ਰਹਿ ਗਏ ਸਾਰੇ ਬੱਚਿਆਂ ਨੂੰ ਕੱਲ੍ਹ ਵਿਸ਼ੇਸ਼ ਫਾਲੋ-ਅੱਪ ਮੁਹਿੰਮ ਤਹਿਤ ਪਿਲਾਈਆਂ ਜਾਣਗੀਆਂ ਪੋਲਿਓ ਦੀਆਂ ਬੂੰਦਾਂ
ਹੁਸ਼ਿਆਰਪੁਰ, 30 ਜੂਨ (ਤਰਸੇਮ ਦੀਵਾਨਾ ) – ਸਿਹਤ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 28 ਤੋਂ 30 ਜੂਨ ਤੱਕ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਚਲਾਈ ਗਈ ਰਾਸ਼ਟਰੀ ਪਲਸ ਪੋਲਿਓ ਮੁਹਿੰਮ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਬੂਥਾਂ ਅਤੇ ਘਰ-ਘਰ ਜਾ ਕੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਲਾਈਆਂ ਗਈਆਂ। ਮੁਹਿੰਮ ਦੌਰਾਨ ਜ਼ਿਲ੍ਹੇ ਨੇ ਆਪਣੇ ਨਿਰਧਾਰਿਤ ਟੀਚੇ ਦਾ 98.83 ਫ਼ੀਸਦੀ ਹਾਸਲ ਕਰ ਲਿਆ ਹੈ। ਇਹ ਜਾਣਕਾਰੀ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਨੇ ਦਿੱਤੀ।
ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਦੱਸਿਆ ਕਿ ਪਹਿਲੇ ਦਿਨ ਜ਼ਿਲ੍ਹੇ ਭਰ ਦੇ ਪੋਲਿਓ ਬੂਥਾਂ ‘ਤੇ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਲਾਈਆਂ ਗਈਆਂ, ਜਦਕਿ ਦੂਜੇ ਅਤੇ ਤੀਜੇ ਦਿਨ ਸਿਹਤ ਵਿਭਾਗ ਦੀਆਂ ਟੀਮਾਂ ਨੇ ਘਰ-ਘਰ ਜਾ ਕੇ ਬੱਚਿਆਂ ਨੂੰ ਕਵਰ ਕੀਤਾ। ਟੀਮਾਂ ਵੱਲੋਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਨਾਲ-ਨਾਲ ਸਲੱਮ ਇਲਾਕਿਆਂ, ਪ੍ਰਵਾਸੀ ਮਜ਼ਦੂਰਾਂ ਦੀਆਂ ਬਸਤੀਆਂ, ਇੱਟਾਂ ਦੇ ਭੱਠਿਆਂ, ਨਿਰਮਾਣ ਸਥਾਨਾਂ ਅਤੇ ਹੋਰ ਸੰਵੇਦਨਸ਼ੀਲ ਖੇਤਰਾਂ ਵਿੱਚ ਵੀ ਵਿਸ਼ੇਸ਼ ਤੌਰ ‘ਤੇ ਪਹੁੰਚ ਬਣਾਈ ਗਈ ਤਾਂ ਜੋ ਕੋਈ ਵੀ ਬੱਚਾ ਪੋਲਿਓ ਦੀਆਂ ਬੂੰਦਾਂ ਤੋਂ ਵਾਂਝਾ ਨਾ ਰਹਿ ਜਾਵੇ।
ਉਨ੍ਹਾਂ ਦੱਸਿਆ ਕਿ ਮੁਹਿੰਮ ਦੌਰਾਨ ਜ਼ਿਲ੍ਹੇ ਵਿੱਚ 259 ‘ਐਕਸ’ ਹਾਊਸ ਦਰਜ ਕੀਤੇ ਗਏ ਹਨ। ਇਹ ਉਹ ਘਰ ਹਨ ਜਿੱਥੇ ਟੀਮਾਂ ਦੇ ਦੌਰੇ ਸਮੇਂ ਪਰਿਵਾਰ ਘਰ ਵਿੱਚ ਮੌਜੂਦ ਨਹੀਂ ਸੀ ਜਾਂ ਘਰ ਬੰਦ ਮਿਲੇ। ਅਜਿਹੇ ਸਾਰੇ ਘਰਾਂ ਦੀ ਵੱਖਰੀ ਸੂਚੀ ਤਿਆਰ ਕਰ ਲਈ ਗਈ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 