Breaking
Sat. Jul 11th, 2026

ਜਨਗਣਨਾ ਵਿੱਚ ‘ਆਦਿ ਧਰਮ’ ਦੇ ਖਾਨੇ ਦੀ ਬਹਾਲੀ ਲਈ ਸਮੁੱਚੇ ਸੰਤ ਸਮਾਜ ਨੂੰ ਇੱਕਜੁੱਟ ਹੋਣ ਦਾ ਸੱਦਾ : ਸੰਤ ਸਤਵਿੰਦਰ ਹੀਰਾ

ਆਦਿ ਧਰਮ

ਹੁਸ਼ਿਆਰਪੁਰ, 11 ਜੁਲਾਈ (ਤਰਸੇਮ ਦੀਵਾਨਾ ) – ਭਾਰਤ ਦੀਆਂ ਸਦੀਆਂ ਤੋਂ ਦੱਬੀਆਂ-ਕੁਚਲੀਆਂ ਅਤੇ ਲਿਤਾੜੀਆਂ ਜਮਾਤਾਂ ਦੇ ਸੰਵਿਧਾਨਕ ਹੱਕਾਂ ਤੇ ਸਵੈ-ਮਾਣ ਦੀ ਰੱਖਿਆ ਲਈ ਆਦਿ ਧਰਮ ਦੇ ਮਹਾਨ ਰਹਿਬਰਾਂ ਬਾਬੂ ਮੰਗੂ ਰਾਮ ਮੁਗੋਵਾਲੀਆ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਅਤੇ ਬਾਬੂ ਕਾਂਸ਼ੀ ਰਾਮ ਨੇ ਇੱਕ ਲੰਮਾ ਤੇ ਇਤਿਹਾਸਕ ਸੰਘਰਸ਼ ਲੜਿਆ ਹੈ। ਇਹਨਾਂ ਮਹਾਨ ਰਹਿਬਰਾਂ ਦੀ ਬਦੌਲਤ ਹੀ ਸਾਨੂੰ ਬਰਾਬਰਤਾ ਦਾ ਜੀਵਨ ਜਿਉਣ ਦਾ ਅਧਿਕਾਰ ਮਿਲਿਆ ਅਤੇ ਸਾਡੀ ਗੌਰਵਮਈ ਪਹਿਚਾਣ ਵਜੋਂ ‘ਆਦਿ ਧਰਮ’ ਸਥਾਪਿਤ ਹੋਇਆ। ਸਾਲ 1931 ਦੀ ਮਰਦਮ ਸ਼ੁਮਾਰੀ (ਜਨਗਣਨਾ) ਦੌਰਾਨ ਇਹ ਖਾਨਾ ਸਰਕਾਰੀ ਤੌਰ ‘ਤੇ ਮੌਜੂਦ ਸੀ, ਜਿਸ ਵਿੱਚ ਲੱਖਾਂ ਲੋਕਾਂ ਨੇ ਆਪਣਾ ਧਰਮ ‘ਆਦਿ ਧਰਮ’ ਦਰਜ ਕਰਵਾਇਆ ਸੀ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਸਮੇਂ ਦੀਆਂ ਹਾਕਮ ਸਰਕਾਰਾਂ ਦੀ ਬਦਨੀਤੀ ਅਤੇ ਸਾਜ਼ਿਸ਼ਾਂ ਕਾਰਨ ਇਸ ਇਤਿਹਾਸਕ ਖਾਨੇ ਨੂੰ ਸਰਕਾਰੀ ਦਸਤਾਵੇਜ਼ਾਂ ਵਿੱਚੋਂ ਹਟਾ ਦਿੱਤਾ ਗਿਆ।

