• ਮੀਰੀ ਪੀਰੀ ਸੇਵਾ ਸਿਮਰਨ ਕਲੱਬ ਨੇ ਠੰਡੇ ਮਿੱਠੇ ਜਲ ਦੀ ਲਗਾਈ ਛਬੀਲ
ਹੁਸ਼ਿਆਰਪੁਰ, 18 ਜੂਨ (ਤਰਸੇਮ ਦੀਵਾਨਾ ) – ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟਿੱਬਾ ਸਾਹਿਬ ਸੇਵਾ ਸਿਮਰਨ ਸਭਾ, ਮੀਰੀ ਪੀਰੀ ਸੇਵਾ ਸਿਮਰਨ ਕਲੱਬ, ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਅਤੇ ਨਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ ਮਹਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਵਿਖੇ ਮਨਾਇਆ ਗਿਆ | ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਸਜਾਏ ਗਏ ਵਿਸ਼ੇਸ਼ ਕੀਰਤਨ ਦੀਵਾਨ ਵਿੱਚ ਭਾਈ ਬਰਿੰਦਰ ਸਿੰਘ ਸ਼ੇਰਗੜ੍ਹ ਵਾਲੇ, ਭਾਈ ਸਤਿੰਦਰ ਸਿੰਘ ਆਲਮ ਹਜੂਰੀ ਰਾਗੀ ਅਤੇ ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਦੇ ਬੱਚਿਆਂ ਦੀ ਜਥਿਆਂ ਵੱਲੋਂ ਇਲਾਹੀ ਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ |
ਇਸ ਮੌਕੇ ਕਥਾ ਵਾਚਕ ਗਿਆਨੀ ਜਸਵਿੰਦਰ ਸਿੰਘ ਪਰਮਾਰ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਗੁਰ ਇਤਿਹਾਸ ਦੀ ਸਾਂਝ ਪਾਈ | ਇਸ ਤੋਂ ਇਲਾਵਾ ਕਾਕਾ ਸਤਵਿੰਦਰ ਸਿੰਘ, ਕਾਕਾ ਪਰਮਿੰਦਰ ਸਿੰਘ, ਹਰਭਜਨ ਸਿੰਘ, ਰਣਵੀਰ ਸਿੰਘ ਰਾਣਾ ਅਤੇ ਬੀਬੀ ਹਰਦੀਪ ਕੌਰ ਵੱਲੋਂ ਸ਼ਬਦ ਅਤੇ ਗੁਰੂ ਸਾਹਿਬ ਦੀ ਸ਼ਹਾਦਤ ਨਾਲ ਸੰਬੰਧਿਤ ਕਵਿਤਾ ਗਾਇਨ ਕੀਤਾ |
ਸੰਗਤਾਂ ਦੀ ਗੁਰਧਾਮਾਂ ਦੀ ਯਾਤਰਾ ਕਰਵਾਉਣ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ
ਇਸ ਮੌਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ 45 ਦਿਨਾਂ ਵਾਹਿਗੁਰੂ ਨਾਮ ਸਿਮਰਨ ਦੀ ਲੜੀ ਵਿੱਚ ਭਾਗ ਲੈਣ ਵਾਲੀਆਂ ਸੰਗਤਾਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਇਹਨਾਂ ਸੰਗਤਾਂ ਦੀ ਗੁਰਧਾਮਾਂ ਦੀ ਯਾਤਰਾ ਕਰਵਾਉਣ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ |
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਦਰਸ਼ਨ ਸਿੰਘ ਪਲਾਹਾ ਜਸਵਿੰਦਰ ਸਿੰਘ ਪਰਮਾਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਦੀ ਸੇਵਾ ਗੁਰਬਿੰਦਰ ਸਿੰਘ ਪਲਾਹਾ ਵੱਲੋਂ ਨਿਭਾਈ ਗਈ | ਇਸ ਮੌਕੇ ਸਰਬਜੀਤ ਸਿੰਘ ਬਡਵਾਲ ਚੇਅਰਮੈਨ ਮੀਰੀ ਪੀਰੀ ਸੇਵਾ ਸਿਮਰਨ ਕਲੱਬ, ਪ੍ਰਿੰਸੀਪਲ ਬਲਵੀਰ ਸਿੰਘ ਸੈਣੀ ਜਨਰਲ ਸਕੱਤਰ, ਹਰਬੰਸ ਸਿੰਘ ਸੈਬ,ਗੁਰਦੀਪ ਸਿੰਘ ਸੈਬ, ਗੁਰਦੇਵ ਸਿੰਘ ਮੰਡੀ ਬੋਰਡ,ਸਤਪਾਲ ਸਿੰਘ ਭੋਗਲ,ਹਰਬਖਸ਼ਪਾਲ ਸਿੰਘ, ਕੁਲਵਿੰਦਰ ਕੌਰ ਪਰਮਾਰ, ਲਵਲੀਨ ਕੌਰ ਪਰਮਾਰ, ਸੰਤੋਸ਼ ਕੌਰ ਪਰਮਾਰ,ਹਰਦੀਪ ਕੌਰ ਨਿੱਜਰ,ਅਮਰੀਕ ਸਿੰਘ ਰੀਹਲ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤਾ ਹਾਜ਼ਰ ਸਨ। ਸਮਾਗਮ ਦੌਰਾਨ ਮੀਰੀ ਪੀਰੀ ਸੇਵਾ ਸਿਮਰਨ ਕਲੱਬ ਹੁਸ਼ਿਆਰਪੁਰ ਵੱਲੋ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ |

