– ਹੋਣਹਾਰ ਕ੍ਰਿਕਟਰ ਕ੍ਰਿਸ਼ ਭਗਤ ਦਾ ਜਲੰਧਰ ਪੁੱਜਣ ’ਤੇ ਨਿੱਘਾ ਸਵਾਗਤ
– ਕਿਹਾ, ਪੰਜਾਬ ਸਰਕਾਰ ਨੇ ਸੂਬੇ ‘ਚ ਪੈਦਾ ਕੀਤਾ ਖੇਡ ਸਭਿਆਚਾਰ
ਜਲੰਧਰ 25 ਮਈ (ਜਸਵਿੰਦਰ ਸਿੰਘ ਆਜ਼ਾਦ)- ਹੋਣਹਾਰ ਕ੍ਰਿਕਟ ਖਿਡਾਰੀ ਕ੍ਰਿਸ਼ ਭਗਤ ਦਾ ਅੱਜ ਜਲੰਧਰ ਸਥਿਤ ਆਪਣੇ ਨਿਵਾਸ ’ਤੇ ਪਹੁੰਚਣ ’ਤੇ ਪਰਿਵਾਰਕ ਮੈਂਬਰਾਂ, ਇਲਾਕਾ ਵਾਸੀਆਂ ਅਤੇ ਕ੍ਰਿਕਟ ਪ੍ਰੇਮੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ, ਜੋ ਕਿ ਰਿਸ਼ਤੇ ਵਿੱਚ ਕ੍ਰਿਸ਼ ਭਗਤ ਦੇ ਤਾਇਆ ਜੀ ਹਨ, ਨੇ ਕਿਹਾ ਕਿ ਕ੍ਰਿਸ਼ ਭਗਤ ਨੇ ਆਪਣੀ ਮਿਹਨਤ, ਲਗਨ ਅਤੇ ਪ੍ਰਤਿਭਾ ਨਾਲ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਕ੍ਰਿਸ਼ ਨੇ ਨਾ ਸਿਰਫ਼ ਜਲੰਧਰ ਦਾ ਮਾਣ ਵਧਾਇਆ ਹੈ, ਸਗੋਂ ਸੂਬੇ ਦੇ ਨੌਜਵਾਨਾਂ ਲਈ ਵੀ ਪ੍ਰੇਰਨਾ ਸਰੋਤ ਬਣੇ ਹਨ ਕਿ ਸਖ਼ਤ ਮਿਹਨਤ ਨਾਲ ਕੋਈ ਵੀ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ।
ਕੈਬਨਿਟ ਮੰਤਰੀ ਨੇ ਕ੍ਰਿਸ਼ ਨੂੰ ਆਸ਼ੀਰਵਾਦ ਦਿੰਦਿਆਂ ਵਧਾਈ ਦਿੱਤੀ ਕਿ ਉਨ੍ਹਾਂ ਨੂੰ ਆਈ.ਪੀ.ਐਲ. ਵਿੱਚ ਮੁੰਬਈ ਇੰਡੀਅਨਜ਼ ਅਤੇ ਵਿਸ਼ਵ ਪੱਧਰੀ ਖਿਡਾਰੀਆਂ ਨਾਲ ਖੇਡਣ ਦਾ ਮੌਕਾ ਮਿਲਿਆ। ਉਨ੍ਹਾਂ ਕ੍ਰਿਸ਼ ਭਗਤ ਦੀ ਹੌਸਲਾ ਅਫਜ਼ਾਈ ਕਰਦਿਆਂ ਆਸ ਪ੍ਰਗਟਾਈ ਕਿ ਉਹ ਦਿਨ ਦੂਰ ਨਹੀਂ, ਜਦੋਂ ਉਹ ਭਾਰਤੀ ਟੀਮ ਵਿੱਚ ਖੇਡਦੇ ਨਜ਼ਰ ਆਉਣਗੇ।
ਉਨ੍ਹਾਂ ਇਸ ਮੌਕੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ, ਪੰਜਾਬ ਕ੍ਰਿਕਟ ਐਸੋਸੀਏਸ਼ਨ ਤੋਂ ਇਲਾਵਾ ਉਨ੍ਹਾਂ ਅਕੈਡਮੀਆਂ ਅਤੇ ਕੋਚਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ, ਜਿਨ੍ਹਾਂ ਖਿਡਾਰੀ ਨੂੰ ਇਸ ਮੁਕਾਮ ’ਤੇ ਲਿਜਾਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।
ਇਸ ਮੌਕੇ ਕ੍ਰਿਸ਼ ਭਗਤ ਦੇ ਦਾਦਾ ਅਤੇ ਸਾਬਕਾ ਮੰਤਰੀ ਚੁੰਨੀ ਲਾਲ ਭਗਤ, ਪਿਤਾ ਅਸ਼ਵਨੀ ਭਗਤ, ਮਾਤਾ ਮਨੂੰ ਭਗਤ ਤੋਂ ਇਲਾਵਾ ਅਤੁਲ ਭਗਤ, ਚੰਦਨ ਭਗਤ, ਵਰੁਣ ਭਗਤ, ਸੁਮੇਸ਼, ਈਸ਼ਾ ਭਗਤ, ਪ੍ਰਗਤੀ ਭਗਤ, ਜਾਗ੍ਰਿਤੀ ਭਗਤ, ਲਕਸ਼ ਭਗਤ ਤੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਖੇਡ ਸਭਿਆਚਾਰ ਪੈਦਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਸਦਕਾ ਪੰਜਾਬ ਵਿੱਚ ਚੋਟੀ ਦੇ ਖਿਡਾਰੀਆਂ ਨੂੰ ਬਣਦਾ ਮਾਣ ਸਤਿਕਾਰ ਕੀਤਾ ਜਾ ਰਿਹਾ ਹੈ।

