-ਜ਼ਿਲ੍ਹਾ ਰੋਪੜ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾ ਕੇ ਅੰਕ ਪ੍ਰਾਪਤ ਕੀਤੇ 4
ਹੁਸ਼ਿਆਰਪੁਰ 11 ਜੂਨ (ਤਰਸੇਮ ਦੀਵਾਨਾ) – ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਅੰਤਰ ਜ਼ਿਲ੍ਹਾ ਸੀਨੀਅਰ ਵੂਮੈਨ ਕ੍ਰਿਕਟ ਟੂਰਨਾਮੈਂਟ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ ਜ਼ਿਲ੍ਹਾ ਰੋਪੜ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਹਾਸਲ ਕਰਦਿਆਂ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚ.ਡੀ.ਸੀ.ਏ. ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ 50-50 ਓਵਰਾਂ ਦੇ ਇਸ ਮੈਚ ਵਿੱਚ ਰੋਪੜ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਹੁਸ਼ਿਆਰਪੁਰ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਰੋਪੜ ਦੀ ਟੀਮ 27.4 ਓਵਰਾਂ ਵਿੱਚ ਸਿਰਫ਼ 69 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਜਿਸ ਵਿੱਚ ਚਹਿਲਪ੍ਰੀਤ ਕੌਰ ਨੇ 21 ਦੌੜਾਂ ਤੇ ਐਸ਼ਮੀਨ ਕੌਰ ਨੇ 12 ਦੌੜਾਂ ਦਾ ਯੋਗਦਾਨ ਪਾਇਆ। ਹੁਸ਼ਿਆਰਪੁਰ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਅੰਜਲੀ ਸੀਮਰ ਤੇ ਮਨਪ੍ਰੀਤ ਓਲਖ ਨੇ 2-2 ਵਿਕਟਾਂ ਅਤੇ ਵੰਸ਼ਿਕਾ, ਧਰੁਵਿਕਾ ਸੇਠ ਤੇ ਸੰਜਨਾ ਨੇ 1-1 ਖਿਡਾਰੀ ਨੂੰ ਆਊਟ ਕੀਤਾ।
50 ਓਵਰਾਂ ਵਿੱਚ ਜਿੱਤ ਲਈ 70 ਦੌੜਾਂ ਦਾ ਟੀਚਾ ਲੈ ਕੇ ਬੱਲੇਬਾਜ਼ੀ ਕਰਨ ਉਤਰੀ ਹੁਸ਼ਿਆਰਪੁਰ ਦੀ ਟੀਮ ਨੇ ਸ਼ਿਵਾਨੀ ਦੇ ਨਾਬਾਦ 30 ਦੌੜਾਂ ਦੀ ਬਦੌਲਤ 18.5 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 70 ਦੌੜਾਂ ਬਣਾ ਕੇ 5 ਵਿਕਟਾਂ ਨਾਲ ਇਹ ਮੈਚ ਜਿੱਤ ਕੇ ਟੂਰਨਾਮੈਂਟ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਡਾ. ਘਈ ਨੇ ਦੱਸਿਆ ਕਿ ਸ਼ਿਵਾਨੀ ਤੋਂ ਇਲਾਵਾ ਹੁਸ਼ਿਆਰਪੁਰ ਵੱਲੋਂ ਨਿਰੰਕਾ ਨੇ 10 ਤੇ ਅਨੰਨਿਆ ਠਾਕੁਰ ਨੇ ਨਾਬਾਦ 11 ਦੌੜਾਂ ਦਾ ਯੋਗਦਾਨ ਪਾਇਆ। ਰੋਪੜ ਵੱਲੋਂ ਗੇਂਦਬਾਜ਼ੀ ਕਰਦਿਆਂ ਹਰਲੀਨ ਕੌਰ ਨੇ 3 ਤੇ ਗੁਨੀਤ ਕੌਰ ਨੇ ਹੁਸ਼ਿਆਰਪੁਰ ਦੇ 2 ਖਿਡਾਰੀਆਂ ਨੂੰ ਆਊਟ ਕੀਤਾ। ਉਨ੍ਹਾਂ ਨੇ ਦੱਸਿਆ ਕਿ ਹੁਸ਼ਿਆਰਪੁਰ ਟੀਮ ਆਪਣਾ ਅੰਤਿਮ ਲੀਗ ਮੈਚ 13 ਜੂਨ ਨੂੰ ਨਵਾਂਸ਼ਹਿਰ ਨਾਲ ਨਵਾਂਸ਼ਹਿਰ ਵਿੱਚ ਖੇਡੇਗੀ।
