Breaking
Mon. Jul 13th, 2026

ਜਨਗਣਨਾ ‘ਚ ‘ਆਦਿ ਧਰਮ’ ਦੇ ਖਾਨੇ ਨੂੰ ਮੁੜ ਬਹਾਲ ਕਰਨਾ ਸਮੇਂ ਦੀ ਮੁੱਖ ਲੋੜ : ਸੰਤ ਕੁਲਵੰਤ ਰਾਮ

ਆਦਿ ਧਰਮ

ਹੁਸ਼ਿਆਰਪੁਰ / ਭਰੋਮਜਾਰਾ, 12 ਜੁਲਾਈ (ਤਰਸੇਮ ਦੀਵਾਨਾ ) – ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਅਤੇ ਸਿੱਖਿਆਵਾਂ ਪੂਰੀ ਮਨੁੱਖਤਾ ਨੂੰ ਬਰਾਬਰੀ, ਆਪਸੀ ਭਾਈਚਾਰੇ ਅਤੇ ਸਮਾਜਿਕ ਨਿਆਂ ਦਾ ਸਰਵ-ਸਾਂਝਾ ਸੰਦੇਸ਼ ਦਿੰਦੀਆਂ ਹਨ। ਇਸੇ ਮਹਾਨ ਵਿਚਾਰਧਾਰਾ ‘ਤੇ ਪਹਿਰਾ ਦਿੰਦਿਆਂ ਇਤਿਹਾਸਕ ‘ਆਦਿ ਧਰਮ ਲਹਿਰ’ ਨੇ ਦੱਬੇ-ਕੁਚਲੇ ਸਮਾਜ ਨੂੰ ਆਪਣੀ ਵੱਖਰੀ ਪਛਾਣ ਅਤੇ ਸਵੈ-ਮਾਣ ਨਾਲ ਜੀਵਨ ਬਤੀਤ ਕਰਨ ਦਾ ਰਾਹ ਦਿਖਾਇਆ ਸੀ। ਇਹ ਪ੍ਰਗਟਾਵਾ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ.ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸੰਤ ਕੁਲਵੰਤ ਰਾਮ ਨੇ ਇਤਿਹਾਸ ਦੇ ਪੰਨੇ ਫਰੋਲਦਿਆਂ ਦੱਸਿਆ ਕਿ ਗਦਰ ਲਹਿਰ ਦੇ ਮਹਾਨ ਆਗੂ ਬਾਬੂ ਮੰਗੂ ਰਾਮ ਮੁੱਗੋਵਾਲ ਜੀ ਵੱਲੋਂ ਕੀਤੇ ਗਏ ਲੰਮੇ ਅਤੇ ਅਣਥੱਕ ਸੰਘਰਸ਼ ਸਦਕਾ ਸਾਲ 1931 ਦੀ ਜਨਗਣਨਾ ਵਿੱਚ ‘ਆਦਿ ਧਰਮ’ ਲਈ ਵੱਖਰਾ ਖਾਨਾ (column) ਬਹਾਲ ਹੋਇਆ ਸੀ।

ਉਸ ਸਮੇਂ ਲੱਖਾਂ ਲੋਕਾਂ ਨੇ ਆਪਣੀ ਪਛਾਣ ਆਦਿ ਧਰਮੀ ਵਜੋਂ ਦਰਜ ਕਰਵਾਈ ਸੀ। ਉਹਨਾਂ ਕਿਹਾ ਕਿ ਆਪਣੀ ਪਛਾਣ ਦੀ ਰੱਖਿਆ ਕਰਨਾ ਹਰ ਸਮਾਜ ਦਾ ਮੂਲ ਅਧਿਕਾਰ ਹੈ। ਆਦਿ ਧਰਮ ਸਿਰਫ ਇੱਕ ਨਾਮ ਨਹੀਂ, ਸਗੋਂ ਸਮਾਨਤਾ, ਸਤਿਕਾਰ ਅਤੇ ਮਨੁੱਖੀ ਅਧਿਕਾਰਾਂ ਦੀ ਇੱਕ ਮਹਾਨ ਵਿਚਾਰਧਾਰਾ ਹੈ। ਉਨ੍ਹਾਂ ਦੁਖ ਪ੍ਰਗਟ ਕਰਦਿਆਂ ਕਿਹਾ ਕਿ ਸਮੇਂ ਦੀਆਂ ਹਕੂਮਤਾਂ ਦੀਆਂ ਗਲਤ ਨੀਤੀਆਂ ਕਾਰਨ ਬਾਅਦ ਵਿੱਚ ਇਸ ਖਾਨੇ ਨੂੰ ਹਟਾ ਦਿੱਤਾ ਗਿਆ, ਜਿਸ ਨਾਲ ਆਦਿ ਧਰਮ ਨਾਲ ਜੁੜੇ ਕਰੋੜਾਂ ਲੋਕਾਂ ਦੀ ਇਤਿਹਾਸਕ ਅਤੇ ਧਾਰਮਿਕ ਪਛਾਣ ਨੂੰ ਇੱਕ ਵੱਡੀ ਸੱਟ ਵੱਜੀ।

ਆਉਣ ਵਾਲੀ ਜਨਗਣਨਾ ਵਿੱਚ 1931 ਵਾਲਾ ਆਦਿ ਧਰਮ ਦਾ ਖਾਨਾ ਮੁੜ ਬਹਾਲ ਕੀਤਾ ਜਾਵੇ

ਉਨ੍ਹਾਂ ਕਿਹਾ ਕਿ ਅੱਜ ਸਿਰਫ਼ ਪੰਜਾਬ ਜਾਂ ਭਾਰਤ ਵਿੱਚ ਹੀ ਨਹੀਂ, ਸਗੋਂ ਪੂਰੀ ਦੁਨੀਆ (ਦੇਸ਼ਾਂ-ਵਿਦੇਸ਼ਾਂ) ਵਿੱਚ ਵੱਸਦੀਆਂ ਸੰਗਤਾਂ ਵੱਲੋਂ ਇਹ ਮੰਗ ਬੜੇ ਜ਼ੋਰ-ਸ਼ੋਰ ਨਾਲ ਉੱਠ ਰਹੀ ਹੈ ਕਿ ਆਉਣ ਵਾਲੀ ਜਨਗਣਨਾ ਵਿੱਚ 1931 ਵਾਲਾ ਆਦਿ ਧਰਮ ਦਾ ਖਾਨਾ ਮੁੜ ਬਹਾਲ ਕੀਤਾ ਜਾਵੇ।

ਇਸ ਨਾਲ ਸਮਾਜ ਦੇ ਲੋਕ ਸਰਕਾਰੀ ਦਸਤਾਵੇਜ਼ਾਂ ਵਿੱਚ ਆਪਣੀ ਅਸਲ ਅਤੇ ਇਤਿਹਾਸਕ ਪਛਾਣ ਦਰਜ ਕਰਵਾ ਸਕਣਗੇ। ਸੰਤ ਭਰੋਮਜਾਰਾ ਨੇ ਸਮੂਹ ਸੰਗਤਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਆਪਣੇ ਗੌਰਵਮਈ ਇਤਿਹਾਸ, ਅਮੀਰ ਵਿਰਸੇ ਅਤੇ ਮਹਾਨ ਸੰਤ ਪਰੰਪਰਾ ਨਾਲ ਮਜ਼ਬੂਤੀ ਨਾਲ ਜੁੜੇ ਰਹਿਣ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਦਿ ਧਰਮ ਦੇ ਇਤਿਹਾਸ ਅਤੇ ਇਸ ਦੀ ਮਹੱਤਤਾ ਬਾਰੇ ਵਿਸ਼ੇਸ਼ ਤੌਰ ‘ਤੇ ਜਾਣੂ ਕਰਵਾਉਣ ਤਾਂ ਜੋ ਉਹ ਆਪਣੇ ਮੂਲ ਨੂੰ ਨਾ ਭੁੱਲਣ। ਇਸ ਮੁਹਿੰਮ ਨੂੰ ਹੋਰ ਪ੍ਰਚੰਡ ਕਰਨ ਅਤੇ ਅਗਲੀ ਰਣਨੀਤੀ ਉਲੀਕਣ ਲਈ ਉਨ੍ਹਾਂ ਐਲਾਨ ਕੀਤਾ ਕਿ ਛੇਤੀ ਹੀ ‘ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ.) ਪੰਜਾਬ’ ਵੱਲੋਂ ਸਮੂਹ ਸਾਧੂ-ਸੰਤਾਂ ਅਤੇ ਪਤਵੰਤੇ ਸੱਜਣਾਂ ਦੀ ਇੱਕ ਵਿਸ਼ਾਲ ਇਕੱਤਰਤਾ ਸੱਦੀ ਜਾਵੇਗੀ, ਜਿਸ ਵਿੱਚ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਅਹਿਮ ਫੈਸਲੇ ਲਏ ਜਾਣਗੇ।

By admin

Related Post