-ਪੂਜਾ, ਸੁਹਾਨਾ, ਸ਼ਿਵਾਨੀ, ਸੁਰਭੀ, ਅੰਜਲੀ ਤੇ ਧਰੁਵਿਕਾ ਨੇ ਸ਼ਾਨਦਰ ਪ੍ਰਦਰਸ਼ਨ ਕਰਕੇ ਫਾਈਨਲ ਵਿੱਚ ਕੀਤਾ ਪ੍ਰਵੇਸ਼
ਹੁਸ਼ਿਆਰਪੁਰ, 18 ਜੂਨ (ਤਰਸੇਮ ਦੀਵਾਨਾ) – ਪੰਜਾਬ ਕ੍ਰਿਕਟ ਐਸੋਸੀਏਸ਼ਨ ਦੁਆਰਾ ਕਰਵਾਈ ਜਾ ਰਹੀ ਅੰਤਰ ਜ਼ਿਲ੍ਹਾ ਸੀਨੀਅਰ ਵੂਮੈਨ ਕ੍ਰਿਕਟ ਟੂਰਨਾਮੈਂਟ ਦੇ ਸੈਮੀ ਫਾਈਨਲ ਮੈਚ ਵਿੱਚ ਹੁਸ਼ਿਆਰਪੁਰ ਦੀਆਂ ਕੁੜੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਬਰਨਾਲਾ ਟੀਮ ਨੂੰ 95 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕਰਦੇ ਹੋਏ ਇਤਿਹਾਸ ਰਚ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਚ.ਡੀ.ਸੀ.ਏ. ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਬਰਨਾਲਾ ਵਿੱਚ ਖੇਡੇ ਗਏ 50-50 ਓਵਰਾਂ ਦੇ ਇਸ ਸੈਮੀ ਫਾਈਨਲ ਮੈਚ ਵਿੱਚ ਬਰਨਾਲਾ ਦੀ ਟੀਮ ਨੇ ਟਾਸ ਜਿੱਤ ਕੇ ਹੁਸ਼ਿਆਰਪੁਰ ਦੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਅਤੇ ਹੁਸ਼ਿਆਰਪੁਰ ਦੀ ਟੀਮ ਨੇ ਆਪਣੀ ਓਪਨਰ ਖਿਡਾਰੀ ਪੂਜਾ ਦੇਵੀ ਦੇ 77 ਦੌੜਾਂ, ਕਪਤਾਨ ਸੁਹਾਨਾ ਦੇ 42 ਦੌੜਾਂ, ਸ਼ਿਵਾਨੀ ਦੇ 30 ਦੌੜਾਂ ਅਤੇ ਮਨਪ੍ਰੀਤ ਓਲਖ ਦੇ ਨਾਬਾਦ 11 ਦੌੜਾਂ ਦੀ ਬਦੌਲਤ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 195 ਦੌੜਾਂ ਬਣਾਈਆਂ।
ਬਰਨਾਲਾ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਮਮਤਾ ਰਾਣੀ ਨੇ 4, ਅਮਰਜੋਤ ਕੌਰ ਨੇ 2, ਅਕਸ਼ਿਤਾ ਭਗਤ ਅਤੇ ਸੁਖਮੀਤ ਕੌਰ ਨੇ ਹੁਸ਼ਿਆਰਪੁਰ ਦੇ 1-1 ਖਿਡਾਰੀ ਨੂੰ ਆਊਟ ਕੀਤਾ। ਉਨ੍ਹਾਂ ਦੱਸਿਆ ਕਿ 50 ਓਵਰਾਂ ਵਿੱਚ ਜਿੱਤ ਲਈ 196 ਦੌੜਾਂ ਦਾ ਟੀਚਾ ਲੈ ਕੇ ਬੱਲੇਬਾਜ਼ੀ ਕਰਨ ਮੈਦਾਨ ਵਿੱਚ ਉਤਰੀ ਬਰਨਾਲਾ ਦੀ ਟੀਮ ਹੁਸ਼ਿਆਰਪੁਰ ਦੀ ਰਾਸ਼ਟਰੀ ਖਿਡਾਰੀ ਸੁਰਭੀ ਅਤੇ ਅੰਜਲੀ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਪੂਰੀ ਤਰ੍ਹਾਂ ਬਿਖਰ ਗਈ ਅਤੇ ਸਾਰੀ ਟੀਮ 24.1 ਓਵਰਾਂ ਵਿੱਚ ਸਿਰਫ਼ 100 ਦੌੜਾਂ ਬਣਾ ਕੇ ਹੀ ਆਲ ਆਊਟ ਹੋ ਗਈ। ਹੁਸ਼ਿਆਰਪੁਰ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਸੁਰਭੀ ਨੇ 28 ਦੌੜਾਂ ਦੇ ਕੇ 6 ਵਿਕਟਾਂ, ਅੰਜਲੀ ਸੀਮਰ ਨੇ 22 ਦੌੜਾਂ ਦੇ ਕੇ 2 ਵਿਕਟਾਂ ਅਤੇ ਧਰੁਵਿਕਾ ਸੇਠ ਨੇ 27 ਦੌੜਾਂ ਦੇ ਕੇ ਬਰਨਾਲਾ ਦੇ 2 ਖਿਡਾਰੀਆਂ ਨੂੰ ਆਊਟ ਕੀਤਾ।
ਸੈਮੀਫਾਈਨਲ ਮੈਚ ਵਿੱਚ ਵੱਡੀ ਜਿੱਤ ਨਾਲ ਹੁਸ਼ਿਆਰਪੁਰ ਟੀਮ ਨੇ ਇਤਿਹਾਸ ਰਚਦੇ ਹੋਏ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ
ਡਾ. ਘਈ ਨੇ ਦੱਸਿਆ ਕਿ ਇਸ ਸੈਮੀਫਾਈਨਲ ਮੈਚ ਵਿੱਚ ਵੱਡੀ ਜਿੱਤ ਨਾਲ ਹੁਸ਼ਿਆਰਪੁਰ ਟੀਮ ਨੇ ਇਤਿਹਾਸ ਰਚਦੇ ਹੋਏ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਦਾ ਫਾਈਨਲ ਮੁਕਾਬਲਾ 21 ਜੂਨ ਨੂੰ ਪਟਿਆਲਾ ਦੇ ਨਾਲ ਪੀ.ਸੀ.ਐਸ. ਸਟੇਡੀਅਮ ਚੰਡੀਗੜ੍ਹ ਵਿੱਚ ਖੇਡਿਆ ਜਾਵੇਗਾ। ਉਨ੍ਹਾਂ ਹੁਸ਼ਿਆਰਪੁਰ ਟੀਮ ਨੂੰ ਫਾਈਨਲ ਵਿੱਚ ਪਹੁੰਚਣ ‘ਤੇ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਅੱਗੇ ਵੀ ਚੰਗਾ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਫਾਈਨਲ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਐਚ.ਡੀ.ਸੀ.ਏ. ਪ੍ਰਧਾਨ ਡਾ. ਦਲਜੀਤ ਖੇਲਾ ਨੇ ਹੁਸ਼ਿਆਰਪੁਰ ਦੀ ਸੀਨੀਅਰ ਮਹਿਲਾ ਕ੍ਰਿਕਟ ਟੀਮ ਦੇ ਫਾਈਨਲ ਵਿੱਚ ਪਹੁੰਚਣ ‘ਤੇ ਖੁਸ਼ੀ ਜ਼ਾਹਰ ਕਰਦੇ ਹੋਏ ਟੀਮ ਨੂੰ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ਐਚ.ਡੀ.ਸੀ.ਏ. ਵੱਲੋਂ ਮਹਿਲਾ ਕੋਚ ਦਵਿੰਦਰ ਕੌਰ ਕਲਿਆਣ, ਸਹਾਇਕ ਕੋਚ ਨਿਕਿਤਾ ਕੁਮਾਰੀ ਦੀ ਦੇਖ-ਰੇਖ ਵਿੱਚ ਜਿਸ ਤਰ੍ਹਾਂ ਮਹਿਲਾ ਖਿਡਾਰੀਆਂ ਨੂੰ ਚੰਗੀ ਸਿਖਲਾਈ ਮੁਫ਼ਤ ਵਿੱਚ ਦਿੱਤੀ ਜਾਂਦੀ ਹੈ, ਉਸ ਨਾਲ ਉਨ੍ਹਾਂ ਨੇ ਹੋਰ ਮਹਿਲਾ ਖਿਡਾਰੀਆਂ ਨੂੰ ਵੀ ਕ੍ਰਿਕਟ ਵਿੱਚ ਮਿਹਨਤ ਕਰਕੇ ਹੁਸ਼ਿਆਰਪੁਰ ਦਾ ਨਾਂ ਰੌਸ਼ਨ ਕਰਨ ਦੀ ਅਪੀਲ ਕੀਤੀ। ਹੁਸ਼ਿਆਰਪੁਰ ਟੀਮ ਦੇ ਫਾਈਨਲ ਵਿੱਚ ਪਹੁੰਚਣ ‘ਤੇ ਐਚ.