1 ਜੁਲਾਈ ਨੂੰ ਵਿਸ਼ੇਸ਼ ਫਾਲੋ-ਅੱਪ ਮੁਹਿੰਮ ਚਲਾ ਕੇ ਇਨ੍ਹਾਂ ਸਾਰੇ ਘਰਾਂ ਵਿੱਚ ਦੁਬਾਰਾ ਪਹੁੰਚ ਕੀਤੀ ਜਾਵੇਗੀ, ਤਾਂ ਜੋ ਉੱਥੇ ਰਹਿੰਦੇ ਪੰਜ ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨੂੰ ਪੋਲਿਓ ਦੀਆਂ ਬੂੰਦਾਂ ਪਿਲਾਉਣ ਤੋਂ ਵਾਂਝਾ ਨਾ ਰਹਿਣ ਦਿੱਤਾ ਜਾਵੇ।
ਬੱਚਿਆਂ ਨੂੰ ਕਵਰ ਕਰਨ ਲਈ ਵਿਭਾਗ ਵੱਲੋਂ ਸੁਚੱਜੀ ਯੋਜਨਾਬੰਦੀ ਕੀਤੀ ਗਈ ਹੈ
ਡਾ. ਮਨਦੀਪ ਕਮਲ ਨੇ ਕਿਹਾ ਕਿ ਪੋਲਿਓ ਮੁਕਤ ਭਾਰਤ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਹਰ ਯੋਗ ਬੱਚੇ ਨੂੰ ਹਰ ਰਾਸ਼ਟਰੀ ਪਲਸ ਪੋਲਿਓ ਰਾਊਂਡ ਦੌਰਾਨ ਪੋਲਿਓ ਦੀਆਂ ਦੋ ਬੂੰਦਾਂ ਪਿਲਾਉਣਾ ਬਹੁਤ ਜ਼ਰੂਰੀ ਹੈ। ਇਸ ਲਈ ਰਹਿ ਗਏ ਬੱਚਿਆਂ ਨੂੰ ਕਵਰ ਕਰਨ ਲਈ ਵਿਭਾਗ ਵੱਲੋਂ ਸੁਚੱਜੀ ਯੋਜਨਾਬੰਦੀ ਕੀਤੀ ਗਈ ਹੈ ਅਤੇ ਕਿਸੇ ਵੀ ਬੱਚੇ ਨੂੰ ਛੱਡਿਆ ਨਹੀਂ ਜਾਵੇਗਾ।
ਉਨ੍ਹਾਂ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ, ਮੈਡੀਕਲ ਅਫ਼ਸਰਾਂ, ਜ਼ਿਲ੍ਹਾ ਅਤੇ ਬਲਾਕ ਪੱਧਰੀ ਅਧਿਕਾਰੀਆਂ, ਸੁਪਰਵਾਈਜ਼ਰਾਂ, ਏ.ਐੱਨ.ਐੱਮ., ਮਲਟੀਪਰਪਜ਼ ਹੈਲਥ ਵਰਕਰਾਂ, ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ ਅਤੇ ਮੁਹਿੰਮ ਨਾਲ ਜੁੜੇ ਸਮੂਹ ਕਰਮਚਾਰੀਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਟੀਮ ਵਰਕ ਸਦਕਾ ਹੀ ਜ਼ਿਲ੍ਹਾ ਹੁਸ਼ਿਆਰਪੁਰ ਨੇ 98.83 ਫ਼ੀਸਦੀ ਪ੍ਰਾਪਤੀ ਦਰਜ ਕੀਤੀ ਹੈ।
ਸਿਵਲ ਸਰਜਨ ਨੇ ਜ਼ਿਲ੍ਹਾ ਵਾਸੀਆਂ, ਖ਼ਾਸ ਕਰਕੇ ਮਾਪਿਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਕਾਰਨ ਉਨ੍ਹਾਂ ਦਾ ਪੰਜ ਸਾਲ ਤੋਂ ਘੱਟ ਉਮਰ ਦਾ ਬੱਚਾ ਅਜੇ ਤੱਕ ਪੋਲਿਓ ਦੀਆਂ ਬੂੰਦਾਂ ਨਹੀਂ ਪੀ ਸਕਿਆ ਜਾਂ ਟੀਮ ਦੇ ਦੌਰੇ ਸਮੇਂ ਉਹ ਘਰ ਵਿੱਚ ਮੌਜੂਦ ਨਹੀਂ ਸਨ, ਤਾਂ 1 ਜੁਲਾਈ ਨੂੰ ਜਦੋਂ ਸਿਹਤ ਵਿਭਾਗ ਦੀਆਂ ਟੀਮਾਂ ਦੁਬਾਰਾ ਉਨ੍ਹਾਂ ਦੇ ਘਰ ਪਹੁੰਚਣ, ਉਹ ਜ਼ਰੂਰ ਸਹਿਯੋਗ ਕਰਨ ਅਤੇ ਆਪਣੇ ਬੱਚੇ ਨੂੰ ਪੋਲਿਓ ਦੀਆਂ ਦੋ ਬੂੰਦਾਂ ਪਿਲਾਉਣ।

