ਹੁਸ਼ਿਆਰਪੁਰ 5 ਜੂਨ ( ਤਰਸੇਮ ਦੀਵਾਨਾ ) – ਅੱਜ ਪੂਰੇ ਸੂਬੇ ਵਿੱਚ ‘ਵਿਸ਼ਵ ਵਾਤਾਵਰਨ ਦਿਵਸ’ ਬੜੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਸਰਕਾਰੀ ਵਿਭਾਗਾਂ, ਗੈਰ-ਸਰਕਾਰੀ ਸੰਸਥਾਵਾਂ (ਐਨਜੀਉ ), ਸਕੂਲਾਂ ਅਤੇ ਕਾਲਜਾਂ ਵੱਲੋਂ ਵਾਤਾਵਰਨ ਦੀ ਸੰਭਾਲ ਦਾ ਹੋਕਾ ਦਿੰਦੇ ਹੋਏ ਕਈ ਜਾਗਰੂਕਤਾ ਪ੍ਰੋਗਰਾਮ ਅਤੇ ਪੌਦੇ ਲਗਾਉਣ ਦੀਆਂ ਮੁਹਿੰਮਾਂ ਵੀ ਚਲਾਈਆਂ ਗਈਆਂ। ਇਹ ਸ਼ਬਦ “ਹਿਜ਼ ਐਕਸਲੈਂਟ ਇੰਸਟੀਚਿਊਟ” ਅਤੇ “ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੱਗਰਾਂ” ਹੁਸ਼ਿਆਰਪੁਰ ਦੇ ਐਮ.ਡੀ. ਡਾ. ਆਸ਼ੀਸ਼ ਸਰੀਨ ਨੇ ਕੁਝ ਚੌਣਵੇਂ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਸਾਂਝੇ ਕੀਤੇ !
ਉਹਨਾਂ ਕਿਹਾ ਕਿ ਧਰਤੀ ਨੂੰ ਬਚਾਉਣ ਲਈ ਸਾਨੂੰ ਸਾਂਝੇ ਹੰਭਲੇ ਮਾਰਨ ਦੀ ਮੁੱਖ ਲੋੜ ਹੈ ਉਹਨਾਂ ਸੂਬੇ ਵਿੱਚ ਵੱਧ ਰਹੇ ਪ੍ਰਦੂਸ਼ਣ, ਗਲੋਬਲ ਵਾਰਮਿੰਗ ਅਤੇ ਘੱਟ ਰਹੇ ਜੰਗਲਾਂ ‘ਤੇ ਡੂੰਘੀ ਚਿੰਤਾ ਪ੍ਰਗਟਾਈ। ਉਹਨਾਂ ਕਿਹਾ ਕਿ ਜੇਕਰ ਅਸੀਂ ਅੱਜ ਵੀ ਪਾਣੀ ਦੀ ਦੁਰਵਰਤੋਂ ਅਤੇ ਪਲਾਸਟਿਕ ਦੇ ਕੂੜੇ ਨੂੰ ਨਾ ਰੋਕਿਆ, ਤਾਂ ਆਉਣ ਵਾਲੀਆਂ ਨਸਲਾਂ ਨੂੰ ਇਸਦਾ ਭਾਰੀ ਖ਼ਮਿਆਜ਼ਾ ਭੁਗਤਣਾ ਪਵੇਗਾ। ਉਹਨਾਂ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਦੀਆਂ ਸਾਂਝੀਆਂ ਥਾਵਾਂ, ਪਾਰਕਾਂ ਅਤੇ ਸੜਕਾਂ ਦੇ ਕਿਨਾਰੇ ਛਾਂਦਾਰ ਅਤੇ ਫਲਦਾਰ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਸਕੂਲਾਂ ਵਿੱਚ ਬੱਚਿਆਂ ਦੇ ਪੋਸਟਰ ਮੇਕਿੰਗ, ਭਾਸ਼ਣ ਅਤੇ ਲੇਖ ਮੁਕਾਬਲੇ ਕਰਵਾਉਣੇ ਚਾਹੀਦੇ ਹਨ ਤਾਂ ਜੋ ਨਵੀਂ ਪੀੜ੍ਹੀ ਨੂੰ ਕੁਦਰਤ ਨਾਲ ਜੋੜਿਆ ਜਾ ਸਕੇ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਿੰਗਲ-ਯੂਜ਼ ਪਲਾਸਟਿਕ ਤਿਆਗਕੇ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ! ਉਹਨਾਂ ਕਿਹਾ ਕਿ ਸਿਰਫ਼ ਪੌਦੇ ਲਗਾਉਣਾ ਹੀ ਕਾਫ਼ੀ ਨਹੀਂ ਹੈ, ਸਗੋਂ ਉਨ੍ਹਾਂ ਦੇ ਵੱਡੇ ਹੋਣ ਤੱਕ ਉਨ੍ਹਾਂ ਦੀ ਸੰਭਾਲ ਕਰਨਾ ਅਤੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣਾ ਵੀ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ।