ਡੀ.ਸੀ.ਏ. ਜੁਆਇੰਟ ਸਕੱਤਰ ਵਿਵੇਕ ਸਾਨੀ, ਠਾਕੁਰ ਯੋਗਰਾਜ, ਚੇਅਰਮੈਨ ਟੂਰਨਾਮੈਂਟ ਕਮੇਟੀ ਪੰਕਜ ਸ਼ਿਵ, ਸੁਭਾਸ਼ ਸ਼ਰਮਾ, ਜਤਿੰਦਰ ਸੂਦ ਤੋਂ ਇਲਾਵਾ ਸਮੂਹ ਐਸੋਸੀਏਸ਼ਨ ਮੈਂਬਰਾਂ ਨੇ ਟੀਮ ਨੂੰ ਵਧਾਈ ਦਿੱਤੀ। ਹੁਸ਼ਿਆਰਪੁਰ ਦੇ ਫਾਈਨਲ ਵਿੱਚ ਪਹੁੰਚਣ ‘ਤੇ ਸੀਨੀਅਰ ਖਿਡਾਰੀ ਅਮਿਤ ਠਾਕੁਰ, ਕਰਨਵੀਰ, ਅਰਜੁਨ ਕੁਮਾਰ, ਸਤਪ੍ਰੀਤ ਸਾਬੀ, ਦਲਜੀਤ ਸਿੰਘ, ਅਤੁਲ ਠਾਕੁਰ ਅਤੇ ਕੋਚ ਤਾਰਾ ਚੰਦ ਆਦਿ ਨੇ ਵੀ ਟੀਮ ਨੂੰ ਵਧਾਈ ਦਿੱਤੀ।
ਸੈਮੀਫਾਈਨਲ ਮੈਚ ਵਿੱਚ ਪੀ.ਸੀ.ਏ. ਦੇ ਸਾਰੇ ਮਹਿਲਾ ਸਲੈਕਟਰ ਮੌਜੂਦ ਰਹੇ
ਐਚ.ਡੀ.ਸੀ.ਏ. ਦੇ ਜ਼ਿਲ੍ਹਾ ਕੋਚ ਦਲਜੀਤ ਸਿੰਘ, ਜ਼ਿਲ੍ਹਾ ਟ੍ਰੇਨਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਕੁਲਦੀਪ ਧਾਮੀ, ਪ੍ਰਵੀਨ ਸ਼ਿੰਟੂ, ਕੋਚ ਅਸ਼ੋਕ ਕੁਮਾਰ, ਕੋਚ ਦਿਨੇਸ਼ ਸ਼ਰਮਾ, ਕੋਚ ਪੰਕਜ ਪਿੰਕਾ ਅਤੇ ਗਰਾਊਂਡਮੈਨ ਸੋਢੀ ਰਾਮ ਨੇ ਟੀਮ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਫਾਈਨਲ ਮੈਚ ਲਈ ਸ਼ੁਭਕਾਮਨਾਵਾਂ ਦਿੱਤੀਆਂ। ਹੁਸ਼ਿਆਰਪੁਰ ਦੇ ਫਾਈਨਲ ਵਿੱਚ ਪਹੁੰਚਣ ‘ਤੇ ਪ੍ਰਧਾਨ ਦਲਜੀਤ ਖੇਲਾ ਨੇ ਕਿਹਾ ਕਿ ਐਚ.ਡੀ.ਸੀ.ਏ. ਵੱਲੋਂ ਜਲਦ ਹੀ ਇੱਕ ਸਮਾਰੋਹ ਕਰਕੇ ਹੁਸ਼ਿਆਰਪੁਰ ਦੀ ਸੀਨੀਅਰ ਵੂਮੈਨ ਟੀਮ, ਅੰਡਰ-16 ਲੜਕਿਆਂ ਦੀ ਟੀਮ ਅਤੇ ਅੰਡਰ-15 ਲੜਕੀਆਂ ਦੀ ਟੀਮ ਦੁਆਰਾ ਪੀ.ਸੀ.ਏ. ਦੁਆਰਾ ਕਰਵਾਏ ਜਾ ਰਹੇ ਇੰਟਰ-ਡਿਸਟ੍ਰਿਕਟ ਟੂਰਨਾਮੈਂਟ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਵਿਸ਼ੇਸ਼ ਸਥਾਨ ਹਾਸਲ ਕਰਨ ‘ਤੇ ਸਨਮਾਨਿਤ ਕੀਤਾ ਜਾਵੇਗਾ। ਐਚ.ਡੀ.ਸੀ.ਏ. ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਸੈਮੀਫਾਈਨਲ ਮੈਚ ਵਿੱਚ ਪੀ.ਸੀ.ਏ. ਦੇ ਸਾਰੇ ਮਹਿਲਾ ਸਲੈਕਟਰ ਮੌਜੂਦ ਰਹੇ।