‘ਬੇਗਮਪੁਰਾ’ ਦੇ ਸਾਂਝੇ ਪਲੇਟਫਾਰਮ ‘ਤੇ ਇਕੱਠੇ ਹੋ ਕੇ ਇਸ ਮੁਹਿੰਮ ਨੂੰ ਅੱਗੇ ਵਧਾਈਏ

​ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਸਮੂਹ ਸੰਤ ਸਮਾਜ, ਧਾਰਮਿਕ, ਸਮਾਜਿਕ ਅਤੇ ਪੜ੍ਹੇ-ਲਿਖੇ ਬੁੱਧੀਜੀਵੀ ਵਰਗ ਨੂੰ ਅਪੀਲ ਕੀਤੀ ਕਿ ਸਾਨੂੰ ਆਪਣੀ ਹੋਂਦ ਨੂੰ ਬਚਾਉਣ ਅਤੇ ਜਨਗਣਨਾ ਵਿੱਚ ਆਦਿ ਧਰਮ ਦਾ ਖਾਨਾ ਮੁੜ ਸਥਾਪਿਤ ਕਰਵਾਉਣ ਲਈ ਇੱਕ ਵੱਡੇ ਅਤੇ ਸਾਂਝੇ ਸੰਘਰਸ਼ ਦਾ ਬਿਗਲ ਵਜਾਉਣਾ ਚਾਹੀਦਾ ਹੈ, ਜਿਸ ਦੀ ਅਗਵਾਈ ਪੰਜਾਬ ਦੇ ਸਤਿਕਾਰਯੋਗ ਸੰਤ ਸਮਾਜ ਨੂੰ ਅੱਗੇ ਹੋ ਕੇ ਕਰਨੀ ਪਵੇਗੀ। ਉਨ੍ਹਾਂ ਸਮੂਹ ਸੰਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਆਓ, ਆਪਸੀ ਵਿਚਾਰਾਂ ਦੇ ਸਭ ਮੱਤਭੇਦ ਭੁਲਾ ਕੇ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕ੍ਰਾਂਤੀਕਾਰੀ ਬਾਣੀ ਦੁਆਰਾ ਦਰਸਾਏ ਏਕਤਾ, ਆਪਸੀ ਭਾਈਚਾਰੇ ਅਤੇ ਬਰਾਬਰਤਾ ਦੇ ਸੰਦੇਸ਼ ਨੂੰ ਮੰਜ਼ਿਲ ਤੱਕ ਪਹੁੰਚਾਈਏ ਅਤੇ ‘ਬੇਗਮਪੁਰਾ’ ਦੇ ਸਾਂਝੇ ਪਲੇਟਫਾਰਮ ‘ਤੇ ਇਕੱਠੇ ਹੋ ਕੇ ਇਸ ਮੁਹਿੰਮ ਨੂੰ ਅੱਗੇ ਵਧਾਈਏ।

​ਸੰਤ ਸਤਵਿੰਦਰ ਹੀਰਾ ਨੇ ਵਿਸ਼ੇਸ਼ ਤੌਰ ‘ਤੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀਆਂ (ਰਜਿ.) ਪੰਜਾਬ ਦੇ ਸਮੂਹ ਐਗਜੈਕਟਿਵ ਮੈਂਬਰਾਂ, ਵੱਖ-ਵੱਖ ਡੇਰਿਆਂ ਦੇ ਮਹਾਂਪੁਰਸ਼ਾਂ ਅਤੇ ਸਮਾਜ ਦੇ ਸੂਝਵਾਨ ਆਗੂਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਬਾਦ ਕੀਤਾ। ਉਨ੍ਹਾਂ ਕਿਹਾ ਕਿ ਆਦਿ ਧਰਮ ਮਿਸ਼ਨ ਇਨ੍ਹਾਂ ਸਾਰੇ ਮਹਾਂਪੁਰਸ਼ਾਂ ਦਾ ਸਦਾ ਰਿਣੀ ਰਹੇਗਾ, ਜਿਨ੍ਹਾਂ ਨੇ ਰਹਿਬਰਾਂ ਵੱਲੋਂ ਚਲਾਏ ਆਦਿ ਧਰਮ ਦੀ ਹੋਂਦ ਨੂੰ ਕਾਇਮ ਰੱਖਣ ਲਈ ਇਸ ਦੇ ਨਾਅਰੇ ਨੂੰ ਬੁਲੰਦ ਕੀਤਾ ਹੈ ਅਤੇ ਸੰਗਤਾਂ ਨੂੰ ਜਨਗਣਨਾ ਵਿੱਚ ਆਪਣਾ ਧਰਮ “ਆਦਿ ਧਰਮ” ਲਿਖਵਾਉਣ ਲਈ ਪ੍ਰੇਰਿਤ ਕਰਕੇ ਇੱਕ ਬਹੁਤ ਹੀ ਸ਼ਲਾਘਾਯੋਗ ਸੰਦੇਸ਼ ਜਾਰੀ ਕੀਤਾ ਹੈ।

By admin

Related Post