ਆਮ ਆਦਮੀ ਪਾਰਟੀ ‘ਤੇ ਵਰ੍ਹੇ ਮਨੀ ਫਰਵਾਹਾ ਕਿਹਾ- ‘ਲੋਕਾਂ ਦਾ ‘ਆਪ’ ਤੋਂ ਹੋਇਆ ਮੋਹ ਭੰਗ, ਪੈਸੇ ਦੇ ਲਾਲਚ ਵਿੱਚ ਨਾ ਆਉਣ ਵੋਟਰ’
ਹੁਸ਼ਿਆਰਪੁਰ, 23 ਜੂਨ (ਤਰਸੇਮ ਦੀਵਾਨਾ ) – ਵਾਰਡ ਨੰਬਰ 26 ਤੋਂ ਕਾਂਗਰਸ ਪਾਰਟੀ ਦੇ ਸੂਝਵਾਨ, ਨਿਧੜਕ ਅਤੇ ਅਗਾਂਹ ਵਧੂ ਨੌਜਵਾਨ ਉਮੀਦਵਾਰ ਮਨੀ ਫਰਵਾਹਾ ਵੱਲੋਂ ਵਾਰਡ ਵਾਸੀਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਇੱਕ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਲਿਵਾਸਾ ਹਸਪਤਾਲ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿੱਚ ਡਾਕਟਰ ਸਕਲੇਰ ਹੁਸੈਨ ਅਤੇ ਉਨ੍ਹਾਂ ਦੀ ਟੀਮ, ਜਿਸ ਵਿੱਚ ਅਮਨਦੀਪ ਕੌਰ, ਅਰਸ਼ਦੀਪ ਕੌਰ, ਦਵਿੰਦਰ ਕੁਮਾਰ ਅਤੇ ਨਮਨ ਕੁਮਾਰ ਆਦਿ ਸ਼ਾਮਲ ਸਨ, ਵੱਲੋਂ ਮਰੀਜ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੌਰਾਨ ਮਰੀਜ਼ਾਂ ਦੇ ਬੀ.ਪੀ., ਸ਼ੂਗਰ ਅਤੇ ਈ.ਸੀ.ਜੀ. (ECG) ਵਰਗੇ ਅਹਿਮ ਟੈਸਟ ਵੀ ਬਿਲਕੁਲ ਮੁਫ਼ਤ ਕੀਤੇ ਗਏ।
ਪਹਿਲਾਂ ਭਗਤ ਨਗਰ ਅਤੇ ਹੁਣ ਲਾਜਵੰਤੀ ਨਗਰ ਵਿੱਚ ਸਫਲ ਕੈਂਪ
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਉਮੀਦਵਾਰ ਮਨੀ ਫਰਵਾਹਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਵੱਲੋਂ ਭਗਤ ਨਗਰ ਵਿੱਚ ਲਿਵਾਸਾ ਹਸਪਤਾਲ ਦੀ ਟੀਮ ਦੇ ਸਹਿਯੋਗ ਨਾਲ ਇੱਕ ਸਫ਼ਲ ਕੈਂਪ ਲਗਾਇਆ ਗਿਆ ਸੀ, ਜਿੱਥੇ ਅਨੇਕਾਂ ਲੋਕਾਂ ਨੇ ਸਿਹਤ ਸਹੂਲਤਾਂ ਦਾ ਲਾਭ ਲਿਆ ਸੀ। ਉਨ੍ਹਾਂ ਕਿਹਾ, “ਮੈਂ ਆਪਣੇ ਵਾਰਡ ਨੰਬਰ 26 ਦੇ ਨਿਵਾਸੀਆਂ ਦੀ ਸੇਵਾ ਲਈ ਦਿਨ-ਰਾਤ ਤਤਪਰ ਹਾਂ ਅਤੇ ਵਾਰਡ ਵਾਸੀਆਂ ਦੀ ਹਰ ਮੁਸ਼ਕਿਲ ਨੂੰ ਹੱਲ ਕਰਨਾ ਮੇਰਾ ਮੁੱਖ ਮਕਸਦ ਹੈ।”
153 ਮਰੀਜ਼ਾਂ ਦੀ ਜਾਂਚ ਅਤੇ ਬਣਾਏ ਗਏ ਮੁਫ਼ਤ ਹੈਲਥ ਕਾਰਡ
ਲਿਵਾਸਾ ਹਸਪਤਾਲ ਦੇ ਡਾਕਟਰ ਸਕਲੇਰ ਹੁਸੈਨ ਨੇ ਦੱਸਿਆ ਕਿ ਇਸ ਵਿਸ਼ਾਲ ਕੈਂਪ ਵਿੱਚ 153 ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਦੇ ਨਾਲ ਹੀ ਲਿਵਾਸਾ ਟੀਮ ਵੱਲੋਂ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੇ ਵਿਸ਼ੇਸ਼ ਹੈਲਥ ਕਾਰਡ ਵੀ ਬਣਾਏ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹੈਲਥ ਕਾਰਡਾਂ ਰਾਹੀਂ ਮਰੀਜ਼ਾਂ ਨੂੰ ਲਿਵਾਸਾ ਹਸਪਤਾਲ ਵਿੱਚ ਇਲਾਜ ਕਰਵਾਉਣ ਸਮੇਂ ਬਹੁਤ ਵੱਡੇ ਫਾਇਦੇ ਅਤੇ ਰਿਹਾਇਤਾਂ ਮਿਲਣਗੀਆਂ। ਇਸ ਮੌਕੇ ਮਨੀ ਫਰਵਾਹਾ ਦੇ ਨਾਲ ਸਨੀ ਫਰਵਾਹਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