ਹੁਸ਼ਿਆਰਪੁਰ ਦੀ ਜਿੱਤ ‘ਤੇ ਐਚ.ਡੀ.ਸੀ.ਏ. ਪ੍ਰਧਾਨ ਡਾ. ਦਲਜੀਤ ਖੇਲਾ ਨੇ ਟੀਮ ਨੂੰ ਕੁਆਰਟਰ ਫਾਈਨਲ ਵਿੱਚ ਪਹੁੰਚਣ ‘ਤੇ ਵਧਾਈ ਦਿੰਦਿਆਂ ਉਨ੍ਹਾਂ ਨੂੰ ਅਗਲੇ ਮੈਚਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਹੁਸ਼ਿਆਰਪੁਰ ਟੀਮ ਦੀ ਜਿੱਤ ‘ਤੇ ਐਚ.ਡੀ.ਸੀ.ਏ. ਸੰਯੁਕਤ ਸਕੱਤਰ ਵਿਵੇਕ ਸਾਹਨੀ, ਠਾਕੁਰ ਯੋਗਰਾਜ, ਜਤਿੰਦਰ ਸੂਦ, ਸੁਭਾਸ਼ ਸ਼ਰਮਾ, ਅਮਿਤ ਠਾਕੁਰ ਤੋਂ ਇਲਾਵਾ ਸਾਰੇ ਐਚ.ਡੀ.ਸੀ.ਏ. ਅਹੁਦੇਦਾਰਾਂ ਨੇ ਟੀਮ ਨੂੰ ਵਧਾਈ ਦਿੱਤੀ। ਹੁਸ਼ਿਆਰਪੁਰ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ‘ਤੇ ਟੀਮ ਕੋਚ ਦਵਿੰਦਰ ਕੌਰ ਕਲਿਆਣ, ਜੂਨੀਅਰ ਕੋਚ ਨਿਕਿਤਾ ਕੁਮਾਰੀ, ਜ਼ਿਲ੍ਹਾ ਕੋਚ ਦਲਜੀਤ ਸਿੰਘ, ਪ੍ਰਵੀਨ ਸ਼ਿੰਟੂ, ਪੰਕਜ ਪਿੰਕਾ, ਦਿਨੇਸ਼ ਸ਼ਰਮਾ, ਅਸ਼ੋਕ ਸ਼ਰਮਾ ਆਦਿ ਨੇ ਵੀ ਟੀਮ ਨੂੰ ਵਧਾਈ ਦਿੰਦਿਆਂ ਅਗਲੇ ਮੈਚਾਂ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਹੁਸ਼ਿਆਰਪੁਰ ਸੀਨੀਅਰ ਵੂਮੈਨ ਟੀਮ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ‘ਤੇ ਡਾ. ਰਮਨ ਘਈ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਹੁਸ਼ਿਆਰਪੁਰ ਦੀ ਵੂਮੈਨ ਕ੍ਰਿਕਟ ਦਾ ਭਵਿੱਖ ਉਜਵਲ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਮਿਹਨਤ ਤੇ ਲਗਨ ਨਾਲ ਬੱਚੀਆਂ ਕ੍ਰਿਕਟ ਦੀਆਂ ਬਾਰੀਕੀਆਂ ਸਿੱਖ ਕੇ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਕੋਈ ਖਿਡਾਰਨ ਮਹਿਲਾ ਆਈ.ਪੀ.ਐਲ. ਅਤੇ ਰਾਸ਼ਟਰੀ ਟੀਮ ਵਿੱਚ ਆਪਣੀ ਜਗ੍ਹਾ ਬਣਾਏਗੀ। ਉਨ੍ਹਾਂ ਨੇ ਕ੍ਰਿਕਟ ਵਿੱਚ ਰੁਚੀ ਰੱਖਣ ਵਾਲੀਆਂ ਸਾਰੀਆਂ ਖਿਡਾਰਨਾਂ ਤੋਂ ਆਵਾਹਨ ਕੀਤਾ ਕਿ ਉਹ ਐਚ.ਡੀ.ਸੀ.ਏ. ਸੈਂਟਰ ਵਿੱਚ ਆ ਕੇ ਚੰਗਾ ਅਭਿਆਸ ਕਰਕੇ ਕ੍ਰਿਕਟ ਵਿੱਚ ਆਪਣਾ ਚੰਗਾ ਭਵਿੱਖ ਬਣਾ ਸਕਦੀਆਂ ਹਨ। ਉਨ੍ਹਾਂ ਨੇ ਹੁਸ਼ਿਆਰਪੁਰ ਟੀਮ ਨੂੰ ਕੁਆਰਟਰ ਫਾਈਨਲ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

