱਖਣਗੇ। ਉਨ੍ਹਾਂ ਅੱਗੇ ਕਿਹਾ, “ਵਾਰਡ ਦੇ ਕਿਸੇ ਵੀ ਵਿਅਕਤੀ ਨੂੰ ਜੇਕਰ ਕਦੇ ਵੀ ਮੇਰੀ ਜ਼ਰੂਰਤ ਪੈਂਦੀ ਹੈ, ਤਾਂ ਉਹ ਮੈਨੂੰ ਸਿੱਧਾ ਫ਼ੋਨ ‘ਤੇ ਸੰਪਰਕ ਕਰ ਸਕਦਾ ਹੈ।” ਚੌਹਾਨ ਨੇ ਭਰੋਸਾ ਦਿੱਤਾ ਕਿ ਜਿਸ ਉਮੀਦ ਅਤੇ ਵਿਸ਼ਵਾਸ ਨਾਲ ਵਾਰਡ ਦੇ ਲੋਕਾਂ ਨੇ ਉਨ੍ਹਾਂ ਨੂੰ ਜਿਤਾਇਆ ਹੈ, ਉਹ ਉਸ ਉਮੀਦ ‘ਤੇ ਹਮੇਸ਼ਾ ਖ਼ਰੇ ਉਤਰਨਗੇ।

